ਨਰਿੰਦਰ ਮੋਦੀ ਦੇ ਨਾਮ ਖੁੱਲੀ ਚਿੱਠੀ।

ਨਰਿੰਦਰ ਮੋਦੀ ਦੇ ਨਾਮ ਖੁੱਲੀ ਚਿੱਠੀ।

ਸ਼੍ਰੀ ਮਾਨ 
                                                ਨਰਿੰਦਰ ਮੋਦੀ ਜੀ 
ਸੁਣਨ ਵਿੱਚ ਆਇਆ ਹੈ ਕਿ ਸਕੂਲੀ ਬੱਚੇ ਅਤੇ ਅਧਿਆਪਕ ਤੁਹਾਨੂੰ ਖ਼ਤ ਭੇਜ ਕੇ ਧਾਰਾ 370 ਖਤਮ ਕਰਨ ਲਈ ਧੰਨਵਾਦ ਕਰ ਰਹੇ ਹਨ। ਬਹੁਤ ਚੰਗਾ ਕਰ ਰਹੇ ਹਨ, ਸਰਕਾਰ ਦੇ ਹਰ ਫੈਸਲੇ ਸਲਾਹੁਣ ਯੌਗ ਹੀ ਤਾਂ ਹੁੰਦੇ ਹਨ। ਜੇ ਹੁਣ ਲੋਕ ਹੀ ਆਪਣੀਆਂ ਸਰਕਾਰਾਂ ਨੂੰ ਨਿੰਦਣ ਲੱਗ ਜਾਣਗੇ ਸਲਾਹੇਗਾ ਕੌਣ। ਤੁਹਾਡੀ ਹਕੂਮਤ ਦੇਖ ਕੇ ਲੱਗਦਾ ਹੈ ਕਿ ਅਸੀਂ ਇੰਗਲੈਡ ਤੋਂ ਪ੍ਰੇਰਿਤ ਹੋ ਕੇ ਚੱਲ ਰਹੇ ਹਾ, ਚੱਲਣਾ ਵੀ ਚਾਹੀਦਾ ਤਕੜੇ ਦੀ ਰੀਸ ਕੌਣ ਨਹੀਂ ਕਰਦਾ। ਜੇ ਅਸਲੀ ਰੇ ਬਨ ਨਾਂ ਸਹੀ ਤਾਂ ਮੇਲੇ 'ਚੋਂ ਲਈ 100 ਵਾਲੀ ਹੀ ਸਹੀ। ਮੇਰੇ ਯਾਦ ਆ 8 ਵੀਂ 'ਚ ਅਸੀਂ 1870 'ਚ ਅੰਗਰੇਜਾਂ ਵੱਲੋਂ ਲਾਗੂ ਕੀਤਾ 'ਰਾਜ-ਧ੍ਰੋਹੀ' ਐਕਟ ਪੜਿਆ ਸੀ, ਉਸ 'ਚ ਸਰਕਾਰ ਦੇ ਕੰਮ ਨਿੰਦਣ ਵਾਲਿਆਂ ਨੂੰ ਬਿਨ੍ਹਾਂ ਕਿਸੇ ਪੁੱਛ ਦੱਸ ਜਾਂ ਸਬੂਤ ਦੇ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਅੰਗਰੇਜਾਂ ਨੇ ਕਾਨੂੰਨ ਬਣਾਇਆ ਤਾਂ ਚੰਗਾ ਹੀ ਹੋਵੇਗਾ, ਜਿਵੇਂ ਮਹਿੰਗੀ ਐਨਕ ਬਿਹਤਰ ਹੀ ਹੁੰਦੀ ਹੈ ਏਸੇ ਲਈ ਅਸੀਂ ਉਸੇ ਦੀ  ਸਸਤੀ ਨਕਲ ਬਣਾ ਲਈ ਸੀ, ਉਵੇਂ ਹੀ ਅੰਗਰੇਜਾਂ ਦੇ ਕੰਮ ਬਿਹਤਰ ਹੀ ਹੋਣੇ ਤਾਂ ਹੀ ਅਸੀਂ ਅੱਜ ਉਹਨਾਂ ਦੀ ਰੀਸੇ  UAPA  ਬਨਾਉਣ ਲੱਗੇ ਹਾਂ।  
                    ਮੈਂ ਵੀ ਤੁਹਾਨੂੰ ਇੱਕ ਖਤ ਭੇਜਣ ਦਾ ਫੈਸਲਾ ਕੀਤਾ ਹੈ। ਮੈਂ ਚਾਹੁੰਦਾ ਹਾਂ ਤੁਸੀਂ ਇਹ ਖ਼ਤ ਮੰਗਵਾਉਣ ਦਾ ਕੰਮ ਹਰ ਨਾਗਰਿਕ ਨੂੰ ਦਵੋ, ਤੇ ਕਸ਼ਮੀਰ ਦੇ ਨਾਗਰਿਕਾਂ ਨੂੰ ਵੀ। ਸ਼ਾਇਦ ਉਹ ਇੰਜ ਹੀ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਪ੍ਰਗਟਾ ਸਕਣ, ਕਿਉਂਕਿ ਹੋਰ ਤਾਂ ਜੇ ਉਹ ਪ੍ਰਗਟਾਉਂਦੇ ਹਨ ਤਾਂ ਆਵਾਜ ਤੁਹਾਡੇ ਤੱਕ ਤਾਂ ਕੀ ਭਾਰਤ ਦੇ ਬਾਕੀ ਹਿੱਸੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਕੁਚਲ ਦਿੱਤੀ ਜਾਂਦੀ ਹੈ, ਸੁਣਿਆ ਹੈ ਕਿ ਬੀਤੇ ਕੱਲ ਪ੍ਰੈੱਸ ਕਲੱਬ ਆਫ ਇੰਡੀਆਂ ਵਿੱਚ ਜਦੋਂ ਕੁਝ ਮਨੁੱਖੀ ਅਧਿਕਾਰ ਦੇ ਲੋਕ ਕਸ਼ਮੀਰ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਸਨ ਤਾਂ ਤੁਹਾਡੀ ਹਕੂਮਤ ਦੇ ਹੁਕਮਾਂ ਅਨੁਸਾਰ ਉਹ ਦਿਖਾ ਨਹੀਂ ਸੀ ਸਕਦੇ, ਤੇ ਬੀ.ਬੀ.ਸੀ ਦੇ ਉੱਥੋਂ ਦੇ ਹਾਲਾਤ ਦਿਖਾਉਣ ਤੇ ਵੀ ਵਾਹਵਾ ਰੌਲਾ ਪਿਆ ਹੈ। ਰੌਲਾ ਪੈਣਾ ਵੀ ਚਾਹੀਦਾ ਹੈ ਇਵੇਂ ਕਿਵੇਂ ਕੋਈ ਆ ਕੇ ਮੁਜਾਹਰੇ ਕਰੇ, ਮਤਲਬ ਠੀਕ ਆ ਜੇ ਕਿਤੇ ਮੁਜਾਹਰੇ ਹੋ ਵੀ ਰਹੇ ਨੇ ਤਾਂ ਪੁਲਿਸ ਹੈ, ਫੌਜ ਹੈ। ਦੁਨੀਆਂ ਨੂੰ ਦੱਸਣ ਦਾ ਕੀ ਮਤਲਬ ਕਿ ਦੇਸ਼ ਵਿੱਚ ਕੀ ਹੋ ਰਿਹਾ।  ਮੈਂ ਸੱਚਮੁੱਚ ਸੋਚਦਾ ਹਾਂ ਕਿ ਤੁਸੀਂ ਕਿੰਨੇ ਸੰਵੇਦਨਸ਼ੀਲ ਹੋ, ਮੈਨੂੰ ਤੁਹਾਡੇ ਏਸ ਕਿਰਦਾਰ ਤੋਂ ਮੇਰੇ ਚਾਚੇ ਦੀ ਯਾਦ ਆਉਂਦੀ ਹੈ, ਉਹ ਮੁਰਗਾ ਖਾਣ ਦਾ ਬੜਾ ਸ਼ੌਕੀਨ ਸੀ ਤੇ ਚੱਸ ਨਾਲ ਖਾਂਦਾ ਸੀ। ਪਰ ਉਹ ਵੱਢੇ ਜਾਂਦੇ ਮੁਰਗੇ ਨੂੰ ਨਹੀਂ ਵੇਖ ਸਕਦਾ ਸੀ। ਬੜਾ ਸੰਵੇਦਨਸ਼ੀਲ ਸੀ ਉਹ ਮੁਰਗਿਆਂ ਪ੍ਰਤੀ। ਖ਼ੈਰ ਖ਼ਤ ਮੰਗਵਾਉਣ ਤੋਂ ਬਿਨ੍ਹਾਂ ਇੱਕ ਹੋਰ ਕੰਮ ਜੋ ਤੁਸੀਂ ਚੰਗਾ ਕੀਤਾ ਉਹ ਇਹ ਕਿ ਤੁਹਾਡੀ ਹਕੂਮਤ ਨੂੰ ਕੁਝ ਵੀ ਕਰਨ ਦਾ ਤਰੀਕਾ ਬਹੁਤ ਹੈ, ਤੁਸੀਂ ਬੜੇ ਤਰੀਕੇ ਨਾਲ ਕਸ਼ਮੀਰ ਨੂੰ ਖੁੱਲੀ ਜੇਲ ਬਣਾਇਆ ਅਤੇ ਇੱਕ ਕਾਨੂੰਨ ਲਾਗੂ ਕੀਤਾ ਅਤੇ ਹੁਣ ਸੁਣਿਆ ਹੈ ਕਿ ਉਹਨਾਂ ਤੋਂ ਸ਼ਾਂਤੀ ਦੀ ਭੀਖ ਮੰਗੀ ਜਾ ਰਹੀ ਹੈ। ਸਹੀ ਤਾਂ ਕੀਤਾ ਤੁਸੀਂ ਇੰਜ ਸਰਕਾਰ ਹਰੇਕ ਅੰਜੂ ਪੰਜੂ ਦੀ ਸੁਣਨ ਲਈ ਥੌੜਾ ਹੈ, ਆਖਿਰ ਸਰਕਾਰ ਦੇ ਵੀ ਕੋਈ ਕਾਇਦੇ ਹਨ। ਬੱਸ ਲੋਕ ਹਨ ਕਿ ਸਬਰ ਨਹੀਂ ਕਰਦੇ ਮੈਨੂੰ  ਸਾਡੇ ਪਿੰਡ ਦਾ ਮੁਰਗੇ ਵੱਢਣ ਵਾਲਾ ਵੀ ਯਾਦ ਆਉਂਦਾ ਹੈ, ਉਹ ਮੁਰਗਿਆਂ ਨੂੰ ਪਿੰਜਰੇ 'ਚ ਤਾੜ ਕੇ ਰੱਖਦਾ ਹੈ ਤੇ ਜਦ ਵੀ ਹਲਾਕ ਕਰਨ ਲਈ ਮੁਰਗਾ ਕੱਢਦਾ ਹੈ ਤਾਂ ਬਾਕੀ ਸਹਿਮ ਕੇ ਖੂੰਜਿਆਂ 'ਚ ਜਾ ਲੱਗਦੇ ਹਨ ਤੇ ਇੱਕ ਜਿਹੜਾ ਹੱਥ ਆਉਂਦਾ ਹੈ ਉਹ ਛੁੱਟਣ ਲਈ ਚੀਕ ਚਿਹਾੜਾ ਪਾਉਂਦਾ ਹੈ। ਤੇ ਮੁਰਗੇ ਵੱਢਣ ਵਾਲਾ ਹਰ ਮੁਰਗਾ ਵੱਢਣ ਵੇਲੇ ਕਹਿੰਦਾ ਹੈ, "ਭਲਿਆ ਮਾਣਸਾ, ਜਦ ਤੈਨੂੰ ਪਤੈ ਕਿ ਤੂੰ ਵੱਢਿਆ ਜਾਣਾ ਫਿਰ ਕਿਉਂ ਰੌਲਾ ਪਾ ਕੇ ਦੂਜਿਆਂ ਨੂੰ ਡਰਾਉਣ ਲੱਗਿਆਂ, ਆਰਾਮ ਨਾਲ ਵੱਢਿਆ ਨਹੀਂ ਜਾ ਸਕਦਾ।" ਤੇ ਉਹ ਮੁਰਗਾ ਵੱਢਦਾ ਵੀ ਬਾਕੀ ਮੁਰਗਿਆਂ ਤੋਂ ਉਹਲੇ 'ਚ ਹੈ. ਕਿਤੇ ਕੋਈ ਵੱਢੇ ਜਾਣ ਤੋਂ ਪਹਿਲਾਂ ਹੀ ਦਰਦ ਨਾ ਮਹਿਸੂਸ ਕਰੇ.
                       ਪਰ ਮੈਂ ਇਹਨਾਂ ਸਭ ਤੁੱਛ ਲੋਕਾਂ ਦਾ ਆਪਣੀ ਚਿੱਠੀ 'ਚ ਜ਼ਿਕਰ ਕਿਉਂ ਕਰ ਰਿਹਾ ਹਾਂ। ਮੈਨੂੰ ਚਾਹੀਦਾ ਹੈ ਕਿ ਹੁਣ ਤੁਹਾਡੀ ਇੱਕ ਕੰਮ ਲਈ ਸੱਚੀਓਂ ਡੰਡਾਉਤ ਕਰਾਂ। ਤੁਸੀਂ ਇਹ ਵੀ ਬੜਾ ਚੰਗਾ ਕੀਤਾ ਕਿ ਜਿੰਨ੍ਹਾਂ ਲੋਕਾਂ ਨੇ ਤੁਹਾਡੀ ਹਕੂਮਤ ਦੀ ਦਖ਼ਲਅੰਦਾਜੀ ਨੂੰ ਕਸ਼ਮੀਰ 'ਚ ਯਕੀਨੀ ਬਣਾਇਆ ਤੁਸੀਂ ਉਹਨਾਂ ਨੂੰ ਵੀ ਨਜ਼ਰਬੰਦ ਕਰ ਦਿੱਤਾ, ਚੰਗਾ ਹੀ ਕੀਤਾ। ਅਗਲੀਆਂ ਪੀੜੀਆਂ ਇਹ ਤੋਂ ਬੜਾ ਚੰਗਾ ਸਬਕ ਲੈਣ ਗੀਆਂ। ਮੈਂ ਚਾਹੁੰਦਾ ਸੀ ਕਿ ਤੁਹਾਨੂੰ ਸ਼ਾਂਤੀ ਦਾ ਦੂਤ ਸਮਝ ਕੇ ਇਹ ਖਤ ਕਿਸੇ ਕਬੂਤਰ ਹੱਥ ਭੇਜਾਂ, ਪਰ ਪੰਜਾਬ ਦੇ ਸਾਰੇ ਕਬੂਤਰਾਂ ਨੇ ਹੱਥ ਖੜੇ ਕਰ ਦਿੱਤੇ ਹਨ, ਇਸੇ ਲਈ ਤੁਹਾਨੂੰ ਇਹ ਖ਼ਤ ਖੁੱਲਾ ਲਿਖ ਰਿਹਾ ਹਾਂ।  ਤਾਂ ਜੋ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਸ਼ੋਕ ਸਮਾਰੋਹ ਚ ਹੋਰ ਵੀ ਲੋਕ ਹੁੰਮ ਹੁੰਮਾ ਕੇ ਸ਼ਿਰਕਤ ਕਰਨ.
       
           ਆਸ ਕਰਦੇ ਹਾਂ, ਤੁਸੀਂ ਇਸ ਜਮਹੂਰੀਅਤ ਦਾ ਵੱਡਾ ਕਰਨ ਲਈ ਥਾਂ ਥਾਂ ਲੱਡੂ ਵੰਡਾਓਂਗੇ. 
                  ਪੰਜਾਬ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ,
                                            - ਬਲਤੇਜ