ਕੀ ਹੈ ਸਿੱਖ ਸਿਆਸਤ ਦਾ ਮੂੰਹ ਮਹਾਂਦਰਾ? 

ਕੀ ਹੈ ਸਿੱਖ ਸਿਆਸਤ ਦਾ ਮੂੰਹ ਮਹਾਂਦਰਾ? 

ਸੰਸਾਰ ਦੇ ਤਕਰੀਬਨ ੧੭੨ ਮੁਲਕਾਂ ਅੰਦਰ ਆਬਾਦ ਦੱਸੀਦੀ ਹੈ ਸਿੱਖ ਕੌਮ! ਸਿੱਖ ਕੌਮ ਦੀ ਵਸੋਂ ਘੱਟ ਵੱਧ ਰੂਪ ਵਿਚ ਹੈ ਇਨ੍ਹਾਂ ਸਾਰੇ ਦੇਸ਼ਾਂ ਵਿਚ।

ਸਿੱਖ ਦੇ ਸਰੋਕਾਰ ਜਾਤੀ ਨਹੀਂ ਹੁੰਦੇ ਹਮੇਸ਼ਾਂ ਜਮਾਤੀ ਤਥਾ ਪੰਥਕ ਹੁੰਦੇ ਹਨ। ਬਹੁਤ ਵਾਰ ਸਿੱਖ ਸਿਆਸਤ ਨੂੰ ਅਸੀਂ ਕੇਵਲ ਜੱਥੇਬੰਦੀਆਂ ਦੀ ਸੋਚ ਤੇ ਕਰਮ ਤੱਕ ਸੀਮਤ ਕਰਕੇ ਵੇਖਣ ਦੀ ਭੁੱਲ ਕਰਦੇ ਹਾਂ। ਸਿੱਖੀ ਸਰੋਕਾਰ ਬਹੁ - ਪੱੱਖੀ ਹਨ। ਸਿੱਖ ਦੀ ਸੋਚ ਦਾ ਘੇਰਾ ਸਰਬੱਤ ਦਾ ਭਲਾ ਨਿਯਤ ਕੀਤਾ ਹੈ ਸਾਡੇ ਸਤਿਗੁਰੂ ਸਾਹਿਬਾਨ ਨੇ। ਗੁਰੂ ਨਜ਼ਰੀਆ ਵੀ ਬਹੁਤ  ਵਸੀਹ ਹੈ ਤੇ ਗੁਰੂ ਕਰਮ ਵੀ। ਇਹ ਨਜ਼ਰੀਆ " ਚੜ੍ਹਿਆ ਸੋਧਣਿ ਧਰਤਿ ਲੁਕਾਈ " ਵਾਲਾ ਮਿਲਦਾ ਹੈ। ਸਿੱਖ ਸਿਆਸਤ ਵਿਚ, ਸਿੱਖ , ਸਵਾਰਥ ਰਹਿਤ ਪਾਤਰ ਹੈ ਜੋ ੨੪ ਘੰਟੇ ਚੇਤੰਨ ਅਵਸਥਾ ਵਿਚ ਰਹਿੰਦਾ ਹੈ। ਗੁਰੂ ਬਖਸ਼ੀ ਦ੍ਰਿਸ਼ਟੀ ਵੀ ਚੌਕੰਨੇ ਰਹਿ ਕੇ ਚੌਗਿਰਦੇ 'ਤੇ ਟਿਕਾਈ ਰੱਖਦਾ ਹੈ। 

ਵਰਤਮਾਨ ਸਿੱਖ ਕੌਮ ਦਾ ਭਾਵੇਂ ਉਨ੍ਹਾ ਜੱਥੇਬੰਦ ਨਹੀਂ ਹੈ ਜਿਵੇਂ ਦਾ ਗੁਰੂ ਜੀ ਨੇ ਕੀਤਾ ਸੀ। ਫਿਰ ਵੀ ਸੰਸਾਰ ਦੀ ਬਹੁਤ ਛੋਟੀ ਕੌਮ ਹੋਣ ਦੇ ਬਾਵਜੂਦ ਸੰਸਾਰ ਵਿਚ ਵੱਖਰੀ ਪਹਿਚਾਣ ਰੱਖਦੀ ਹੈ। 

 ਸਿੱਖ ਦਾ ਸਮੁੱਚਾ ਜੀਵਨ ਇਨ੍ਹਾਂ ਛੇ ਅਸੂਲਾਂ ਦੇ ਚੌਗਿਰਦੇ ਘੁੰਮਦਾ ਹੈ "ਕਿਰਤ ਕਰੋ, ਨਾਮ ਜਪੋ, ਵੰਡ ਛੱਡੋ " ਤੇ  " ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ "। ਗੁਰਬਾਣੀ ਅਤੇ  ਇਤਿਹਾਸ, ਪੀੜੀ ਦਰ ਪੀੜੀ ਇਹ ਸਬਕ ਪਕਾਉਣ, ਦ੍ਰਿੜ ਕਰਵਾਉਣ ਦੀ ਨਿਰੰਤਰ ਕਿਰਿਆ ਕਰਦੇ ਹਨ। ਵਰਤਮਾਨ  ਕਈ ਦੁਸ਼ਵਾਰੀਆਂ ਲੈ ਕੇ ਖੜ੍ਹਾ ਮਿਲਦਾ ਹੈ।  ਕਿਉਂਕਿ ਹਰ ਵਕਤ ਸਿੱਖ ਕੌਮ ਨੂੰ  ਇਸ ਦੀ ਹਸਤੀ ਤੇ ਹੋਂਦ ਤੋਂ ਘਬਰਾਉਣ ਵਾਲੀਆਂ ਸ਼ਕਤੀਆਂ ਕਿਸੇ ਨ ਕਿਸੇ ਇਮਤਿਹਾਨ ਵਿਚ ਉਲਝਾਈ ਰੱਖਦੀਆਂ ਹਨ । ਸਿੱਖ ਨੂੰ ਸਮਝਣ ਲਈ ਓਪਰੀ ਦ੍ਰਿਸ਼ਟੀ ਕੰਮ ਨਹੀਂ ਆਉਂਦੀ। ਘੋਖਵੀਂ ਦ੍ਰਿਸ਼ਟੀ ਦੀ ਲੋੜ ਹੈ ਸਿੱਖ ਨੂੰ ਸਮਝਣ ਲਈ। 

ਬਹੁਤ ਵਾਰੀ ਇਸ ਦੀਆਂ ਚੰਦ ਜੱਥੇਬੰਦੀਆਂ ਦੇ ਵਰਤਾਰਿਆਂ ਚੋ'  ਇਸ ਬਾਰੇ ਅੰਦਾਜ਼ੇ ਲਾਏ ਜਾਂਦੇ ਹਨ ਤੇੇ ਨਜ਼ਰੀਆ ਘੜਿਆ ਜਾਂਦਾ ਹੈ। ਇਹ ਸਭ ਓਪਰੀ ਦ੍ਰਿਸ਼ਟੀ ਦੀਆਂ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਹਨ ਜਿਨ੍ਹਾਂ ਰਾਹੀਂ ਨਿੱਕਲਦੇ ਨਤੀਜੇ ਭਰਮ ਭਰੇ ਹੀ ਹੁੰਦੇ ਹਨ। ਉਹ ਸਹੀ ਰੂਪ ਤੇ ਸਹੀ ਨਤੀਜੇ ਨਹੀਂ ਹੁੰਦੇ। 

ਪਿਛਲੇ ਕੁਝ ਅਰਸੇ ਤੋਂ ਪੰਜਾਬ ਅੰਦਰ ਧੜਿਆਂ ਦੀ ਸਿਆਸਤ , ਵੱਡੇ ਨਿਘਾਰ ਵੱਲ ਹੈ ਖਾਸ ਕਰਕੇ ਬਾਦਲ ਧੜਾ ਆਪਣੀਆਂ ਕੀਤੀਆਂ ਅੰਧਾ ਧੁੰਦ ਗ਼ਲਤੀਆਂ ਦੀ ਮਾਰ ਨਾਲ ਪੀੜਤ ਹੋ ਕੇ ਜਾਰ ਜਾਰ ਹੈ। ਕੁਰਸੀ ਦੀ ਰਾਜਨੀਤੀ ਤੋਂ ਜਨ ਸਾਧਾਰਨ ਵੀ ਹਮੇਸ਼ਾਂ ਪ੍ਭਾਵਿਤ ਹੁੰਦਾ ਸੀ ਹੁੰਦਾ ਹੈ ਤੇ ਹੁੰਦਾ ਰਹੇਗਾ। ਇਹ ਨਵੀਂ ਗੱਲ ਨਹੀਂ ਹੈ। ਧੜੇ ਕਦੀ ਵੀ ਕੌਮ ਦਾ ਅਸਲ ਮੂੰਹ ਮੁਹਾਂਦਰਾ ਨਹੀਂ ਹੁੰਦੇ। ਧੜੇ ਦਾ ਕੋਈ ਸਿਰਾ ਕੌਮ ਨਾਲ ਕੱਚੇ ਪੱਕੇ ਰੂਪ ਵਿਚ ਜੁੜਿਆ ਹੋਣ ਕਰਕੇ ਉਹ ਇਨ੍ਹਾਂ ਦੇ ਵਰਤਾਰਿਆਂ ਰਾਹੀਂ ਪੂਰੀ ਕੌਮੀ ਹੋਣੀ ਨੂੰ ਰੂਪਮਾਨ ਕਰਨ ਵਿਚ ਭੁਲੇਖੇ ਖੜ੍ਹੇ ਕਰਨ ਦਾ ਕਾਰਣ ਬਣ ਜਾਂਦਾ ਹੈ। 

ਜੇ ਅਸੀਂ ਅੱਜ ਸਿੱਖ ਸਿਆਸਤ ਦੇ ਮੂੰਹ ਮੁਹਾਂਦਰੇ  ਨੂੰ ਜੱਥੇਬੰਦ ਰੂਪ ਵਿਚ ਕਿਧਰੇ ਤੱਕਣਾ ਜਾਂ ਵੇਖਣ ਦੀ ਗੱਲ ਕਰੀਏ ਤਾਂ ਸਾਡੇ ਹੱਥ ਤਾਂ ਇਸ ਪੱਖੋਂ ਨਿਰਾਸ਼ਾ ਵੀ ਪੈਂਦੀ ਹੈ। ਉਮੀਦ ਦੀ ਕਿਰਨ ਲਈ ਸੰਸਾਰ ਭਰ ਵਿਚ ਕਿਰਤ ਤੇ ਕਰਮ ਖੇਤਰ ਵਿਚ ਵਿਚਰਦੇ ਸਿੱਖਾਂ ਨੂੰ ਕੌਮ ਦਾ ਜਾਤੀ ਜਾਂ ਜਮਾਤੀ ਤੌਰ ਤਰੀਕਾ ਵੇਖਣਾ ਬਣਦਾ ਹੈ। ਪ੍ਰਾਪਤੀਆਂ ਦਾ ਅੰਦਾਜ਼ਾ ਇਸ ਨੂੰ ਮਿਲਦੇ ਮਾਣ ਸਨਮਾਨ ਦੇ ਅੰਕੜਿਆਂ ਤੋਂ ਲਾਇਆ ਜਾ ਸਕਦਾ ਹੈ। ਭਾਵੇਂ ਇਹ ਅੰਕੜੇ ਇਕ ਥਾਂ ਸੰਗ੍ਰਹਿ ਕੀਤੇ ਨਹੀਂ ਮਿਲਦੇ ਫਿਰ ਵੀ ਘੱਟ ਵੱਧ ਚਰਚਾ ਵਿਚ ਆ ਹੀ ਜਾਂਦੇ ਹਨ।

ਸੱਚ ਤਾਂ ਇਹ ਹੈ ਕਿ "ਸਿੱਖ ਸਿਆਸਤ ਦਾ ਮੂੰਹ ਮੁਹਾਂਦਰਾ ਵਰਤਮਾਨ ਹਾਲਾਤਾਂ ਵਿਚ ਮੁੜ ਵਿਚਾਰਨ ਤੇ ਨਿਰਧਾਰਤ ਕਰਨ ਦੀ ਲੋੜ ਹੈ।

"ਅਗਲਾ ਸਵਾਲ ਇਹ ਹੋਵੇ ਕਿਵੇਂ ਜਾਂ ਕਰੇ ਕੌਣ? ਕੌਮੀ ਸੋਚ ਦਾ ਧੁਰਾ ਗਿਆਨ ਦੇ ਪੱਖੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਨਿਰਣੇ ਲੈਣ ਲਈ ਸ਼ਕਤੀ ਕੇਂਦਰ ਸ੍ਰੀ ਅਕਾਲ ਤਖ਼ਤ ਹੈ। ਅਕਾਲ ਤਖ਼ਤ ਦਾ ਪ੍ਬੰਧ ਖ਼ਾਲਸਾ ਪੰਥ ਦੇ ਹੱਥ ਹੋਣਾ ਜ਼ਰੂਰੀ ਹੈ। ਓੱਥੇ ਕੰਮ ਕਿਵੇਂ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਸੰਸਾਰ ਭਰ ਵਿਚ ਵੱਸਦੇ ਸਿੱਖ ਵਿਸ਼ਵਾਸ ਬੱਝ ਸਕੇ। 

ਅਸੰਭਵ ਤੇ ਕੁਝ ਵੀ ਨਹੀਂ ਹੁੰਦਾ ਜੇ ਕੌਮ ਆਪਣੇ ਭਲੇ ' ਚ ਕਰਨਾ ਚਾਹੇ।  

ਪਿਛਲੇ ਲੰਮੇ ਅਰਸੇ ਤੋਂ ਸ੍ਰੀ ਅਕਾਲ ਤਖ਼ਤ ਦੇ ਪ੍ਰਬੰਧ ਤੇ ਕੰਮ ਵਿਧੀ ਨੂੰ ਲੈ ਕੇ ਕੌਮ ਵਿਚ ਫੈਲੀ ਨਿਰਾਸ਼ਤਾ ਨੇ ਬਹੁਤ ਨੁਕਸਾਨ ਪਹੁੰਚਾਇਆ ਹੈ। ਆਪਸੀ ਦੂਰੀਆਂ ਵਧੀਆਂ ਹਨ ਬੇਵਿਸ਼ਵਾਸੀ ਵਿਚ ਢੇਰ ਵਾਧਾ ਹੋਇਆ ਹੈ। ਜੱਥਿਆਂ ਸੰਸਥਾਵਾਂ ਨੇ ਆਪਣੀ ਆਪਣੀ ਹੋਂਦ ਤੇ ਕਰਮ ਜੁਗਤਿ ਪੂਰੇ ਪੰਥ ਦਾ ਕਰਮ ਤੇ ਨਿਰਣਾ ਮੰਨਣ ਦਾ ਭਰਮ ਪਾਲਣਾ ਆਰੰਭ ਲਿਆ ਹੈ। ਇਹ ਬਹੁਤ ਖਤਰਨਾਕ ਰੁਝਾਨ ਹੈ ਇਸ ਦੇ ਕਾਇਮ ਰਹਿੰਦਿਆਂ ਕੌਮੀ ਤੌਰ ਤੇ ਨ ਕੋਈ ਨਿਰਣਾ ਲਿਆ ਜਾ ਸਕਦਾ ਨ ਹੀ ਕੌਮੀ ਜੁਗਤੀ ਨੂੰ ਸੰਸਾਰ ਸਾਹਮਣੇ ਰੱਖਿਆ ਜਾ ਸਕਦਾ ਹੈ। 

ਹਾਲ ਦੀ ਘੜੀ ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਹੋਰ ਉਡੀਕਣਾ ਪਵੇਗਾ ਸਿੱਖ ਸਿਆਸਤ ਦੇ ਕੌਮੀ ਮੁਹਾਂਦਰੇ ਸਾਕਾਰ ਕਰਨ ਵਾਸਤੇ। ਹਾਂ ਇਹ ਸੰਕਲਪ ਹਰ ਸਿੱਖ ਅਤੇ ਜੱਥੇਬੰਦੀ ਵਿਚ ਪੈਦਾ ਹੋਵੇ। ਹਰ ਪਾਸੇ ਤੋਂ ਐਸਾ ਕਰਨ ਦੀ ਕੌਮੀ ਮੰਗ ਤੇ ਉਮੀਦ ਨੇਕ ਭਾਵਨਾ ਦੇ ਰੂਪ ਵਿਚ ਹਰ ਪਾਸਿਓ ਉੱਠੇ। 

ਜੋ ਕੁਝ ਹੁਣ ਘਟ ਰਿਹਾ ਹੈ ਇਸ ਨਾਲ ਸਿੱਖ ਮਾਨਸਿਕਤਾ ਬਹੁਤ ਪੱਛੀ ਗਈ ਹੈ। ਇਹ ਸਭ ਤਰ੍ਹਾਂ ਦੁੱਖਦਾਈ ਹੈ। ਗੱਲ ਕਿਸੇ ਵਿਅਕਤੀ ਵਿਸ਼ੇਸ਼ ਨੂੰ ਉੱਚਾ ਨੀਵਾਂ ਕਰਕੇ ਵੇਖਣ ਜਾਂ ਬਿਆਨ ਕਰਨ ਦੀ ਨਹੀਂ ਹੈ। ਧੜਿਆਂ ਦੀ ਦਲ ਦਲ ਬਹੁਤ ਖ਼ਤਰਨਾਕ ਹੈ। ਖ਼ੁਦ ਨੂੰ ਸੰਭਾਲ ਕੇ ਨਿਰਲੇਪ ਰੱਖਣ ਵਾਲੀ ਸਮਝ ਗੁਰਬਾਣੀ ਤੇ ਇਤਿਹਾਸ ਵਿਚੋਂ ਲੈਣ ਦੀ ਲੋੜ ਹੈ। ਵਰਤਮਾਨ ਦੇ ਵਿਅਕਤੀ ਵਿਸ਼ੇਸ਼ ਤੋਂ ਨਹੀਂ। 

 

ਗਿਆਨੀ ਕੇਵਲ ਸਿੰਘ

ਸਾਬਕਾ ਜਥੇਦਾਰ 

ਤਖ਼ਤ ਸ੍ਰੀ ਦਮਦਮਾ ਸਾਹਿਬ।

95920-93472

panthaknagara@gmail.com