ਬ੍ਰਿਟੇਨ ਵਿੱਚ ਸਿੱਖ ਮੋਟਰਸਾਈਕਲ ਸਵਾਰਾਂ ਨੇ ਮਨਾਏ ਹੈਲਮੇਟ ਛੋਟ ਦੇ 50 ਸਾਲ

ਬ੍ਰਿਟੇਨ ਵਿੱਚ ਸਿੱਖ ਮੋਟਰਸਾਈਕਲ ਸਵਾਰਾਂ ਨੇ ਮਨਾਏ ਹੈਲਮੇਟ ਛੋਟ ਦੇ 50 ਸਾਲ

ਮਾਨਚੈਸਟਰ, ਯੂ.ਕੇ.:

ਬਰਤਾਨੀਆ ਵਿੱਚ ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਅਤੇ ਮਾਣ ਵਾਲਾ ਦਿਨ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਲਗਭਗ 20 ਸਿੱਖ ਮੋਟਰਸਾਈਕਲ ਸਵਾਰਾਂ ਨੇ ਮੋਟਰਸਾਈਕਲ ਹੈਲਮੇਟ ਦੇ ਕਾਨੂੰਨ ਵਿੱਚ ਸਿੱਖਾਂ ਲਈ ਪੱਗ ਦੀ ਛੋਟ ਮਿਲਣ ਦੇ 50 ਸਾਲ ਪੂਰੇ ਹੋਣ 'ਤੇ ਇੱਕ ਯਾਦਗਾਰੀ ਰੈਲੀ ਕੱਢੀ। ਇਹ ਰੈਲੀ ਮਾਨਚੈਸਟਰ ਦੇ ਉਸ ਇਤਿਹਾਸਕ ਸਥਾਨ ਸਟ੍ਰੈਂਗਵੇਜ਼ ਜੇਲ੍ਹ ਤੋਂ ਸ਼ੁਰੂ ਕੀਤੀ ਗਈ। ਇਥੇ 1976 ਵਿੱਚ ਸਿੱਖ ਸੰਘਰਸ਼ਸ਼ੀਲ ਗਿਆਨੀ ਸੁੰਦਰ ਸਿੰਘ ਸਾਗਰ ਨੇ ਪੱਗ ਸਜਾਉਣ ਦੇ ਹੱਕ ਲਈ ਜੇਲ੍ਹ ਕੱਟੀ ਸੀ।ਇਹ ਦੱਖਣੀ ਮਾਨਚੈਸਟਰ ਵਿੱਚ ਸਥਿਤ ਸਿੱਖ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਜਾ ਕੇ ਸਮਾਪਤ ਹੋਈ।

​ਇਸ ਮੌਕੇ ਗਿਆਨੀ ਸੁੰਦਰ ਸਿੰਘ ਸਾਗਰ ਦੇ ਬੇਟੇ ਭਰਤ ਸਾਗਰ ਨੇ ਯਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ 1976 ਵਿੱਚ ਕ੍ਰੈਸ਼ ਹੈਲਮੇਟ ਦੀ ਬਜਾਏ ਦਸਤਾਰ ਸਜਾ ਕੇ ਮੋਪੇਡ ਚਲਾਉਣ ਕਾਰਨ ਲੱਗੇ ਜੁਰਮਾਨੇ ਭਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਵਿਰੋਧ ਵਿੱਚ ਉਨ੍ਹਾਂ ਨੇ ਸਟ੍ਰੈਂਗਵੇਜ਼ ਜੇਲ੍ਹ ਵਿੱਚ ਇੱਕ ਹਫ਼ਤਾ ਕੈਦ ਕੱਟੀ ਸੀ।

​ਇੱਕ ਹੋਰ ਬੇਟੇ ਉੱਜਲ ਸਿੰਘ, ਜੋ ਕਿ ਜੇਲ੍ਹ ਤੋਂ ਰਿਹਾਅ ਹੋਣ ਵੇਲੇ ਉੱਥੇ ਮੌਜੂਦ ਸਨ, ਨੇ ਕਿਹਾ ਕਿ 50 ਸਾਲਾਂ ਬਾਅਦ ਉਸੇ ਥਾਂ 'ਤੇ ਵਾਪਸ ਜਾਣਾ ਬਹੁਤ ਹੀ ਭਾਵੁਕ ਪਲ ਸੀ ਅਤੇ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪਿਤਾ ਦੀ ਵਿਰਾਸਤ ਅੱਜ ਵੀ ਜਿੰਦਾ ਹੈ। ਪਰਿਵਾਰ ਨੇ ਦੱਸਿਆ ਕਿ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਗਿਆਨੀ ਜੀ ਨੇ ਦੁਬਾਰਾ ਆਪਣਾ ਮੋਪੇਡ ਫੜ ਲਿਆ ਸੀ ਅਤੇ ਥੋੜ੍ਹੀ ਦੂਰੀ 'ਤੇ ਹੀ ਪੁਲਿਸ ਨੇ ਉਨ੍ਹਾਂ ਨੂੰ ਛੇ ਵਾਰ ਫਿਰ ਰੋਕ ਲਿਆ ਸੀ। ਰੈਲੀ ਦੌਰਾਨ ਗਿਆਨੀ ਜੀ ਦੇ ਉਸ ਸਮੇਂ ਦੇ ਮੋਪੇਡ ਦਾ ਇੱਕ ਮਾਡਲ ਵੀ ਪ੍ਰਦਰਸ਼ਿਤ ਕੀਤਾ ਗਿਆ।

​ਸਮਾਜ ਲਈ ਸਹਿਣਸ਼ੀਲਤਾ ਅਤੇ ਅਧਿਕਾਰਾਂ ਦੀ ਲੜਾਈ

​ਗਿਆਨੀ ਸੁੰਦਰ ਸਿੰਘ ਸਾਗਰ ਦੇ ਬੇਟੇ ਭਰਤ (67) ਨੇ ਕਿਹਾ ਕਿ ਉਹ ਇੱਕ ਸਿੱਖ ਹੋਣ 'ਤੇ ਅਤਿਅੰਤ ਮਾਣ ਮਹਿਸੂਸ ਕਰਦੇ ਹਨ, ਪਰ ਨਾਲ ਹੀ ਮਾਨਚੈਸਟਰ ਦਾ ਵਾਸੀ ਹੋਣ 'ਤੇ ਵੀ ਮਾਣ ਹੈ। ਉਨ੍ਹਾਂ ਕਿਹਾਕਿ ਮੈਨੂੰ ਲੱਗਦਾ ਹੈ ਕਿ ਇਹ ਜਿੰਨਾ ਇੱਕ ਸਿੱਖ ਮੁੱਦਾ ਹੈ, ਉਸ ਤੋਂ ਵੱਧ ਇਹ ਮਾਨਚੈਸਟਰ ਅਤੇ ਸਮੁੱਚੇ ਸਮਾਜ ਦਾ ਮੁੱਦਾ ਹੈ। ਇਹ ਸਹਿਣਸ਼ੀਲਤਾ ਅਤੇ ਇੱਕ ਬਿਹਤਰ, ਵਿਸ਼ਾਲ ਸਮਾਜ ਦੀ ਸਿਰਜਣਾ ਬਾਰੇ ਹੈ।"

ਦੱਸਣਯੋਗ ਹੈ ਕਿ ਗਿਆਨੀ ਜੀ ਨੇ ਸਿਰਫ਼ ਹੈਲਮੇਟ ਦੇ ਮੁੱਦੇ 'ਤੇ ਹੀ ਨਹੀਂ, ਸਗੋਂ ਇਸ ਤੋਂ ਪਹਿਲਾਂ ਵੀ ਲੰਬਾ ਸੰਘਰਸ਼ ਕੀਤਾ ਸੀ। ਵਰਦੀ ਦੇ ਨਿਯਮਾਂ ਕਾਰਨ ਮਾਨਚੈਸਟਰ ਬੱਸ ਕੰਡਕਟਰ ਦੀ ਨੌਕਰੀ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ 7 ਸਾਲ ਸੰਘਰਸ਼ ਕੀਤਾ ਸੀ। ਉਨ੍ਹਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਸਦਕਾ ਅਕਤੂਬਰ 1966 ਵਿੱਚ ਮਾਨਚੈਸਟਰ ਦੀ ਟਰਾਂਸਪੋਰਟ ਕਮੇਟੀ ਨੇ ਵਰਦੀ ਦੇ ਹਿੱਸੇ ਵਜੋਂ ਦਸਤਾਰ (ਪੱਗ) ਸਜਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੇ 1953 ਵਿੱਚ ਮਾਨਚੈਸਟਰ ਵਿੱਚ ਯੂਰਪ ਦੇ ਸਭ ਤੋਂ ਪਹਿਲੇ ਸਿੱਖ ਗੁਰਦੁਆਰਿਆਂ ਵਿੱਚੋਂ ਇੱਕ ਦੀ ਸਥਾਪਨਾ ਵਿੱਚ ਵੀ ਅਹਿਮ ਯੋਗਦਾਨ ਪਾਇਆ ਸੀ। ਇਸ ਸਾਲ ਜੂਨ ਵਿੱਚ ਓਲਡ ਟ੍ਰੈਫਡ ਵਿਖੇ ਉਨ੍ਹਾਂ ਦੇ ਪੁਰਾਣੇ ਘਰ 'ਤੇ ਇੱਕ 'ਬਲੂ ਪਲੇਕ'  ਲਗਾ ਕੇ ਉਨ੍ਹਾਂ ਦੇ ਯੋਗਦਾਨ ਨੂੰ ਮੁੜ ਸਨਮਾਨਿਤ ਕੀਤਾ ਗਿਆ ਸੀ।

 

​ਸਿੱਖ ਮੋਟਰਸਾਈਕਲ ਕਲੱਬ ਯੂ.ਕੇ. ਦੇ ਸੰਸਥਾਪਕ ਕੁਲਵੰਤ ਸਿੰਘ ਨੇ 1976 ਦੇ ਇਸ ਕਾਨੂੰਨ ਵਿੱਚ ਬਦਲਾਅ ਨੂੰ ਇੱਕ "ਮਹਾਨ ਪ੍ਰਾਪਤੀ" ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਇਸ ਇਤਿਹਾਸ ਅਤੇ ਸੰਘਰਸ਼ ਤੋਂ ਜਾਣੂ ਕਰਵਾਉਣਾ ਹੈ।ਉਨ੍ਹਾਂ ਨੇ ਕਿਹਾ ਕਿ ਅਸੀਂ ਸਿਰਫ਼ ਸਿੱਖਾਂ ਵਿੱਚ ਹੀ ਨਹੀਂ, ਸਗੋਂ ਗ਼ੈਰ-ਸਿੱਖਾਂ ਸਮਾਜ ਸਮੁੱਚੇ ਸਮਾਜ ਵਿੱਚ ਇੱਕ ਸਕਾਰਾਤਮਕ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਧਿਕਾਰਾਂ ਅਤੇ ਆਜ਼ਾਦੀ ਲਈ ਕੀਤਾ ਗਿਆ ਸੰਘਰਸ਼ ਕਿੰਨਾ ਮਹੱਤਵਪੂਰਨ ਹੁੰਦਾ ਹੈ।