ਅਮਰੀਕਾ ਯੁਕਰੇਨ ਨੂੰ 77. 50 ਕਰੋੜ ਡਾਲਰ ਦੇ ਹਥਿਆਰਾਂ ਦਾ ਇਕ ਹੋਰ ਪੈਕੇਜ਼ ਦੇਵੇਗਾ

ਅਮਰੀਕਾ ਯੁਕਰੇਨ ਨੂੰ 77. 50 ਕਰੋੜ ਡਾਲਰ ਦੇ ਹਥਿਆਰਾਂ ਦਾ ਇਕ ਹੋਰ ਪੈਕੇਜ਼ ਦੇਵੇਗਾ

* ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਤੋਪਾਂ ਦੇ ਗੋਲੇ ਵੀ ਹੋਣਗੇ ਪੈਕੇਜ਼ ਵਿਚ ਸ਼ਾਮਿਲ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 20 ਅਗਸਤ (ਹੁਸਨ ਲੜੋਆ ਬੰਗਾ)-ਅਮਰੀਕਾ ਯੁਕਰੇਨ ਨੂੰ ਹਥਿਆਰਾਂ ਦਾ  ਇਕ ਹੋਰ ਪੈਕੇਜ਼ ਦੇਵੇਗਾ ਜਿਸ ਵਿਚ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਤੋਪਾਂ ਦੇ ਗੋਲੇ ਵੀ ਸ਼ਾਮਿਲ ਹੋਣਗੇ। ਅਮਰੀਕਾ ਦੀਆਂ ਅਖਬਾਰਾਂ ਵਿਚ ਛਪੀ ਰਿਪੋਰਟ ਅਨੁਸਾਰ ਇਹ ਖੁਲਾਸਾ ਪੈਂਟਾਗਨ ਦੁਆਰਾ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਤਹਿਤ ਆਪਣਾ ਨਾਂ ਗੁਪਤ ਰਖਦਿਆਂ ਰਖਿਆ ਵਿਭਾਗ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਕੀਤਾ ਹੈ। ਇਸ ਸੀਨੀਅਰ ਅਧਿਕਾਰੀ ਅਨੁਸਾਰ 77.50 ਕਰੋੜ ਡਾਲਰ ਦੇ ਇਸ ਪੈਕੇਜ਼ ਵਿਚ ਰੂਸੀ ਫੌਜ ਨੂੰ ਅਗੇ ਵਧਣ ਤੋਂ ਰੋਕਣ ਲਈ ਤੋਪਖਾਨੇ ਦੇ ਉੱਚ ਗਤੀਸ਼ੀਲਤਾ ਵਾਲੇ ਰਾਕਟ ਸਿਸਟਮ ਜਾਂ ਹਿਮਾਰਸ ਸਿਸਟਮ ਲਈ ਬਾਰੂਦ ਵੀ ਸ਼ਾਮਿਲ ਹੈ ਜਿਸ ਨੂੰ ਯੁਕਰੇਨੀ ਫੋਰਸਾਂ ਪਹਿਲਾਂ ਹੀ ਵਰਤ ਰਹੀਆਂ ਹਨ। ਯੁਕਰੇਨੀ ਫੋਰਸਾਂ ਰੂਸੀ ਫੌਜਾਂ ਦੀਆਂ ਚੌਕੀਆਂ ਨੂੰ ਤਬਾਹ ਕਰਨ ਲਈ 40 ਮੀਲ ਤੋਂ ਵਧ ਮਾਰ ਕਰਨ ਵਾਲੇ ਰਾਕਟ ਵਰਤ ਰਹੀਆਂ ਹਨ। ਇਸ ਅਧਿਕਾਰੀ ਅਨੁਸਾਰ ਰੂਸੀ ਫੌਜਾਂ ਇਸ ਸਾਲ ਫਰਵਰੀ ਵਿਚ ਅਗੇ ਵਧਣੀਆਂ ਸ਼ੁਰੂ ਹੋਈਆਂ ਸਨ ਜੋ ਇਸ ਸਮੇ ਰੁਕ ਗਈਆਂ ਹਨ। ਯੁਕਰੇਨੀ ਹਮਲੇ ਰੂਸ ਦੇ ਹਮਲੇ ਦੀ ਤੀਬਰਤਾ ਨੂੰ ਕਮਜੋਰ ਕਰ ਰਹੀਆਂ ਹਨ ਪਰੰਤੂ ਅਜੇ ਵੀ ਬਹੁਤ ਸਾਰਾ ਇਲਾਕਾ ਰੂਸ ਦੇ ਕਬਜ਼ੇ ਹੇਠ ਹੈ ਜਿਸ ਨੂੰ ਯੁਕਰੇਨੀ ਫੋਰਸਾਂ ਛੁਡਾਉਣ ਲਈ ਆਪਣੀ ਪੂਰੀ ਵਾਹ ਲਾ ਰਹੀਆਂ ਹਨ। ਇਸ ਪੈਕੇਜ਼ ਤਹਿਤ ਅਮਰੀਕਾ ਯੁਕਰੇਨ ਨੂੰ ਡਰੋਨ, ਰਵਾਇਤੀ ਤੋਪਖਾਨੇ ਦਾ ਅਸਲਾ ਤੇ ਰੂਸੀ ਫੌਜ ਵੱਲੋਂ ਸੜਕਾਂ ਉਪਰ ਵਿਛਾਈਆਂ ਗਈਆਂ ਬਾਰੂਦੀ ਸੁਰੰਗਾਂ ਤੋਂ ਬਚਣ ਲਈ ਗੱਡੀਆਂ ਵੀ ਦੇਵੇਗਾ। 2014 ਤੋਂ ਬਾਅਦ ਅਮਰੀਕਾ ਯੁਕਰੇਨ ਨੂੰ 12.6 ਅਰਬ ਡਾਲਰ ਦੀ ਫੌਜੀ ਮਦਦ ਦੇ ਚੁੱਕਾ ਹੈ ਜਿਸ ਵਿਚੋਂ ਪਿਛਲੇ ਇਕ ਸਾਲ ਵਿਚ ਹੀ ਅਮਰੀਕਾ ਨੇ ਯੁਕਰੇਨ ਨੂੰ 10 ਅਰਬ ਡਾਲਰ ਦੇ ਹਥਿਆਰ ਦਿੱਤੇ ਹਨ।