ਪੰਜਾਬ ਵਿਧਾਨ ਸਭਾ : ਪਰਵਿੰਦਰ ਸਿੰਘ ਝੋਟਾ ਅਤੇ ਹੋਰਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ

ਪੰਜਾਬ ਵਿਧਾਨ ਸਭਾ : ਪਰਵਿੰਦਰ ਸਿੰਘ ਝੋਟਾ ਅਤੇ ਹੋਰਨਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ

ਚੰਡੀਗੜ੍ਹ/ਏ.ਟੀ.ਨਿਊਜ਼ : ਪੰਜਾਬ ਵਿਧਾਨ ਸਭਾ ਦੇ ਇਜਲਾਸ ਦੀ ਕਾਰਵਾਈ ਸ਼ੁਰੂ ਹੋਣ ’ਤੇ ਸਭ ਤੋਂ ਪਹਿਲਾਂ ਸਦਨ ਅੰਦਰ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਨ੍ਹਾਂ ’ਚ ਸਾਬਕਾ ਮੰਤਰੀ ਚੁੰਨੀ ਲਾਲ ਭਗਤ, ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ, ਸਾਬਕਾ ਵਿਧਾਇਕ ਰਣਜੀਤ ਸਿੰਘ ਅਤੇ ਪ੍ਰਸਿੱਧ ਡਾਕਟਰ ਡਾ. ਰਤਨ ਲਾਲ ਮਿੱਤਲ ਸ਼ਾਮਲ ਹਨ। ਇਸ ਦੇ ਨਾਲ ਹੀ ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ  ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਸੰਗਰੂਰ ’ਚ ਹਾਦਸੇ ਦੌਰਾਨ ਮਾਰੇ ਗਏ ਮਜ਼ਦੂਰਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਇਨ੍ਹਾਂ ਵਿੱਛੜੀਆਂ ਰੂਹਾਂ ਦੀ ਯਾਦ ’ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਦਨ ਦੀ ਕਰਾਵਾਈ ਭਲਕੇ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਹੁਣ ਵਿਧਾਨ ਸਭਾ ਦੀ ਕਾਰਵਾਈ ਭਲਕੇ ਸਵੇਰੇ 10 ਵਜੇ ਸ਼ੁਰੂ ਹੋਵੇਗੀ, ਜਿਸ ਦੌਰਾਨ ਵਿਧਾਨਿਕ ਕੰਮਕਾਰ ਹੋਵੇਗਾ।
ਇਸ ਇਜਲਾਸ ’ਚ ਜਨਤਾ ਦੀਆਂ ਸਮੱਸਿਆਵਾਂ, ਜ਼ਰੂਰੀ ਵਿਕਾਸ ਕਾਰਜਾਂ ਅਤੇ ਨਸ਼ੇ ਦੇ ਗੰਭੀਰ ਮੁੱਦੇ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਸੈਸ਼ਨ ਨੂੰ ਲੈ ਕੇ ਸੱਤਾ ਧਿਰ ਅਤੇ ਵਿਰੋਧੀ ਧਿਰ ਦੋਵਾਂ ਨੇ ਆਪਣੀ-ਆਪਣੀ ਰਣਨੀਤੀ ਤਿਆਰ ਕਰ ਲਈ ਹੈ। ਖ਼ਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦੇ ਅੰਤਿਮ ਵਿਧਾਨ ਸਭਾ ਸੈਸ਼ਨਾਂ ’ਚ ਸ਼ਾਮਲ ਹੋਣ ਕਾਰਨ ਇਸ ਵਾਰ ਦੀ ਕਾਰਵਾਈ ਸਿਆਸੀ ਨਜ਼ਰੀਏ ਤੋਂ ਵੀ ਅਹਿਮ ਮੰਨੀ ਜਾ ਰਹੀ ਹੈ। ਲੋਕਾਂ ਨਾਲ ਜੁੜੀਆਂ ਸਮੱਸਿਆਵਾਂ ਅਤੇ ਜ਼ਰੂਰੀ ਵਿਕਾਸ ਕਾਰਜਾਂ ਦੀ ਸੂਚੀ ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਹੈ।