ਟੈਂਕੀ ‘ਤੇ ਚੜ੍ਹੇ ਈ.ਟੀ.ਟੀ. ਅਧਿਆਪਕ ਦੀਪਕ ਨੂੰ ਆਖ਼ਰ ਨਿਯੁਕਤੀ ਪੱਤਰ ਮਿਲਿਆ

ਟੈਂਕੀ ‘ਤੇ ਚੜ੍ਹੇ ਈ.ਟੀ.ਟੀ. ਅਧਿਆਪਕ ਦੀਪਕ ਨੂੰ ਆਖ਼ਰ ਨਿਯੁਕਤੀ ਪੱਤਰ ਮਿਲਿਆ
ਕੈਪਸ਼ਨ-ਚੰਡੀਗੜ੍ਹ ਦੇ ਸੈਕਟਰ ਤਿੰਨ ਵਿੱਚ ਮੋਬਾਈਲ ਟਾਵਰ ਤੋਂ ਪੁਲੀਸ ਵੱਲੋਂ ਉਤਾਰੇ ਗਏ ਈਟੀਟੀ ਅਧਿਆਪਕ ਦੀਪਕ ਆਪਣੇ ਸਾਥੀਆਂ ਨਾਲ।

ਚੰਡੀਗੜ੍ਹ/ਬਿਊਰੋ ਨਿਊਜ਼ :
ਇੱਥੇ ਪੰਜਾਬ ਭਵਨ ਵਿਚਲੇ 100 ਫੁੱਟ ਉਚੇ ਟਾਵਰ ‘ਤੇ ਚੜ੍ਹਿਆ ਬੇਰੁਜ਼ਗਾਰ ਦੀਪਕ ਕੁਮਾਰ ਫਾਜ਼ਿਲਕਾ ਸਰਕਾਰ ਕੋਲੋਂ ਨਿਯੁਕਤੀ ਪੱਤਰ ਹਾਸਲ ਕਰਨ ਮਗਰੋਂ 51 ਦਿਨਾਂ ਬਾਅਦ ਟਾਵਰ ਤੋਂ ਹੇਠਾਂ ਉਤਰ ਗਿਆ ਹੈ।
ਪੰਜਾਬ ਸਰਕਾਰ ਪਿਛਲੇ ਕਈ ਦਿਨਾਂ ਤੋਂ ਦੀਪਕ ਨੂੰ ਨੌਕਰੀ ਦੇਣ ਦਾ ਭਰੋਸਾ ਦਿਵਾ ਕੇ ਹੇਠਾਂ ਉਤਾਰਨ ਲਈ ਯਤਨਸ਼ੀਲ ਸੀ ਪਰ ਉਸ ਨੇ ਦ੍ਰਿੜ੍ਹ ਨਿਸ਼ਚਾ ਕੀਤਾ ਸੀ ਕਿ ਉਹ ਨੌਕਰੀ ਹਾਸਲ ਕੀਤੇ ਬਿਨਾਂ ਹੇਠਾਂ ਨਹੀਂ ਉਤਰੇਗਾ। ਜਦੋਂ ਪੰਜਾਬ ਸਰਕਾਰ ਨੇ ਉਸ ਨੂੰ ਨਿਯੁਕਤੀ ਪੱਤਰ ਦੇਣ ਦਾ ਪੂਰਾ ਪ੍ਰਬੰਧ ਕੀਤਾ ਤਾਂ ਉਹ ਹੇਠਾਂ ਆਉਣ ਲਈ ਤਿਆਰ ਹੋ ਗਿਆ।
ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਜਲਾਲਾਬਾਦ ਹਲਕੇ ਦੇ ਪਿੰਡਾਂ ਵਿਚਲੀਆਂ ਪਾਣੀ ਦੀਆਂ 15 ਟੈਂਕੀਆਂ ਅਤੇ ਇੱਥੇ ਪੰਜਾਬ ਭਵਨ ਦੇ ਟਾਵਰ ਉਪਰ ਚੜ੍ਹਾਏ 42 ਬੇਰੁਜ਼ਗਾਰ ਲੜਕੇ ਤੇ ਲੜਕੀਆਂ ਦੇ ਬਲਬੂਤੇ ਲੜੇ ਸੰਘਰਸ਼ ਵਿੱਚ ਹਾਈ ਕਰੋਟ ਵੱਲੋਂ ਦਿੱਤੇ ਗਏ ਦਖ਼ਲ ਸਦਕਾ ਸਿੱਖਿਆ ਵਿਭਾਗ ਨੂੰ ਨਿਯੁਕਤੀ ਪੱਤਰ ਦੇਣ ਲਈ ਮਜਬੂਰ ਹੋਣਾ ਪਿਆ ਹੈ। ਦੱਸਣਯੋਗ ਹੈ ਕਿ ਦੀਪਕ ਫਾਜ਼ਿਲਕਾ ਅਤੇ ਰਾਕੇਸ਼ ਗੁਰਦਾਸਪੁਰ 3 ਨਵੰਬਰ ਨੂੰ ਹਾਈ ਸੁਰੱਖਿਆ ਵਾਲੇ ਪੰਜਾਬ ਭਵਨ ਦੇ ਟਾਵਰ ਉਪਰ ਚੜ੍ਹ ਕੇ ਨੌਕਰੀਆਂ ਦੇਣ ਦਾ ਹੋਕਾ ਦਿੰਦੇ ਆ ਰਹੇ ਸਨ ਅਤੇ ਇਸ ਦੌਰਾਨ ਸ੍ਰੀ ਬਾਦਲ ਨਾਲ ਹੋਈਆਂ ਮੀਟਿੰਗਾਂ ਮੌਕੇ ਸਬੰਧਤ ਅਧਿਕਾਰੀ ਮੰਗਾਂ ਮੰਨਣ ਤੋਂ ਇਨਕਾਰੀ ਸਨ। ਇਸ ਤੋਂ ਬਾਅਦ ਜਦੋਂ ਪੰਜਾਬ-ਹਰਿਆਣਾ ਦੇ ਕੁਝ ਜੱਜਾਂ ਨੇ ਖੁਦ ਨੋਟਿਸ ਲੈ ਕੇ ਇਹ ਮਾਮਲਾ ਹਾਈ ਕੋਰਟ ਵਿਚ ਲਿਆਂਦਾ ਤਾਂ ਸਰਕਾਰ ਨੂੰ ਤੁਰੰਤ ਨੌਕਰੀਆਂ ਦੇਣ ਲਈ ਮਜਬੂਰ ਹੋਣਾ ਪਿਆ ਹੈ। ਇਸ ਤੋਂ ਪਹਿਲਾਂ ਟਾਵਰ ‘ਤੇ ਚੜ੍ਹੇ ਰਾਕੇਸ਼ ਨੂੰ ਨਿਯੁਕਤੀ ਪੱਤਰ ਮਿਲਣ ‘ਤੇ ਹੀ ਉਹ ਹੇਠਾਂ ਆਇਆ ਸੀ।
ਈਟੀਟੀ ਟੈਟ ਪਾਸ ਕੁੱਲ 5360 ਦੇ ਕਰੀਬ ਉਮੀਦਵਾਰਾਂ ਵਿੱਚੋਂ ਸਰਕਾਰ ਵੱਲੋਂ ਹੁਣ ਤੱਕ ਪੰਜ ਹਜ਼ਾਰ ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਗਏ ਹਨ ਜਦਕਿ ਹੁਣ ਕੇਵਲ 350 ਬੇਰੁਜ਼ਗਾਰ ਹੀ ਬਚੇ ਹਨ। ਹਾਈ ਕੋਰਟ ਵੱਲੋਂ ਸਮੂਹ 6505 ਖਾਲੀ ਅਸਾਮੀਆਂ ਭਰਨ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਕਾਰਨ ਇਨ੍ਹਾਂ 350 ਬੇਰੁਜ਼ਗਾਰਾਂ ਨੂੰ ਵੀ ਨੌਕਰੀ ਮਿਲਣ ਦੇ ਪੂਰੇ ਆਸਾਰ ਹਨ। ਅੱਜ ਈਟੀਟੀ ਟੈਟ ਪਾਸ ਬੇਰੁਜ਼ਗਾਰ ਯੂਨੀਅਨ ਦੇ ਸੂਬਾਈ ਪ੍ਰਧਾਨ ਅਮਰਜੀਤ ਸਿੰਘ ਕੰਬੋਜ ਅਤੇ ਮੁੱਖ ਆਗੂ ਕਮਲ ਠਾਕੁਰ ਨੂੰ ਵੀ ਸਿੱਖਿਆ ਵਿਭਾਗ ਨੇ ਨਿਯੁਕਤੀ ਪੱਤਰ ਦੇ ਦਿੱਤੇ ਹਨ। ਸ੍ਰੀ ਕੰਬੋਜ ਨੇ ਦੱਸਿਆ ਕਿ ਜਲਾਲਾਬਾਦ ਹਲਕੇ ਦੀਆਂ 12 ਟੈਂਕੀਆਂ ਤੋਂ ਵੀ ਬੇਰੁਜ਼ਗਾਰ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਹੇਠਾਂ ਉਤਰ ਆਏ ਹਨ ਪਰ ਜਿਹੜੇ ਛੇ ਬੇਰੁਜ਼ਗਾਰਾਂ (ਦੋ ਲੜਕੀਆਂ ਤੇ ਚਾਰ ਲੜਕਿਆਂ) ਨੂੰ ਹਾਲੇ ਨੌਕਰੀਆਂ ਨਹੀਂ ਮਿਲੀਆਂ, ਉਹ ਤਿੰਨ ਟੈਂਕੀਆਂ ਉਪਰ ਡਟੇ ਹੋਏ ਹਨ। ਇਸੇ ਤਰ੍ਹਾਂ ਪਿੰਡ ਬਾਦਲ ਨੇੜੇ ਬੇਰੁਜ਼ਗਾਰਾਂ ਦਾ ਚੱਲ ਰਿਹਾ ਧਰਨਾ ਵੀ ਸਮੂਹ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿਵਾਉਣ ਤੱਕ ਜਾਰੀ ਰਹੇਗਾ।