ਪੰਥ ਵਿੱਚ ਉਦਾਸੀਆਂ ਦੇ ਮੌਸਮ
ਗਜਿੰਦਰ ਸਿੰਘ, ਦਲ ਖਾਲਸਾ
ਗੁਰੂ ਲਾਲਾਂ ਦੀਆਂ ਸ਼ਹੀਦਆਂ ਦੇ ਇਹ ਦਿਨ ਸਾਰੇ ਪੰਥ ਵਿੱਚ ਉਦਾਸੀਆਂ ਦੇ ਮੌਸਮ ਵਾਂਗ ਹੁੰਦੇ ਹਨ, ਜੋ ਹਰ ਸਾਲ ਆਉਂਦਾ ਹੈ, ਤੇ ਕੌਮ ਨੂੰ ਮੁੜ੍ਹ ਕੁੱਝ ਦਿਨ੍ਹਾਂ ਲਈ ਉਹਨਾਂ ਸ਼ਹੀਦੀਆਂ ਦੇ ਰੰਗ ਵਿੱਚ ਰੰਗ ਕੇ ਚਲਾ ਜਾਂਦਾ ਹੈ । ਇਹਨਾਂ ਸ਼ਹੀਦੀਆਂ ਨੂੰ ਯਾਦ ਕਰਨ ਦਾ ਢੰਗ ਆਮ ਤੌਰ ਤੇ ਬਹੁਤ ਰਵਾਇਤੀ ਜਿਹਾ ਹੈ, ਰਵਾਇਤ ਨਿਭਾਉਂਦੇ ਹਾਂ, ਤੇ ਫਿਰ ਭੁੱਲ ਜਾਂਦੇ ਹਾਂ । ਸਾਡਾ ਸੁਭਾ ਵਿਚਾਰ ਦਾ ਨਹੀਂ ਹੈ, ਤੇ ਨਾ ਹੀ ਸਬਕ ਸਿੱਖਣ ਦਾ ਹੈ । ਮੈਂ ਜਦੋਂ ਵੱਖ ਵੱਖ ਪਰਚਾਰਕਾਂ, ਡੇਰੇਦਾਰਾਂ, ਤੇ ਸਿਆਸੀ ਆਗੂਆਂ ਦੇ ਵਿਚਾਰ ਪੜ੍ਹਦਾ ਸੁਣਦਾ ਹਾਂ, ਤਾਂ ਉਹ ਆਪਣੀ ਆਪਣੀ ਕਲਾ ਨਾਲ ਸ਼ਹੀਦੀਆਂ ਦਾ ਇੱਤਹਾਸ ਦਰਦ ਭਰੇ ਅੰਦਾਜ਼ ਵਿੱਚ ਸੁਣਾਉਂਦੇ ਨੇ, ਪਰ ਉਸ ਇਤਹਾਸ ਨੂੰ ਅੱਜ ਦੇ ਕੌਮੀ ਹਾਲਾਤ ਨਾਲ ਜੋੜ੍ਹ ਕੇ, ਭਵਿੱਖ ਦੀ ਗੱਲ ਕੋਈ ਘੱਟ ਹੀ ਕਰਦਾ ਹੈ । ਹਾਂ, ਆਪਣੀ ਸਿਆਸਤ ਲਈ ਵਰਤਦੇ ਸਾਰੇ ਨੇ । ਇਸ ਦਰਦ ਨੂੰ ਮਹਿਸੂਸ ਕਰਦੇ ਹੋਏ 2/3 ਸਾਲ ਪਹਿਲਾਂ ਇੱਕ ਕਵਿਤਾ ਲਿਖੀ ਸੀ, ਜੋ ਆਪ ਨਾਲ ਸਾਝੀ ਕਰ ਰਿਹਾ ਹਾਂ ।
ਇਹ ਦਿਨ ਬਹੁਤ ਉਦਾਸ ਨੇ
ਇਹ ਦਿਨ ਬਹੁਤ ਉਦਾਸ ਨੇ
ਇਹ ਦਿਨ ਬਹੁਤ ਹੀ ਖਾਸ ਨੇ
ਇਹ ਦਿਨ ਦਰਦ ਪਰੁੱਚੇ ਨੇ
ਇਹ ਦਿਨ ਪਰ ਸੱਚੇ ਸੁੱਚੇ ਨੇ
ਇਹ ਗੁਰੂ ਗੁਰੂ ਧਿਆਉਂਦੇ ਨੇ
ਗੁਰੂ ਲਾਲਾਂ ਦਾ ਜੱਸ ਗਾਉਂਦੇ ਨੇ
ਸਰਹੰਦ ਸਾਹਵੇਂ ਸੀਸ ਝੁਕਾਉਂਦੇ ਨੇ
ਗੜ੍ਹੀ ਵਿੱਚ ਜੈਕਾਰੇ ਗਜਾਉਂਦੇ ਨੇ
ਇਹ ਦਿਨ ਬਹੁਤ ਉਦਾਸ ਨੇ
ਇਹ ਦਿਨ ਬਹੁਤ ਹੀ ਖਾਸ ਨੇ
‘ਇਨ ਪੁਤਰਨ ਕੇ ਸੀਸ ਪਰ
ਵਾਰ ਦੀਏ ਸੁੱਤ ਚਾਰ
ਚਾਰ ਮੂਏ ਤੋ ਕਿਆ ਹੁਆ
ਜੀਵਤ ਕਈ ਹਜ਼ਾਰ’
ਅਸੀਂ ਜੀਵਤ ਹਾਂ ਅਸੀਂ ਜੀਵਤ ਹਾਂ
ਕੀ ਸੱਚਮੁੱਚ ਹੀ ਅਸੀਂ ਜੀਵਤ ਹਾਂ
ਕੀ ਇਸ ਨੂੰ ਜੀਵਨ ਕਹਿੰਦੇ ਨੇ
ਗੁਰੂ ਲਾਲ ਕੀ ਇੰਝ ਹੀ ਰਹਿੰਦੇ ਨੇ
ਅਸੀਂ ਸਿਰ ਝੁਕਾ ਕੇ ਰਹਿੰਦੇ ਹਾਂ
ਉਹ ਸਿਰ ਉਠਾ ਕੇ ਰਹਿੰਦੇ ਸੀ
ਅਸੀਂ ਕਹਿੰਦੇ ਕੁੱਝ, ਕੁੱਝ ਕਰਦੇ ਹਾਂ
ਉਹ ਕਰਦੇ ਸੀ, ਜੋ ਕਹਿੰਦੇ ਸੀ
ਅਸੀਂ ਕਾਹਦੇ ਪੁੱਤ, ਕਾਹਦੇ ਲਾਲ ਹਾਂ
ਬਣ ਗਏ ‘ਮਾਤਾ ਦਾ ਮਾਲ’ ਹਾਂ
ਇਹ ਦਿਨ ਬਹੁਤ ਉਦਾਸ ਨੇ
ਇਹ ਦਿਨ ਬਹੁਤ ਹੀ ਖਾਸ ਨੇ
ਵਿਰਲੇ ਹੀ ਨੇ, ਜੋ ਲਾਲ ਨੇ
ਉਹ ਵਿਰਲੇ ਹੀ ਬਸ ਕਮਾਲ ਨੇ
ਉਜੜ੍ਹੇ ਜੋ ਪੰਥ ਵੱਸਾਣ ਲਈ
ਪੰਥ ਕੌਮ ਦਾ ਘਰ ਬਣਾਣ ਲਈ
ਖਾਲਸਈ ਝੰਡੇ ਝੁਲਾਣ ਲਈ
ਨਾਨਕਸ਼ਾਹੀ ਸਿੱਕੇ ਚਲਾਣ ਲਈ
ਉਜੜ੍ਹ ਜਾਂਦੇ ਜੋ ਪੰਥ ਵਸਾਣ ਲਈ
ਵਿਰਲੇ ਹੀ ਨੇ, ਜੋ ਲਾਲ ਨੇ
ਉਹ ਵਿਰਲੇ ਹੀ ਬਸ ਕਮਾਲ ਨੇ
ਇਹ ਦਿਨ ਬਹੁਤ ਉਦਾਸ ਨੇ
ਇਹ ਦਿਨ ਬਹੁਤ ਹੀ ਖਾਸ ਨੇ
ਕੁੱਝ ਗੀਤ ਲਾਲਾਂ ਦੇ ਗਾਉਂਦੇ ਨੇ
ਸੀਸ ‘ਗੰਗੂ’ ਸਾਹਵੇਂ ਝੁਕਾਉਂਦੇ ਨੇ
ਬੜ੍ਹੇ ਸਸਤੇ ਹੀ ਵਿੱਕ ਜਾਂਦੇ ਨੇ
ਉਹ ਲਹੂ ਵੀ ਵੇਚ ਕੇ ਖਾਂਦੇ ਨੇ
ਫਿਰ ਵੀ ‘ਪੰਥਕ’ ਅਖਵਾਂਦੇ ਨੇ
ਉਹ ਦਸਮ ਪਿਤਾ ਦੇ ਪੁੱਤਰ ਨਹੀਂ
ਕੁੱਝ ਹੋਰ ਨੇ ਕੁੱਝ ਹੋਰ ਨੇ
ਬਸ ਨਾਮ ਤੇਰੇ ਦੇ ਚੋਰ ਨੇ
ਉਹ ਗੀਤ ਲਾਲਾਂ ਦੇ ਗਾਉਂਦੇ ਨੇ
ਸੀਸ ‘ਗੰਗੂ’ ਸਾਹਵੇਂ ਝੁਕਾਉਂਦੇ ਨੇ
ਇਹ ਦਿਨ ਬਹੁਤ ਉਦਾਸ ਨੇ
ਇਹ ਦਿਨ ਬਹੁਤ ਹੀ ਖਾਸ ਨੇ
Comments (0)