ਕੈਨੇਡਾ ਵੱਲੋਂ ਵਰਕ ਪਰਮਿਟ ਨਿਯਮਾਂ ਵਿਚ ਅਹਿਮ ਸੁਧਾਰ *ਬਿਨੈਕਾਰ ਹੁਣ ਘਰ ਬੈਠੇ ਜਾਣ ਸਕਣਗੇ ਆਪਣੇ ਕੇਸ ਦੀ ਸਹੀ ਸਥਿਤੀ

ਕੈਨੇਡਾ ਵੱਲੋਂ ਵਰਕ ਪਰਮਿਟ ਨਿਯਮਾਂ ਵਿਚ ਅਹਿਮ ਸੁਧਾਰ *ਬਿਨੈਕਾਰ ਹੁਣ ਘਰ ਬੈਠੇ ਜਾਣ ਸਕਣਗੇ ਆਪਣੇ ਕੇਸ ਦੀ ਸਹੀ ਸਥਿਤੀ
ਓਟਵਾ:
ਕੈਨੇਡਾ ਸਰਕਾਰ ਨੇ ਵਰਕ ਪਰਮਿਟ ਵਧਾਉਣ ਅਤੇ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਲੈਣ ਵਾਲਿਆਂ ਲਈ ਨਵਾਂ ਤੇ ਆਸਾਨ ਤਰੀਕਾ ਸ਼ੁਰੂ ਕੀਤਾ ਹੈ। ਹੁਣ ਬਿਨੈਕਾਰ ਆਪਣੀ ਫਾਈਲ ਜਮ੍ਹਾਂ ਕਰਵਾਉਣ ਦੀ ਤਾਰੀਖ਼ ਮੁਤਾਬਕ ਇਹ ਪਤਾ ਲਗਾ ਸਕਣਗੇ ਕਿ ਉਨ੍ਹਾਂ ਦੇ ਵਰਕ ਪਰਮਿਟ ਦਾ ਫੈਸਲਾ ਹੋਣ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ।
​ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਵੈੱਬਸਾਈਟ 'ਤੇ ਵੱਡਾ ਸੁਧਾਰ ਕੀਤਾ ਹੈ। ਹੁਣ ਕੋਈ ਵੀ ਵਿਅਕਤੀ ਸਾਈਟ 'ਤੇ ਜਾ ਕੇ ਆਪਣੀ ਅਰਜ਼ੀ ਦੀ ਤਾਰੀਖ਼ ਭਰ ਕੇ ਇਹ ਦੇਖ ਸਕਦਾ ਹੈ ਕਿ ਉਸ ਦਾ ਕੇਸ ਨਿਬੜਨ ਲਈ ਕਿੰਨੇ ਹਫ਼ਤੇ ਬਾਕੀ ਹਨ।
ਬਿਨੈਕਾਰਾਂ ਨੂੰ ਹੁਣ ਸਾਫ਼ ਪਤਾ ਲੱਗੇਗਾ ਕਿ ਉਨ੍ਹਾਂ ਤੋਂ ਅੱਗੇ ਕਿੰਨੀਆਂ ਅਰਜ਼ੀਆਂ ਪੈਂਡਿੰਗ ਹਨ ਅਤੇ ਕੁੱਲ ਕਿੰਨੇ ਲੋਕ ਫੈਸਲੇ ਦੀ ਉਡੀਕ ਵਿੱਚ ਹਨ।ਤਾਜ਼ਾ ਅੰਕੜਿਆਂ ਮੁਤਾਬਕ ਇਸ ਵੇਲੇ ਲਗਭਗ ਦੋ ਲੱਖ ਤੋਂ ਵੱਧ ਅਰਜ਼ੀਆਂ ਫੈਸਲੇ ਦੀ ਉਡੀਕ ਵਿੱਚ ਹਨ।ਜਿਨ੍ਹਾਂ ਲੋਕਾਂ ਨੇ ਅਜੇ ਫਾਈਲ ਨਹੀਂ ਲਗਾਈ, ਉਹ ਵੀ ਇਹ ਦੇਖ ਸਕਦੇ ਹਨ ਕਿ ਜੇਕਰ ਉਹ ਅੱਜ ਅਪਲਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਕਿੰਨਾ ਇੰਤਜ਼ਾਰ ਕਰਨਾ ਪਵੇਗਾ। ਇਹ ਨਵੀਂ ਸਹੂਲਤ ਸਿਰਫ਼ ਉਨ੍ਹਾਂ ਲਈ ਹੈ ਜੋ ਪਹਿਲਾਂ ਹੀ ਕੈਨੇਡਾ ਅੰਦਰ ਮੌਜੂਦ ਹਨ ਅਤੇ ਆਪਣਾ ਵਰਕ ਪਰਮਿਟ ਵਧਾ ਰਹੇ ਹਨ, ਜਾਂ ਪੜ੍ਹਾਈ ਪੂਰੀ ਕਰਕੇ ਪਹਿਲੀ ਵਾਰ ਪੋਸਟ-ਸਟੱਡੀ ਵਰਕ ਪਰਮਿਟ ਲਈ ਅਪਲਾਈ ਕਰ ਰਹੇ ਹਨ।
 
​ਕੰਮ ਕਰਨ ਦੀ ਮਨਜ਼ੂਰੀ ਜਾਰੀ ਰਹੇਗੀ:
ਜੇਕਰ ਕੋਈ ਕਾਮਾ ਜਾਂ ਵਿਦਿਆਰਥੀ ਆਪਣੇ ਮੌਜੂਦਾ ਪਰਮਿਟ ਦੇ ਖ਼ਤਮ ਹੋਣ ਤੋਂ ਪਹਿਲਾਂ ਨਵੀਂ ਅਰਜ਼ੀ ਲਗਾ ਦਿੰਦਾ ਹੈ, ਤਾਂ ਉਸ ਨੂੰ 'ਮੇਨਟੇਨਡ ਸਟੇਟਸ' ਮਿਲਦਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਤੱਕ ਨਵੀਂ ਅਰਜ਼ੀ 'ਤੇ ਕੋਈ ਫੈਸਲਾ ਨਹੀਂ ਆਉਂਦਾ, ਉਹ ਕੈਨੇਡਾ ਵਿੱਚ ਕਾਨੂੰਨੀ ਤੌਰ 'ਤੇ ਕੰਮ ਕਰਨਾ ਜਾਰੀ ਰੱਖ ਸਕਦਾ ਹੈ।
​ਇਸ ਦੇ ਨਾਲ ਹੀ, ਸੂਬਾਈ ਨਾਮਜ਼ਦਗੀ (ਪੀਐਨਪੀ) ਰਾਹੀਂ ਪੱਕੇ ਹੋਣ ਵਾਲੇ ਬਿਨੈਕਾਰਾਂ ਲਈ ਸਰਕਾਰ ਵੱਲੋਂ ਦਿੱਤੀ ਗਈ ਖ਼ਾਸ ਛੋਟ ਇਸ ਸਾਲ 31 ਦਸੰਬਰ ਤੱਕ ਜਾਰੀ ਰਹੇਗੀ, ਜਿਸ ਨਾਲ ਉਨ੍ਹਾਂ ਨੂੰ ਆਪਣਾ ਵਰਕ ਪਰਮਿਟ ਵਧਾਉਣ ਵਿੱਚ ਸਹੂਲਤ ਮਿਲ ਰਹੀ ਹੈ।