ਸਿਰੜੀ ਇਤਿਹਾਸਕਾਰ ਡਾ. ਕਿਰਪਾਲ ਸਿੰਘ ਜੀ

ਸਿਰੜੀ ਇਤਿਹਾਸਕਾਰ ਡਾ. ਕਿਰਪਾਲ ਸਿੰਘ ਜੀ

ਜਨਮ ਦਿਨ ਉੱਤੇ ਵਿਸ਼ੇਸ਼ 

                                                                                               

ਕੁੱਝ ਸਖ਼ਸ਼ੀਅਤਾਂ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਣ ਸਥਾਨ ਰੱਖਦੀਆਂ ਹਨ ਜਿਨ੍ਹਾਂ ਵਿੱਚ ਸਾਡੇ ਮਾਤਾ-ਪਿਤਾ, ਅਧਿਆਪਕ ਆਦਿ ਆਉਂਦੇ ਹਨ। ਅਜਿਹੀਆਂ ਸਖ਼ਸ਼ੀਅਤਾਂ ਜੋ ਜ਼ਿੰਦਗੀ ਜਿਊਣ ਦਾ ਸਲੀਕਾ ਅਤੇ ਤਰੀਕਾ ਸਮਝਾਉਣ ਉਹ ਬਹੁਤ ਹੀ ਖ਼ਾਸ ਹੋ ਨਿਬੜਦੀਆਂ ਹਨ। ਮੈਨੂੰ ਵੀ ਅਜਿਹੀ ਇੱਕ ਵਿਦਵਾਨ ਸਖ਼ਸ਼ੀਅਤ ਨਾਲ ਜ਼ਿੰਦਗੀ ਦੇ ਕੁੱਝ ਵਰ੍ਹੇ ਸਾਂਝੇ ਕਰਨ ਦਾ ਮੌਕਾ ਮਿਲਿਆ। ਇਹ ਸਨ ਡਾ. ਕਿਰਪਾਲ ਸਿੰਘ ਜੀ ਹਿਸਟੋਰੀਅਨ ਜਿਨ੍ਹਾਂ ਦਾ ਨਾਮ ਕਿਸੇ ਵੀ ਜਾਣਕਾਰੀ ਜਾਂ ਪੇਸ਼ਕਾਰੀ ਦਾ ਮੁਹਤਾਜ ਨਹੀਂ ਹੈ। ਆਪ 20ਵੀਂ ਸਦੀ ਦੇ ਮਹਾਨ ਸਿੱਖ ਇਤਿਹਾਸਕਾਰ ਹੋਏ। ਡਾ. ਸਾਹਿਬ ਮਹਾਨ ਖੋਜੀ, ਵਿਦਵਤਾ ਦੇ ਮਾਹਿਰ, ਦ੍ਰਿੜ ਸੰਕਲਪ ਵਾਲੇ, ਸਿੱਖੀ ਨੂੰ ਸਮਰਪਿਤ, ਗੁਰੂ ਸਾਹਿਬ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਸਿੱਖ ਚਿੰਤਕ ਸਨ।

 ਮੈਂ ਡਾ. ਕਿਰਪਾਲ ਸਿੰਘ ਜੀ ਦੇ ਜਨਮ ਦਿਨ ਉੱਤੇ ਵਿਸ਼ੇਸ਼ (4 ਜਨਵਰੀ, 1924 ਈ.)  ਉਨ੍ਹਾਂ ਦੇ ਜ਼ਿੰਦਗੀ ਤੇ ਆਖ਼ਰੀ ਢਾਈ ਸਾਲਾਂ ਦਾ ਜ਼ਿਕਰ ਕਰਨ ਜਾ ਰਹੀ ਹਾਂ ਜੋ ਕਿ ਅਭੁੱਲ ਹੋਣ ਦੇ ਨਾਲ-ਨਾਲ ਪਰਮਾਤਮਾ ਵੱਲੋਂ ਮੇਰੇ ਵਰਗੇ ਇਤਿਹਾਸ ਦੇ ਵਿਦਿਆਰਥੀ ਲਈ ਵਡਮੁੱਲਾ ਤੋਹਫ਼ਾ ਕਿਹਾ ਜਾ ਸਕਦਾ ਹੈ। ਸ਼ਾਇਦ ਇਹ ਕਿਸੇ ਸਮੇਂ ਕੀਤੇ ਗਏ ਚੰਗੇ ਕਰਮ ਹੀ ਸਨ ਜਿਨ੍ਹਾਂ ਸਦਕਾ ਮੈਨੂੰ ਡਾ. ਸਾਹਿਬ ਦੀ ਸੰਗਤ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਡਾ. ਸਾਹਿਬ ਦੇ ਬੜੇ ਨੇੜੇ ਰਹਿ ਕੇ ਉਨ੍ਹਾਂ ਨੂੰ ਜਿਨ੍ਹਾਂ ਕੁ ਵੀ ਜਾਣਿਆ ਉਹ ਤੁਹਾਡੇ ਸਭ ਨਾਲ ਸਾਝਾਂ ਕਰ ਰਹੀ ਹਾਂ। ਰੱਬ ਨੇਤ ਮੇਰਾ ਪੀਐੱਚ.ਡੀ ਦਾ ਵਿਸ਼ਾ “ਡਾ. ਕਿਰਪਾਲ ਸਿੰਘ ਦਾ ਸਿੱਖ ਇਤਿਹਾਸਕਾਰੀ ਵਿਚ ਯੋਗਦਾਨ” ਚੁਣਿਆ ਗਿਆ। ਜਦੋਂ ਪਹਿਲੀ ਵਾਰ ਮੈਂ ਡਾ. ਸਾਹਿਬ ਨੂੰ ਮਿਲਣ ਲਈ ਚੰਡੀਗੜ੍ਹ ਗਈ ਤਾਂ ਉਨ੍ਹਾਂ ਨੂੰ ਮਿਲ ਕੇ ਮੈਨੂੰ ਬਹੁਤ ਅਪਣੱਤ ਮਹਿਸੂਸ ਹੋਈ। ਇਹ ਪਹਿਲੀ ਦਫਾ ਸੀ ਜਦੋਂ ਮੈਂ ਕਿਸੇ ਵੱਡੇ ਇਤਿਹਾਸਕਾਰ ਨੂੰ  ਇੰਝ ਮਿਲੀ ਸੀ। ਉਨ੍ਹਾਂ ਨੂੰ ਮਿਲ ਕੇ ਬਹੁਤ ਸਹਿਜ ਲੱਗਿਆ ਜਿਵੇਂ ਮੈਂ ਕਿਸੇ ਆਪਣੇ ਨੂੰ ਮਿਲ ਰਹੀ ਹੋਵਾਂ। ਇਹ ਉਨ੍ਹਾਂ ਦੀ ਵਡਿਆਈ ਸੀ ਕਿ ਜੋ ਵੀ ਕੋਈ ਉਨ੍ਹਾਂ ਨੂੰ ਮਿਲਣ ਲਈ ਆਉਂਦਾ ਤਾਂ ਉਹ ਉਨ੍ਹਾਂ ਨੂੰ ਬਿਨਾਂ ਮਿਲੇ ਅਤੇ ਬਿਨਾਂ ਕੁਝ ਛਕੇ ਨਾ ਜਾਂਦਾ। ਇਕ ਮਹਾਨ ਇਤਿਹਾਸਕਾਰ ਦੇ ਇਹ ਗੁਣ ਅੱਜ ਵੀ ਪ੍ਰੇਰਣਾ ਹਨ। ਡਾ. ਸਾਹਿਬ ਨੂੰ ਸਿੱਖ ਇਤਿਹਾਸ ਦਾ ਬਾਬਾ ਬੋਹੜ ਕਹਿ ਕੇ ਨਿਵਾਜਿਆ ਜਾਂਦਾ ਰਿਹਾ ਹੈ, ਹੋਣ ਵੀ ਕਿਉਂ ਨਾ ? ਡਾ. ਗੰਡਾ ਸਿੰਘ ਤੋਂ ਬਾਅਦ ਸਿੱਖਾਂ ਕੋਲ ਇਹੀ ਪ੍ਰਮੁੱਖ ਇਤਿਹਾਸਕਾਰ ਸਨ।

ਸਾਲ 2017 ਵਿੱਚ ਮੇਰੀ ਡਾ. ਸਾਹਿਬ ਕੋਲ ਰਿਸਰਚ ਅਸਿਸਟੈਂਟ ਵਜੋਂ ਨਿਯੁਕਤੀ ਹੋਈ। ਡਾ. ਸਾਹਿਬ ਇਸ ਸਮੇਂ ਆਪਣੀ ਜ਼ਿੰਦਗੀ ਦੀ ਕੀਤੀ ਹੋਈ ਕਮਾਈ ਦੀ ਆਖ਼ਰੀ ਕਿਤਾਬ “Who was responsible for the Tragedy of Punjab” ’ਤੇ ਕੰਮ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਇਸ ਕੰਮ ’ਤੇ ਮੈਨੂੰ ਦਿਸ਼ਾ ਨਿਰਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਖੋਜ ਦਾ ਇਹ ਕੰਮ ਮਾਰਚ ਮਹੀਨੇ ਵਿਚ ਸ਼ੁਰੂ ਹੋਇਆ। ਮੇਰੇ ਪਿਤਾ ਜੀ ਮੈਨੂੰ ਪਿੰਡੋਂ ਚੰਡੀਗੜ੍ਹ ਰਹਿਣ ਲਈ ਛੱਡਣ ਆਏ। ਉਨ੍ਹਾਂ ਡਾ. ਸਾਹਿਬ ਨਾਲ ਗੱਲਬਾਤ ਕੀਤੀ ਤੇ ਡਾ. ਸਾਹਿਬ ਨੇ ਮੈਨੂੰ ਆਪਣੇ ਬੱਚਿਆਂ ਵਾਂਗ ਖਿਆਲ ਰੱਖਣ ਦਾ ਵਾਅਦਾ ਕਰ ਉਨ੍ਹਾਂ ਨੂੰ ਤੋਰ ਦਿੱਤਾ। ਹੁਣ ਕਿਤਾਬ ਦਾ ਕੰਮ ਸ਼ੁਰੂ ਹੋ ਚੁੱਕਾ ਸੀ। ਮੈਂ ਪੁਰਾਣੇ-ਪੁਰਾਣੇ ਕਾਗਜ਼  ਜੋ ਡਾ. ਸਾਹਿਬ ਨੇ ਉਸ ਕਿਤਾਬ ਲਈ ਸਾਂਭ ਕੇ ਰੱਖੇ ਹੋਏ ਸਨ ਵਾਚਣੇ ਸ਼ੁਰੂ ਕਰ ਦਿੱਤੇ। ਇਹ ਆਖਰੀ ਕਿਤਾਬ ਵੀ ਵੰਡ ਉੱਤੇ ਆਧਾਰਿਤ ਸੀ। ਕਿਉਂਕਿ ਡਾ. ਸਾਹਿਬ ਨੇ ਪੰਜਾਬ ਦੀ ਵੰਡ ਦੇ ਸੰਤਾਪ ਨੂੰ ਪਿੰਡੇ ਤੇ ਹੰਢਾਇਆ ਸੀ ਤਾਂ ਉਹ ਜਦੋਂ ਵੀ ਵੰਡ ਦੀ ਗੱਲ ਕਰਦੇ ਜਾਂ ਸੁਣਾਉਂਦੇ ਤਾਂ ਅਕਸਰ ਹੀ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰਦੇ।  ਹੌਲੀ-ਹੌਲੀ ਡਾ. ਸਾਹਿਬ ਮੇਰੇ ਲਈ ਵੀ ਦਾਰ ਜੀ ਬਣ ਗਏ ਤੇ ਉਨ੍ਹਾਂ ਦੇ ਪਤਨੀ ਬੀਜੀ। ਮੈਨੂੰ ਉਨ੍ਹਾਂ ਦਾ ਘਰ ਆਪਣੇ ਘਰ ਤੋਂ ਵੀ ਵੱਧ ਆਪਣਾ ਜਾਪਦਾ ਸੀ। ਡਾ. ਸਾਹਿਬ (ਦਾਰ ਜੀ) ਮੈਨੂੰ ਰੋਜ਼ ਪੁੱਛਦੇ, “ਤੂੰ ਰੋਟੀ ਖਾਧੀ, ਤੇਰੀ ਕਮਰਾ ਵਧੀਆ ਹੈ”। ਕਿਉਂਕਿ ਮੈਂ ਹੁਣ ਉਨ੍ਹਾਂ ਦੇ ਘਰ ਤੋਂ ਥੋੜ੍ਹੀ ਦੂਰ ਪੀ.ਜੀ. ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ। ਕਈ ਵਾਰ ਦੁਪਹਿਰ ਦਾ ਖਾਣੇ ਵੇਲੇ ਦਾਰ ਜੀ ਆਖ ਦਿੰਦੇ, “ਆ ਜਾ ਮੇਰੇ ਨਾਲ ਖਾਣਾ ਖਾ ਲੈ ਫੁਲਕਾ”। ਡਾ. ਸਾਹਿਬ ਦੀ ਇੱਕ ਖਾਸ ਗੱਲ ਇਹ ਸੀ ਕਿ ਜਦੋਂ ਵੀ ਕੋਈ ਉਨ੍ਹਾਂ ਦੇ ਘਰ ਆਉਂਦਾ ਉਹ ਬਿਨਾਂ ਕੁੱਝ ਛਕੇ ਨਾ ਜਾਂਦਾ ਉਹ ਹਮੇਸ਼ਾ ਕਹਿੰਦੇ ਕਿ ਇਹ ਤਾਂ ਗੁਰੂ ਦਾ ਲੰਗਰ ਹੈ।

ਜਦੋਂ ਮੈਂ ਛੁੱਟੀ ਵਾਲੇ ਦਿਨ ਪਿੰਡ ਵਾਪਸ ਆਉਂਦੀ ਤਾਂ ਉਨ੍ਹਾਂ ਦਾ ਘਰ ਪਹੁੰਚਣ ’ਤੇ ਜ਼ਰੂਰ ਫੋਨ ਆਉਂਦਾ ਕਿ ਮੈਂ ਠੀਕ ਘਰ ਪਹੁੰਚ ਗਈ ਹਾਂ। ਉਹ ਮੈਨੂੰ ਸਤਿੰਦਰ ਦੀ ਥਾਂ ਹਮੇਸ਼ਾਂ ਸਤਵੰਤ ਕਹਿ ਕੇ ਬੁਲਾਉਂਦੇ ਤੇ ਇਹ ਸੁਣ ਕੇ ਮੈਂਨੂੰ ਭਾਈ ਵੀਰ ਸਿੰਘ ਦੇ ਨਾਵਲ ਸਤਵੰਤ ਕੌਰ ਦੀ ਨਾਇਕਾ ਦੀ ਯਾਦ ਆਉਂਦੀ। ਕੰਮ ਦੇ ਨਾਲ ਨਾਲ ਮੈਂ ਉਨ੍ਹਾਂ ਤੋਂ ਜ਼ਿੰਦਗੀ ਦੇ ਹੋਰ ਬਹੁਤ ਗੂੜ੍ਹ ਰਹੱਸ ਸਮਝੇ । ਡਾ. ਸਾਹਿਬ ਰਾਤ ਤੱਕ ਇੱਕਲੇ ਬਹਿ ਕੇ ਪੜ੍ਹਦੇ ਰਹਿੰਦੇ ਸਨ। ਕਿਤਾਬਾਂ ਨਾਲ ਉਨ੍ਹਾਂ ਨੂੰ ਬਹੁਤ ਜ਼ਿਆਦਾ ਲਗਾਵ ਸੀ। ਇਸ ਵਕਤ ਉਹ 90 ਵਰ੍ਹਿਆਂ ਤੋਂ ਉੱਪਰ ਸਨ ਭਾਵੇਂ ਕਿ ਉਨ੍ਹਾਂ ਦੀਆਂ ਲੱਤਾਂ ਠੀਕ ਕੰਮ ਨਹੀਂ ਕਰਦੀਆਂ ਸਨ ਪਰ ਫਿਰ ਵੀ ਉਹ ਕਿੰਨੇ ਹੀ ਘੰਟੇ ਲਗਾਤਾਰ ਬਹਿ ਕੇ ਪੜ੍ਹਦੇ ਰਹਿੰਦੇ ਸਨ। ਪੜ੍ਹਣ ਵੇਲੇ ਜੋ ਸ਼ਿੱਦਤ, ਦ੍ਰਿੜਤਾ ਅਤੇ ਲਗਨ ਡਾ. ਸਾਹਿਬ ਵਿਚ ਸੀ ਉਹ ਸ਼ਾਇਦ ਹੀ ਕਿਸੇ ਵਿੱਚ ਹੋਵੇ। ਉਨ੍ਹਾਂ ਦੇ ਇਸ ਮਹਾਨ ਜੀਵਨ ਵਿਚ ਉਨ੍ਹਾਂ ਦੀ ਪਤਨੀ ਸ. ਜੋਗਿੰਦਰ ਕੌਰ ਜੀ ਦਾ ਸਭ ਤੋਂ ਵੱਡਾ ਹੱਥ ਸੀ। ਬੀਜੀ ਆਪ ਵੀ ਸਾਰਾ ਦਿਨ ਕੁਝ ਨਾ ਕੁਝ ਪੜ੍ਹਦੇ ਰਹਿੰਦੇ ਅਤੇ ਸਾਨੂੰ ਵੀ ਬਹੁਤ ਕੁਝ ਦੱਸਦੇ ਉਹ ਉੱਚ ਦਰਜੇ ਦੇ ਹਿਸਾਬ ਦੇ ਅਧਿਆਪਕ ਰਹੇ ਸਨ। ਡਾ. ਸਾਹਿਬ ਦਾ ਦਿਨ ਗੁਰਬਾਣੀ ਪੜ੍ਹਣ ਨਾਲ ਸ਼ੁਰੂ ਹੁੰਦਾ। ਸਭ ਤੋਂ ਪਹਿਲਾਂ ਪਾਠ ਕਰਦੇ ਫਿਰ ਦਿਨ ਚੜ੍ਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਤੇ ਸਹਿਜ ਪਾਠ ਵੀ ਕਰਦੇ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਸੁਣਦੇ। ਇਸ ਨਿੱਤ ਦੇ ਨੇਮ ਨੂੰ ਉਹ ਕਿਸੇ ਵੀ ਹਾਲਤ ਵਿੱਚ ਨਾ ਵਿਸਾਰਦੇ। ਉਨ੍ਹਾਂ ਦੇ ਪਤਨੀ ਵੀ ਰੋਜ਼ਾਨਾ ਪਾਠ ਕਰਦੇ ਤੇ ਸਹਿਜ ਪਾਠ ਵੀ ਕਰਦੇ। ਹਰ ਐਤਵਾਰ ਉਹ ਗੁਰਦੁਆਰਾ ਸਾਹਿਬ ਵੀ ਜਾਂਦੇ। ਗੁਰੂ ਸਾਹਿਬ ਪ੍ਰਤੀ ਅਥਾਹ ਭਰੋਸਾ, ਪਿਆਰ ਅਤੇ ਅਰਦਾਸ ਦੇ ਮਹੱਤਵ ਨੂੰ ਮੈਂ ਉਨ੍ਹਾਂ ਕੋਲੋ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਵਿਚਰਦਿਆਂ ਵੇਖ ਕੇ ਹੋਰ ਗਹਿਰਾਈ ਨਾਲ ਸਮਝਿਆ। ਉਹ ਹਮੇਸ਼ਾਂ ਕਹਿੰਦੇ ਕਿ ਗੁਰੂ ਬਹੁੜੀ ਕਰੇਗਾ। ਇਸ ਸਮੇਂ ਡਾ. ਸਾਹਿਬ SGPC ਵੱਲੋਂ ਦਿੱਤਾ ਗਿਆ ਪ੍ਰੋਜੈਕਟ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵੀ ਕਰ ਰਹੇ ਸਨ। ਕੰਮ ਪ੍ਰਤੀ ਡੂੰਘੀ ਲਗਨ ਉਮਰ ਦੇ ਇਸ ਪੜਾਅ ਵਿਚ ਸ਼ਾਇਦ ਹੀ ਕਿਸੇ ਵਿੱਚ ਵੇਖਣ ਨੂੰ ਮਿਲਦੀ ਹੈ। ਸਿੱਖਾਂ ਦੇ ਭਵਿੱਖ ਬਾਰੇ ਡੂੰਘੀ ਚਿੰਤਾ ਰੱਖਣ ਵਾਲੇ, ਸਿੰਘ ਸਭਾ ਦੇ ਪ੍ਰਭਾਵ ਵਾਲੇ ਸੱਚੇ ਸਿੱਖ ਚਿੰਤਕ, ਰਾਜਨੀਤੀ ਤੋਂ ਵੱਖਰੇ ’ਤੇ ਸਿਰਫ਼ ਸਿੱਖ ਇਤਿਹਾਸ ’ਤੇ ਕੰਮ ਕਰਨ ਵਾਲੇ ਅਜਿਹੇ ਵਿਦਵਾਨ ਰੋਜ਼-ਰੋਜ਼ ਧਰਤੀ ਤੇ ਨਹੀਂ ਆਉਂਦੇ। ਸ਼ਾਇਦ ਕੁੱਝ ਲੋਕਾਂ ਦੇ ਵਿਚਾਰਕ ਵੱਖਰੇਵੇਂ ਬੇਸ਼ੱਕ ਹੋ ਸਕਦੇ ਹਨ ਪਰ ਉਨ੍ਹਾਂ ਦਾ ਸਿੱਖੀ ਲਈ ਪਿਆਰ ਤੇ ਜਜ਼ਬਾਤ ਕਿਸੇ ਤੋਂ ਲੁਕੇ ਨਹੀਂ। ਉਨ੍ਹਾਂ ਨੇ ਜੋ ਸਿੱਖ ਪੰਥ ਦੀ ਸੇਵਾ ਲਈ ਜੋ ਕੀਤਾ ਉਹ ਹਮੇਸ਼ਾ ਬਾਕਮਾਲ ਰਹੇਗਾ।

ਕੁੱਝ ਕੁ ਮੁੱਦਿਆਂ ਉੱਤੇ ਛਿੜੇ ਵੱਖਰੇਵਿਆਂ ਕਰਕੇ ਆਪਣੇ ਅੰਤਲੇ ਦਿਨਾਂ ਵਿਚ ਡਾ. ਸਾਹਿਬ ਨੂੰ ਡੂੰਘੀ ਸੱਟ ਵੱਜੀ। ਪਰ ਫਿਰ ਵੀ ਉਹ ਇਸ ਨੂੰ ਅਕਾਲ ਪੁਰਖ ਦਾ ਭਾਣਾ ਕਹਿ ਕੇ ਸਵੀਕਾਰਦੇ ਰਹੇ। ਸਿੱਖ ਇਤਿਹਾਸ ਦੀ ਕਿਤਾਬ ਦੇ ਜਿਨ੍ਹਾਂ ਪਾਠਾਂ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਉਹ ਉਨ੍ਹਾਂ ਨੇ ਲਿਖੇ ਹੀ ਨਹੀਂ ਸਨ। ਇਸ ਸਭ ਦੇ ਕਾਰਨ SGPC ਨੇ ਉਨ੍ਹਾਂ ਤੋਂ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਪ੍ਰਜੈਕਟ ਵਾਪਿਸ ਲੈ ਲਿਆ ਜਿਸ ’ਤੇ ਉਹ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਸਨ। ਇਸ ਸਭ ਦੇ ਬਾਵਜੂਦ ਡਾ. ਸਾਹਿਬ ਨੇ ਆਪਣਾ ਨਿੱਤ ਦਾ ਕਰਮ ਨਾ ਛੱਡਿਆ। ਇਸ ਸਮੇਂ ਦੌਰਾਨ ਉਨ੍ਹਾਂ ਦੀ ਹਮਸਫ਼ਰ ਉਨ੍ਹਾਂ ਨੂੰ ਅਲਵਿਦਾ ਕਹਿ ਗਏ। ਜਿਸ ਦਿਨ ਬੀਜੀ (ਡਾ. ਸਾਹਿਬ ਦੀ ਪਤਨੀ) ਦੀ ਦੇਹ ਹਾਲੇ ਘਰ ਪਈ ਸੀ, ਉਸ ਦਿਨ ਵੀ ਸੱਚੇ ਗੁਰਸਿੱਖ ਦਾ ਫ਼ਰਜ਼ ਨਿਭਾਉਂਦਿਆਂ ਡਾ. ਸਾਹਿਬ ਨੇ ਗੁਰੂ ਸਾਹਿਬ ਦਾ ਸੁੱਖ ਆਸਣ ਆਪਣੇ ਹੱਥੀਂ ਕੀਤਾ। ਇਹ ਸਭ ਮੈਂ ਆਪਣੇ ਅੱਖੀਂ ਵੇਖਿਆ ਜਿਥੇ ਇਕ ਆਮ ਇਨਸਾਨ ਅਜਿਹੀ ਸਥਿਤੀ ਵਿਚ ਬਹੁਤ ਡਾਵਾਂਡੋਲ ਹੁੰਦਾ ਹੈ ਉਥੇ ਅਜਿਹਾ ਕਰਨਾ ਡਾ. ਸਾਹਿਬ ਵਰਗੇ ਮਹਾਨ ਪੁਰਖਾਂ ਦੇ ਵੱਸ ਆਇਆ।  ਅੰਤ ਉਹ ਆਪ ਵੀ 7 ਮਈ 2019 ਨੂੰ ਇਸ ਨਾਸ਼ਾਵਨ ਸੰਸਾਰ ਨੂੰ ਅਲਵਿਦਾ ਆਖ ਗਏ।

 ਉਨ੍ਹਾਂ ਦੇ ਜੀਵਨ ਤੋਂ ਸਖਸ਼ੀਅਤ ਤੋਂ ਬਹੁਤ ਕੁਝ ਸਿੱਖਣ ਲਈ ਮਿਲਿਆ, ਜਿਸ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਘੱਟ ਵੀ ਪੈ ਜਾਂਦਾ ਹੈ।  ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਡਾ. ਭਾਈ ਵੀਰ ਸਿੰਘ ਨੂੰ ਕੀਤੇ ਇਕ ਵਾਅਦੇ ਨਾਲ ਨਿਭਾ ਦਿੱਤੀ ਕਿ ਉਹ ਆਪਣੇ ਆਖਰੀ ਸਾਹਾਂ ਤੱਕ ਸਿਰਫ ਅਤੇ ਸਿਰਫ ਸਿੱਖ ਇਤਿਹਾਸ ਉੱਤੇ ਹੀ ਕੰਮ ਕਰਨਗੇ। ਮੇਰੇ ਦਿਲ ਵਿੱਚ ਉਨ੍ਹਾਂ ਲਈ ਸਤਿਕਾਰ, ਪ੍ਰੇਮ ਅਤੇ ਉਨ੍ਹਾਂ ਦੀ ਯਾਦ ਹਮੇਸ਼ਾ ਰਹੇਗੀ। ਉਹ ਮੇਰੀ ਜ਼ਿੰਦਗੀ ਵਿਚ ਰੱਬ ਵੱਲੋਂ ਦਿੱਤੀ ਹੋਈ ਅਸੀਸ ਸਨ। ਸੱਚ ਹੈ ਕਿ ਕੁੱਝ ਵਰੋਸਾਈਆਂ ਰੂਹਾਂ ਇਸ ਧਰਤੀ ਉੱਤੇ ਸਿਰਫ਼ ਤੇ ਸਿਰਫ਼ ਅਸੀਸ ਬਣ ਕੇ ਆਉਂਦੀਆਂ ਹਨ।

 

 

ਸਤਿੰਦਰ ਕੌਰ

 ਰਿਸਰਚ ਸਕਾਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ

 ਪੰਜਾਬੀ ਯੂਨੀਵਰਸਿਟੀ, ਪਟਿਆਲਾ।