ਲੁਧਿਆਣਾ ਪੁਲੀਸ ਨੇ ਲਹਿੰਬਰ ਸਣੇ 11 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ
ਜਗਰਾਉਂ/ਬਿਊਰੋ ਨਿਊਜ਼ :
ਜ਼ਿਲ੍ਹਾ ਲੁਧਿਆਣਾ ਦੀ ਦਿਹਾਤੀ ਪੁਲੀਸ ਨੇ ਪਿਛਲੇ ਲਗਭਗ 10 ਵਰ੍ਹਿਆਂ ਤੋਂ ਇਲਾਕੇ ਵਿੱਚ ਸਰਗਰਮ ਗੁਰਪ੍ਰੀਤ ਸਿੰਘ ਉਰਫ਼ ਲਹਿੰਬਰ ਗੈਂਗਸਟਰ ਨੂੰ ਸਾਥੀਆਂ ਸਮੇਤ ਫੜ ਲਿਆ ਹੈ। ਆਈਪੀਐਸ ਐਲ. ਕੇ. ਯਾਦਵ (ਆਈ.ਜੀ.ਪੀ. ਜ਼ੋਨ-2 ਜਲੰਧਰ) ਅਤੇ ਡੀਆਈਪੀ ਐਸ.ਕੇ.ਕਾਲੀਆ (ਆਈ. ਜੀ. ਲੁਧਿਆਣਾ ਰੇਂਜ) ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲੀਸ ਦੇ ਸੀਨੀਅਰ ਪੁਲੀਸ ਕਪਤਾਨ ਉਪਿੰਦਰਜੀਤ ਸਿੰਘ ਘੁੰਮਣ ਨੂੰ ਸੂਹ ਮਿਲੀ ਕਿ ਗੁਰਪ੍ਰੀਤ ਸਿੰਘ ਉਰਫ਼ ਲਹਿੰਬਰ ਪੁੱਤਰ ਪ੍ਰਿਥੀਪਾਲ ਸਿੰਘ ਵਾਸੀ ਸਲੇਮਪੁਰਾ (ਸਿੱਧਵਾਂ ਬੇਟ) ਆਪਣੇ ਸਾਥੀਆਂ ਨਾਲ ਪਿੰਡ ਗਾਲਿਬ ਕਲਾਂ ਵਿੱਚ ਗੋਪਾਲ ਸਿੰਘ ਦੇ ਘਰ ਬੈਠਾ ਹੋਇਆ ਹੈ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ ਵਿੱਚ ਹੈ। ਇਸ ਸੂਚਨਾ ਦੇ ਆਧਾਰ ‘ਤੇ ਉਪਿੰਦਰਜੀਤ ਸਿੰਘ ਘੁੰਮਣ ਨੇ ਡੀਐਸਪੀ ਰਛਪਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਥਾਣਾ ਸਦਰ ਦੇ ਇੰਚਾਰਜ ਹਰਪ੍ਰੀਤ ਸਿੰਘ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਰਾਜਨਪ੍ਰਮਿੰਦਰ ਸਿੰਘ ਦੀ ਅਗਵਾਈ ਹੇਠ ਇਲਾਕੇ ਵਿੱਚ ਨਾਕੇ ਲਾ ਕੇ ਸਬੰਧਤ ਥਾਂ ‘ਤੇ ਛਾਪਾ ਮਾਰਿਆ ਤੇ 11 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮੌਕੇ ਪੰਜ ਰਾਈਫਲਾਂ, 3 ਪਿਸਤੌਲ ਤੇ ਵੱਡੀ ਗਿਣਤੀ ਕਾਰਤੂਸ ਬਰਾਮਦ ਹੋਏ ਹਨ।
ਪੁਲੀਸ ਨੇ ਲਹਿੰਬਰ ਤੋਂ ਬਿਨਾਂ ਜਸਪ੍ਰੀਤ ਸਿੰਘ ਜੱਸਾ ਵਾਸੀ ਬਸੰਤ ਬਿਹਾਰ ਲੁਧਿਆਣਾ, ਸੰਜੀਵ ਕੁਮਾਰ ਉਰਫ਼ ਸੰਜੂ, ਕੁਲਵਿੰਦਰ ਸਿੰਘ ਵਾਸੀ ਬੱਧਨੀ (ਮੋਗਾ), ਹਰਜਿੰਦਰ ਸਿੰਘ ਉਰਫ਼ ਜਿੰਦਰ ਵਾਸੀ ਸ਼ਹਿਣਾ (ਬਰਨਾਲਾ), ਸੁਖਵੀਰ ਸਿੰਘ ਉਰਫ਼ ਸੁੱਖਾ ਵਾਸੀ ਧਰਮਕੋਟ (ਮੋਗਾ), ਦਵਿੰਦਰ ਉਰਫ਼ ਬਿੰਦਰ ਵਾਸੀ ਰਸੂਲਪੁਰ ਮੱਲ੍ਹਾ ਥਾਣਾ ਹਠੂਰ, ਲਖਵਿੰਦਰਪਾਲ ਸ਼ਰਮਾ ਉਰਫ਼ ਲੱਕੀ ਵਾਸੀ ਧਰਮਕੋਟ (ਮੋਗਾ), ਗੁਰਪ੍ਰੀਤ ਸਿੰਘ ਉਰਫ਼ ਦੀਪਾ ਗੁਰੂਸਰ ਕਾਉਂਕੇ, ਗੁਰਮਨਜੋਤ ਵਾਸੀ ਚਕਰ ਤੇ ਗੁਰਸੇਵਕ ਸਿੰਘ ਉਰਫ਼ ਗੋਗਾ ਵਾਸੀ ਬੱਦੋਵਾਲ ਥਾਣਾ ਦਾਖਾ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਸ੍ਰੀ ਯਾਦਵ ਨੇ ਆਖਿਆ ਕਿ ਮੁਲਜ਼ਮਾਂ ਤੋਂ ਮਿਲੇ ਅਸਲੇ ਦੀ ਪੜਤਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਗਰੋਹ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 40 ਦੇ ਕਰੀਬ ਕੇਸ ਦਰਜ ਹਨ ਅਤੇ ਲਹਿੰਬਰ ਕਰੀਬ ਤਿੰਨ ਮਹੀਨੇ ਪਹਿਲਾ ਜੇਲ੍ਹ ਵਿੱਚੋਂ ਬਾਹਰ ਆਇਆ ਹੈ। ਪੁਲੀਸ ਨੇ ਇਨ੍ਹਾਂ ਵਿਰੁੱਧ ਥਾਣਾ ਸਦਰ ਵਿੱਚ ਕੇਸ ਦਰਜ ਕਰਕੇ ਪੜਤਾਲ ਵਿੱਢ ਦਿੱਤੀ ਹੈ।
Comments (0)