ਕੋਣ ਹੈ ਸੰਭਲ ਜ਼੍ਹਿਲੇ ਵਿਚ ਮੁਸਲਮਾਨ ਹਿੰਦੂ ਟਕਰਾਅ ਬਣਾਉਣ ਪਿਛੇ?

ਕੋਣ ਹੈ ਸੰਭਲ ਜ਼੍ਹਿਲੇ ਵਿਚ ਮੁਸਲਮਾਨ ਹਿੰਦੂ ਟਕਰਾਅ ਬਣਾਉਣ ਪਿਛੇ?

*ਸੰਭਲ ਹਿੰਸਾ ਦੌਰਾਨ ਸੰਸਦ ਮੈਂਬਰ ਤੇ ਵਿਧਾਇਕ ਦੇ ਪੁੱਤਰ ਸਮੇਤ 2,750 ਅਣਪਛਾਤੇ ਨਾਮਜ਼ਦ

*ਹਿੰਦੂ-ਮੁਸਲਿਮ ਭਾਈਚਾਰੇ ਵਿਚ ਵੰਡੀਆਂ ਪਾ ਰਹੀ ਹੈ ਭਾਜਪਾ: ਰਾਹੁਲ ਗਾਂਧੀ ਤੇ ਵਿਰੋਧੀ ਪਾਰਟੀਆਂ

ਬੀਤੇ ਦਿਨ ਸ਼ਾਹੀ ਜਾਮਾ ਮਸਜਿਦ ਦੇ ਸਰਵੇਖਣ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ ।ਇਸ ਝੜਪ ਵਿਚ  4 ਮੁਸਲਮਾਨ ਮਾਰੇ ਗਏ ਸਨ। ਸੁਰੱਖਿਆ ਕਰਮਚਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਕਈ ਹੋਰ ਜ਼ਖਮੀ ਹੋਏ ਸਨ ।ਪੁਲਿਸ ਅਨੁਸਾਰ ਇਸ ਮਾਮਲੇ ਵਿਚ ਹੁਣ ਤੱਕ 25 ਲੋਕਾਂ ਨੂੰ ਗਿ੍ਫਤਾਰ ਕੀਤਾ ਜਾ ਚੁੱਕਾ ਹੈ ਤੇ ਹਿੰਸਾ ਵਿਚ ਸ਼ਾਮਿਲ ਹੋਰਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਉੱਤਰ ਪ੍ਰਦੇਸ਼ ਪੁਲਿਸ ਨੇ ਇਥੇ ਸੰਭਲ ਜ਼ਿਲ੍ਹੇ ਵਿਚ ਮੁਗਲ ਦੌਰ ਦੀ ਇਕ ਮਸਜਿਦ ਦੇ ਸਰਵੇਖਣ ਦੌਰਾਨ ਹੋਈ ਹਿੰਸਾ ਦੇ ਸੰਬੰਧ 'ਵਿਚ 7 ਐਫ.ਆਈ.ਆਰ. ਦਰਜ ਕੀਤੀਆਂ ਹਨ ।ਇਸ ਵਿਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜ਼ਿਆ-ਉਰ-ਰਹਿਮਾਨ ਬਰਕ ਤੇ ਸਥਾਨਕ ਸਪਾ ਵਿਧਾਇਕ ਇਕਬਾਲ ਮਹਿਮੂਦ ਦੇ ਪੁੱਤਰ ਸੋਹੇਲ ਇਕਬਾਲ ਸਮੇਤ 2,750 ਹੋਰ ਅਣਪਛਾਤਿਆਂ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ ।  ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਸੁਪਰਡੈਂਟ ਕਿ੍ਸ਼ਨ ਕੁਮਾਰ ਨੇ ਕਿਹਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਹਨ ਤੇ 30 ਨਵੰਬਰ ਤੱਕ ਸੰਭਲ ਵਿਚ ਬਾਹਰੀ ਲੋਕਾਂ ਦੇ ਦਾਖਲੇ 'ਤੇ ਰੋਕ ਲਗਾ ਦਿੱਤੀ ਹੈ ।ਜ਼ਿਲ੍ਹੇ ਵਿਚ ਇੰਟਰਨੈੱਟ ਸੇਵਾਵਾਂ ਮੁਅੱਤਲ ਹਨ ।

ਦੂਜੇ ਪਾਸੇ ਮਸਜਿਦ ਦੀ ਪ੍ਰਬੰਧਨ ਕਮੇਟੀ ਨੇ ਬੀਤੇ ਐਤਵਾਰ ਨੂੰ ਮਸਜਿਦ ਵਿਚ ਸਰਵੇ ਦੌਰਾਨ ਭੜਕੀ ਹਿੰਸਾ ਲਈ ਸਥਾਨਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਮਸਜਿਦ ਦੀ ਖੁਦਾਈ ਦੀ ਅਫ਼ਵਾਹ ਫੈਲਣ ਨਾਲ ਭੀੜ ਭੜਕੀ ਸੀ। ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਪੁਲਿਸ ਨੇ ਸ਼ਾਹੀ ਜਾਮਾ ਮਸਜਿਦ ਦੇ ਪ੍ਰਬੰਧ ਕਮੇਟੀ ਦੇ ਪ੍ਰਧਾਨ ਜਫ਼ਰ ਅਲੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਉਨ੍ਹਾਂ ਨੇ ਹਿੰਸਾ ਦੇ ਮਾਮਲੇ ਵਿਚ ਸਥਾਨਕ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਾਏ ਸਨ। ਉਨ੍ਹਾਂ ਕਿਹਾ, ‘‘ਮਸਜਿਦ ਦਾ ਮੁੜ ਸਰਵੇਖਣ ਅਦਾਲਤ ਦੇ ਹੁਕਮ ’ਤੇ ਨਹੀਂ ਬਲਕਿ ਜ਼ਿਲ੍ਹਾ ਅਧਿਕਾਰੀ ਦੇ ਹੁਕਮ ’ਤੇ ਹੋਇਆ। ਇਹ ਸਰਵੇ ਗ਼ੈਰਕਾਨੂੰਨੀ ਤਰੀਕੇ ਨਾਲ ਹੋਇਆ ਸੀ।’’ 

ਵਿਰੋਧੀ ਧਿਰ ਵਲੋਂ ਭਾਜਪਾ ਦੀ ਨਿੰਦਾ

ਸੰਭਲ ਵਿਚ ਜਾਮਾ ਮਸਜਿਦ ਦੇ ਸਰਵੇਖਣ ਨੂੰ ਲੈ ਕੇ ਹੋਈ ਹਿੰਸਾ ਲਈ ਵਿਰੋਧੀ ਧਿਰ ਨੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਹੈ ਕਿ ਭਾਜਪਾ ਸਰਕਾਰ ਨੇ ਜ਼ਿਮਨੀ ਚੋਣਾਂ ਵਿਚ ਵੋਟਾਂ ਦੀ ਲੁੱਟ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸੰਭਲ ਵਿਚ ਹੰਗਾਮਾ ਕਰਵਾਇਆ ਸੀ।ਉਨ੍ਹਾਂ ਨੇ ਸਵਾਲ ਕੀਤਾ ਕਿ ਇਕ ਵਾਰ ਮਸਜਿਦ ਦਾ ਸਰਵੇ ਹੋ ਚੁੱਕਾ ਸੀ ਤਾਂ ਦੁਬਾਰਾ ਇਸ ਦੀ ਕੀ ਲੋੜ ਸੀ? ਸੰਭਲ ਵਿੱਚ ਹੋਏ ਹੰਗਾਮੇ ਨੂੰ ਲੈ ਕੇ ਉਸ ਨੇ ਸਰਕਾਰ ਤੇ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ 'ਤੇ ਇਕ ਵੀਡੀਓ ਪੋਸਟ ਕਰ ਕੇ ਸੁਪਰੀਮ ਕੋਰਟ ਤੋਂ ਮਾਮਲੇ ਦਾ ਨੋਟਿਸ ਲੈਣ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਹੈ ਕਿ ਜਿਨ੍ਹਾਂਭਾਜਪਾ ਪਖੀ ਲੋਕਾਂ ਨੇ ਮੌਕੇ 'ਤੇ ਹੀ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਦੇ ਉਦੇਸ਼ ਨਾਲ ਨਾਅਰੇਬਾਜ਼ੀ ਕਰਨ ਵਾਲੇ ਲੋਕਾਂ ਨੂੰ ਨਾਲ ਲੈ ਕੇ ਗਏ ਸਨ, ਉਨ੍ਹਾਂ ਵਿਰੁੱਧ ਅਮਨ-ਸ਼ਾਂਤੀ ਨੂੰ ਭੰਗ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਬਾਰ ਐਸੋਸੀਏਸ਼ਨ ਵੀ ਅਨੁਸ਼ਾਸਨੀ ਕਾਰਵਾਈ ਕਰਨੀ ਬਸਪਾ ਪ੍ਰਧਾਨ ਮਾਇਆਵਤੀ ਨੇ ਸੰਭਲ ਵਿਚ ਹੋਏ ਹੰਗਾਮੇ 'ਤੇ ਕਿਹਾ ਕਿ ਸਰਵੇ ਦੌਰਾਨ ਜੋ ਹੋਇਆ ਉਸ ਲਈ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਹਿੰਦੂ-ਮੁਸਲਿਮ ਭਾਈਚਾਰੇ ’ਚ ਵੰਡੀਆਂ ਪਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ। ਮੈਂ ਸੁਪਰੀਮ ਕੋਰਟ ਨੂੰ ਅਪੀਲ ਕਰਦਾ ਹਾਂ ਕਿ ਉਹ ਜਲਦੀ ਤੋਂ ਜਲਦੀ ਮਾਮਲੇ ’ਚ ਦਖਲ ਦੇ ਕੇ ਇਨਸਾਫ ਯਕੀਨੀ ਬਣਾਏ।’ ਇਸੇ ਤਰ੍ਹਾਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਐਕਸ ’ਤੇ ਲਿਖਿਆ, ‘ਸੰਭਲ ਵਿਚ ਅਚਾਨਕ ਹੋਈ ਹਿੰਸਾ ਪ੍ਰਤੀ ਸੂਬਾ ਸਰਕਾਰ ਦਾ ਰਵੱਈਆ ਬਹੁਤ ਹੀ ਨਿਰਾਸ਼ਾ ਭਰਿਆ ਸੀ।’ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਮਸਲੇ ਦਾ ਨੋਟਿਸ ਲੈਣਾ ਚਾਹੀਦਾ ਹੈ। ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸੰਭਲ ’ਚ ਦੰਗੇ ਕਰਵਾਏ ਹਨ ਅਤੇ ਉਨ੍ਹਾਂ ਮੰਗ ਕੀਤੀ ਕਿ ਮੌਤਾਂ ਲਈ ਜ਼ਿੰਮੇਵਾਰ ਪੁਲੀਸ ਤੇ ਪ੍ਰਸ਼ਾਸਨ ਦੇ ਲੋਕਾਂ ਨੂੰ ਮੁਅੱਤਲ ਕੀਤਾ ਜਾਵੇ ਤੇ ਉਨ੍ਹਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਜਾਵੇ। 

ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਰਾਏ ਨੇ ਸੰਭਲ ਕਾਂਡ 'ਤੇ ਕਿਹਾ ਕਿ ਭਾਜਪਾ ਨਫ਼ਰਤ ਦੀ ਰਾਜਨੀਤੀ ਫੈਲਾ ਰਹੀ ਹੈ।  ਜਦੋਂ ਸੂਬੇ ਦੇ ਮੁੱਖ ਮੰਤਰੀ ਖੁਦ ਹੀ ਬਟੇਗੇ ਤਾਂ ਕਟੇਗੇ ਅਜਿਹੇ ਬਿਆਨ ਦੇ ਰਹੇ ਹਨ ਤਾਂ ਫਿਰ ਸੂਬੇ ਵਿਚ ਸ਼ਾਂਤੀ ਦਾ ਮਾਹੌਲ ਕਿਵੇਂ ਰਹਿ ਸਕਦਾ ਹੈ, ਇਹ ਪੂਰੀ ਤਰੀਕੇ ਨਾਲ ਯੋਜਨਾਬੱਧ ਘਟਨਾ ਹੈ। 

ਯੂਪੀ ਸਰਕਾਰ ਦਾ ਪੱਖ

ਭਾਜਪਾ ਆਗੂ ਬ੍ਰਜੇਸ਼ ਪਾਠਕ ਉਪ ਮੁੱਖ ਮੰਤਰੀ  ਨੇ ਸੰਭਲ ਕਾਂਡ ਦੇ ਸੰਦਰਭ ਵਿਚ ਸਮਾਜਵਾਦੀ ਪਾਰਟੀ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਸ ਦਾ ਨਿਆਂਪਾਲਿਕਾ 'ਤੇ ਕੋਈ ਭਰੋਸਾ ਨਹੀਂ ਹੈ। ਉਸ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ’ਤੇ ਏ.ਐਸ.ਆਈ ਦੀ ਟੀਮ ਮਸਜਿਦ ਵਿੱਚ ਸਰਵੇ ਕਰਨ ਗਈ ਸੀ। ਸਪਾ ਨੂੰ ਨਾ ਤਾਂ ਚੋਣ ਕਮਿਸ਼ਨ ਤੇ ਨਾ ਹੀ ਸੰਵਿਧਾਨਕ ਸੰਸਥਾਵਾਂ 'ਤੇ ਭਰੋਸਾ ਹੈ। 

ਉਚੇਰੀ ਸਿੱਖਿਆ ਮੰਤਰੀ ਯੋਗੇਂਦਰ ਉਪਾਧਿਆਏ ਨੇ ਕਿਹਾ ਕਿ ਅਦਾਲਤੀ ਹੁਕਮ ਨਾ ਮੰਨਣਾ ਅਪਰਾਧ ਹੈ। ਸੰਭਲ ਵਿਚ ਪਥਰਾਅ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਦੇ ਕਾਰਜਕਾਲ ਵਿਚ ਸਾਰਿਆਂ ਨੂੰ ਕਾਨੂੰਨ ਵਿਵਸਥਾ ਦੀ ਪਾਲਣਾ ਕਰਨੀ ਪਵੇਗੀ।

ਕੋਣ ਜ਼ਿੰਮੇਵਾਰ

ਯੂ ਪੀ ਅਸੰਬਲੀ ਦੀਆਂ ਜ਼ਿਮਨੀ ਚੋਣਾਂ ’ਚ 9 ਵਿੱਚੋਂ 7 ਸੀਟਾਂ ’ਤੇ ਭਾਜਪਾ ਦੀ ਜਿੱਤ ਦਾ ਬੀਤੇ ਐਤਵਾਰ ਸੰਭਲ ਕਸਬੇ ਦੀ ਹਿੰਸਾ, ਜਿਸ ਵਿਚ ਪੰਜ ਮੁਸਲਮ ਨੌਜਵਾਨਾਂ ਦੀ ਮੌਤ ਹੋ ਗਈ, ਨਾਲ ਕੀ ਰਿਸ਼ਤਾ ਹੋ ਸਕਦਾ ਹੈ? ਚੋਣਾਂ ਦੌਰਾਨ ਪੁਲਸ ਤੇ ਪ੍ਰਸ਼ਾਸਨ ਦੀ ਭੂਮਿਕਾ ਅਤੇ ਸੰਭਲ ਦੀ ਜਾਮਾ ਮਸਜਿਦ ਦੇ ਸਰਵੇਖਣ ਦੇ ਅਦਾਲਤੀ ਹੁਕਮ ਤੇ ਸਰਵੇਖਣ ਦੌਰਾਨ ਹੋਈ ਹਿੰਸਾ ਵਿਚ ਪੁਲਸ ਦੇ ਰਵੱਈਏ ਨੂੰ ਦੇਖੀਏ ਤਾਂ ਇਸ ਹਿੰਸਕ ਕਾਂਡ ਨੂੰ ਸਮਝਿਆ ਜਾ ਸਕਦਾ ਹੈ। ਸੰਭਲ ਦੇ ਨਾਲ ਲੱਗਦੀ ਮੁਸਲਮ ਬਹੁਗਿਣਤੀ ਵਾਲੀ ਕੁੰਦਰਕੀ ਸੀਟ ਭਾਜਪਾ ਭਾਰੀ ਬਹੁਮਤ ਨਾਲ ਜਿੱਤੀ ਹੈ। ਪੋਲਿੰਗ ਵਾਲੇ ਦਿਨ ਚੱਲੇ ਵੀਡੀਓਜ਼ ਵਿਚ ਪੁਲਸ ਮੁਸਲਮ ਵੋਟਰਾਂ ਨੂੰ ਬੂਥ ਤੱਕ ਜਾਣ ਤੋਂ ਰੋਕਦੀ, ਵੋਟਰ ਪਰਚੀਆਂ ਖੋਂਹਦੀ ਤੇ ਗੋਲੀ ਚਲਾਉਣ ਦੀ ਧਮਕੀ ਦਿੰਦੀ ਨਜ਼ਰ ਆਈ। 

ਸੰਭਲ ਦੀ ਜਾਮਾ ਮਸਜਿਦ ਤੋਂ ਪਹਿਲਾਂ ਉੱਥੇ ਕੀ ਸੀ? ਇਸ ਨੂੰ ਜਾਨਣ ਲਈ ਇਕ ਪੁਜਾਰੀ ਵੱਲੋਂ 19 ਨਵੰਬਰ ਨੂੰ ਲਾਈ ਗਈ ਅਰਜ਼ੀ ਦੇ ਤਿੰਨ ਘੰਟਿਆਂ ਦੇ ਵਿੱਚ-ਵਿੱਚ ਸਿਵਲ ਜੱਜ (ਸੀਨੀਅਰ ਡਵੀਜ਼ਨ) ਆਦਿੱਤਿਆ ਸਿੰਘ ਨੇ ਮਸਜਿਦ ਦੇ ਸਰਵੇਖਣ ਦਾ ਆਦੇਸ਼ ਦੇ ਦਿੱਤਾ ਤੇ ਇਸ ਲਈ ਐਡਵੋਕੇਟ ਕਮਿਸ਼ਨਰ ਦੀ ਨਿਯੁਕਤੀ ਵੀ ਕਰ ਦਿੱਤੀ। ਨਾਲ ਹੀ 29 ਨਵੰਬਰ ਨੂੰ ਰਿਪੋਰਟ ਦਾਖਲ ਕਰਨ ਲਈ ਕਹਿ ਦਿੱਤਾ। ਅਦਾਲਤ ਨੇ ਮਸਜਿਦ ਕਮੇਟੀ ਨੂੰ ਨੋਟਿਸ ਜਾਰੀ ਕਰਕੇ ਉਸ ਦਾ ਪੱਖ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ। ਕੀ ਸਿਵਲ ਜੱਜ ਸਥਿਤੀ ਜਿਉ ਦੀ ਤਿਉ ਰੱਖਣ ਵਾਲੇ ਕਾਨੂੰਨ ਤੋਂ ਨਾਵਾਕਫ ਹਨ? ਪਰ ਉਹ ਕਹਿ ਸਕਦੇ ਹਨ ਕਿ ਸੁਪਰੀਮ ਕੋਰਟ ਨੇ ਗਿਆਨਵਾਪੀ ਮਸਜਿਦ ਦੇ ਸਰਵੇਖਣ ਨੂੰ ਵਾਜਬ ਮੰਨਿਆ ਤਾਂ ਉਨ੍ਹਾ ਸੰਭਲ ਦੀ ਮਸਜਿਦ ਦੇ ਸਰਵੇਖਣ ਦਾ ਆਦੇਸ਼ ਦੇ ਕੀ ਗਲਤ ਕੀਤਾ? ਅਦਾਲਤ ਦਾ ਆਦੇਸ਼ ਲੋਕਾਂ ਤੱਕ ਪੁੱਜਾ ਹੀ ਨਹੀਂ ਸੀ ਕਿ ਟੀਮ ਉਸੇ ਦਿਨ ਸਰਵੇਖਣ ਕਰਨ ਪੁੱਜ ਗਈ। ਸਥਾਨਕ ਮੁਸਲਮਾਨਾਂ ਵੱਲੋਂ ਇਸ ’ਤੇ ਪ੍ਰਤੀਕਿਰਿਆ ਹੋਣੀ ਸੰਭਵ ਸੀ, ਪਰ ਸਾਂਸਦ ਨੇ ਲੋਕਾਂ ਨੂੰ ਸ਼ਾਂਤ ਕਰਕੇ ਸਰਵੇਖਣ ਕਰਨ ਵਿੱਚ ਪੁਲਸ ਤੇ ਪ੍ਰਸ਼ਾਸਨ ਦੀ ਮਦਦ ਕੀਤੀ। ਫਿਰ ਅਚਾਨਕ 24 ਨਵੰਬਰ ਦੀ ਸਵੇਰ ਸਰਵੇਖਣ ਟੀਮ ਦੁਬਾਰਾ ਪੁੱਜ ਗਈ। ਟੀਮ ਦੇ ਨਾਲ ਲੋਕ ਜੈ ਸ੍ਰੀ ਰਾਮ ਦੇ ਨਾਅਰੇ ਵੀ ਲਾ ਰਹੇ ਸਨ। ਕੀ ਇਹ ਦੂਜੀ ਧਿਰ ਨੂੰ ਉਕਸਾਉਣ ਲਈ ਕਾਫੀ ਨਹੀਂ ਸੀ? ਪ੍ਰਸ਼ਾਸਨ ਤੇ ਪੁਲਸ ਨੂੰ ਵੀ ਪਤਾ ਹੋਣਾ ਚਾਹੀਦਾ ਸੀ ਕਿ ਇਨ੍ਹਾਂ ਹਾਲਤਾਂ ਵਿੱਚ ਲੋਕ ਭੜਕ ਸਕਦੇ ਹਨ। ਹਿੰਸਾ ਦੇ ਬਾਅਦ ਇਕ ਅਧਿਕਾਰੀ ਨੇ ਕਿਹਾ ਕਿ ਹਿੰਸਾ ਗਿਣ-ਮਿੱਥ ਕੇ ਕੀਤੀ ਗਈ, ਪਰ ਜਦ ਸਰਵੇਖਣ ਟੀਮ ਅਚਾਨਕ ਬਿਨਾਂ ਦੱਸੇ ਪੁੱਜੀ ਤਾਂ ਹਿੰਸਾ ਗਿਣ-ਮਿੱਥ ਕੇ ਕਿਵੇਂ ਹੋ ਸਕਦੀ ਹੈ?

ਹੁਣ ਪੁਲਸ ਨੇ ਸਪਾ ਸਾਂਸਦ ਜ਼ਿਆ-ਉਰ-ਰਹਿਮਾਨ ਬਰਕ ਤੇ ਵਿਧਾਇਕ ਨਵਾਬ ਇਕਬਾਲ ਮਹਿਮੂਦ ਦੇ ਬੇਟੇ ਸੁਹੇਲ ਇਕਬਾਲ ਸਣੇ ਛੇ ਲੋਕਾਂ ਦੇ ਨਾਂਅ ਲੈ ਕੇ ਤੇ 2750 ਹੋਰਨਾਂ ਖਿਲਾਫ ਐੱਫ ਆਈ ਆਰ ਦਰਜ ਕਰ ਲਈ ਹੈ। ਏਨੇ ਲੋਕਾਂ ਖਿਲਾਫ ਐੱਫ ਆਈ ਆਰ ਬਲਦੀ ’ਤੇ ਤੇਲ ਪਾਉਣ ਦਾ ਹੀ ਕੰਮ ਕਰੇਗੀ।

ਧਰਮ ਸਥਾਨ (ਵਿਸ਼ੇਸ਼ ਮੱਦਾਂ) ਐਕਟ 1991 ਕਹਿੰਦਾ ਹੈ ਕਿ 15 ਅਗਸਤ 1947 ਤੱਕ ਮੌਜੂਦ ਧਰਮ ਸਥਾਨਾਂ ਦੀ ਸ਼ਕਲ ਨਹੀਂ ਬਦਲੀ ਜਾਵੇਗੀ, ਪਰ ਅਯੁੱਧਿਆ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਤੇ ਉਸ ਤੋਂ ਬਾਅਦ ਗਿਆਨਵਾਪੀ ਦੇ ਸਰਵੇਖਣ ’ਤੇ ਇਤਰਾਜ਼ ਨਾ ਕਰਨ ਤੋਂ ਬਾਅਦ ਆਏ ਦਿਨ ਅਦਾਲਤਾਂ ਵਿਚ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਫਲਾਂ ਮਸਜਿਦ ਤੋਂ ਪਹਿਲਾਂ ਉੱਥੇ ਮੰਦਰ ਹੁੰਦਾ ਸੀ ਤੇ ਅਦਾਲਤਾਂ ਵੀ ਸਰਵੇਖਣ ਦੇ ਆਦੇਸ਼ ਸੁਣਾਈ ਜਾ ਰਹੀਆਂ ਹਨ। ਪੁਲਸ ਤੇ ਪ੍ਰਸ਼ਾਸਨ ਵੀ ਇਨ੍ਹਾਂ ਮਾਮਲਿਆਂ ਵਿੱਚ ਨਿਰਪੱਖ ਨਜ਼ਰ ਨਹੀਂ ਆ ਰਹੇ। ਭਾਜਪਾ ਦੀ ਜਿੱਤ ਦਾ ਨੌਕਰਸ਼ਾਹੀ, ਪੁਲਸ ਤੇ ਅਦਾਲਤ ਦੇ ਰੁਖ ’ਤੇ ਕੀ ਅਸਰ ਹੋਇਆ, ਇਹ ਸੰਭਲ ਦੀ ਘਟਨਾ ਦੱਸ ਰਹੀ ਹੈ।