ਕਾਲੇ ਪੀਲੀਏ ਦੀ ਮਾਰ ਹੇਠ ਆਇਆ ਪਿੰਡ ਦੀਵਾਨਾ

ਕਾਲੇ ਪੀਲੀਏ ਦੀ ਮਾਰ ਹੇਠ ਆਇਆ ਪਿੰਡ ਦੀਵਾਨਾ

ਬਰਨਾਲਾ: ਪੰਜਾਬ ਵਿਚ ਪੌਣ ਪਾਣੀ ਵਿਚ ਖਰਾਬੀ ਅਤੇ ਨਸ਼ੇ ਨਾਲ ਪੰਜਾਬੀਆਂ ਦੀ ਸਿਹਤ ਦਿਨ ਪ੍ਰਤੀ ਦਿਨ ਬੇਹਾਲ ਹੋ ਰਹੀ ਹੈ। ਅਜਿਹਾ ਹੀ ਇਕ ਮਾਮਲਾ ਪਿੰਡ ਦੀਵਾਨਾ ਤੋਂ ਸਾਹਮਣੇ ਆਇਆ ਹੈ। ਪਿੰਡ ਦੀਵਾਨਾ ਵਿਖੇ ਲੱਗੇ ਇਕ ਸਿਹਤ ਕੈਂਪ ਵਿਚ ਮਿਲੇ ਅੰਕੜੇ ਹੈਰਾਨ ਅਤੇ ਦੁਖੀ ਕਰਨ ਵਾਲੇ ਹਨ। ਇਲਾਕੇ ‘ਚ ਕਾਲਾ ਪੀਲੀਆ ਬਹੁਤ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਸਿਹਤ ਵਿਭਾਗ ਦੀ ਲਾਪ੍ਰਵਾਹੀ ਅਤੇ ਅਣਗਹਿਲੀ ਇਸ ਵਿਚ ਹੋਰ ਵਾਧਾ ਕਰ ਰਹੀ ਹੈ। ਇਕੱਲੇ ਪਿੰਡ ਦੀਵਾਨਾ ਵਿਚ ਇਸ ਭਿਆਨਕ ਬਿਮਾਰੀ ਦੇ ਪੰਜ ਮਰੀਜ਼ ਸਾਹਮਣੇ ਆਏ ਹਨ। 

ਪਿਛਲੇ ਦਿਨੀਂ ਸਮਾਜ ਸੇਵੀ ਸੰਸਥਾ ਵੱਲੋਂ ਪਿੰਡ ਵਿਚ ਸਿਹਤ ਚੈਕਅੱਪ ਕੈਂਪ ਦੀ ਜਾਂਚ ਦੌਰਾਨ ਪਿੰਡ ਵਾਸੀਆਂ ਦੇ ਇਸ ਮਰਜ਼ ਦਾ ਖ਼ੁਲਾਸਾ ਹੋਇਆ ਹੈ। ਇਨ੍ਹਾਂ ਰਿਪੋਰਟਾਂ ਵਿੱਚ ਪਿੰਡ ਦੇ ਪੰਜ ਵਿਅਕਤੀਆਂ ਨੂੰ ਕਾਲੇ ਪੀਲੀਏ ਦੀ ਸ਼ਿਕਾਇਤ ਸਾਹਮਣੇ ਆਈ ਹੈ, ਜਦੋਂਕਿ ਦੋ ਨੂੰ ਕੈਂਸਰ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਕੈਂਸਰ ਦੇ ਮਰੀਜ਼ਾਂ ਵਿੱਚ ਤਿੰਨ ਵਿਅਕਤੀ ਮਲੋਟ ਇਲਾਕੇ ਦੇ ਹਨ।

ਯੁਵਕ ਸੇਵਾਵਾਂ ਕਲੱਬ ਦੀਵਾਨਾ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਲੇ ਪੀਲੀਏ ਦੇ ਮਰੀਜ਼ਾਂ ‘ਚ ਸੁਖਦੇਵ ਸਿੰਘ (45), ਸੰਦੀਪ ਕੌਰ (25) ਅਤੇ ਗੁਰਮੀਤ ਸਿੰਘ (30) ਨੂੰ ਹੈਪੇਟਾਈਟਸ(ਸੀ) ਬੀਮਾਰੀ ਸਾਹਮਣੇ ਆਈ ਹੈ, ਜਦੋਂਕਿ ਦੋ ਮਰੀਜ਼ ਜਸਪ੍ਰੀਤ ਕੌਰ(27) ਅਤੇ ਜਸਪ੍ਰੀਤ ਸਿੰਘ(33) ਨੂੰ ਹੈਪੇਟਾਈਟਸ (ਬੀ) ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦਾ ਇਲਾਜ ਸਰਕਾਰੀ ਹਸਪਤਾਲ ਬਰਨਾਲਾ ਤੋਂ ਸ਼ੁਰੂ ਕੀਤਾ ਗਿਆ ਹੈ, ਕਿਉਂਕਿ ਇਸ ਬੀਮਾਰੀ ਦਾ ਇਲਾਜ ਸਰਕਾਰੀ ਹਸਪਤਾਲ ਤੋਂ ਮੁਫ਼ਤ ‘ਚ ਕੀਤਾ ਜਾਂਦਾ ਹੈ। ਮਰੀਜ਼ਾਂ ਦਾ ਬਾਕੀ ਖ਼ਰਚਾ ਕਲੱਬ ਵਲੋਂ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ‘ਚ ਵੀ ਇਲਾਕੇ ਦੇ ਦੀਵਾਨਾ, ਚੰਨਣਵਾਲ, ਛੀਨੀਵਾਲ, ਕਲਾਲਾ ‘ਚ ਕਾਲੇਪੀਲੀਏ ਦੀ ਵੱਡੀ ਮਾਰ ਪਈ ਸੀ। ਪਿਛਲੇ ਵਰ੍ਹੇ ਜ਼ਿਲ੍ਹੇ ‘ਚੋਂ ਲਏ ਗਏ ਪਾਣੀ ਦੇ 243 ਸੈਂਪਲਾਂ ਵਿੱਚ 82 ਪ੍ਰਤੀਸ਼ਤ ਪਾਣੀ ਦੀ ਨਮੂਨੇ ਫ਼ੇਲ੍ਹ ਸਾਬਿਤ ਹੋਏ ਸਨ।

ਦੂਸ਼ਿਤ ਪਾਣੀ ਹੈ ਕਾਲੇਪੀਲੀਏ ਦਾ ਵੱਡਾ ਕਾਰਨ

ਇਸ ਬੀਮਾਰੀ ਸਬੰਧੀ ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਦੂਸ਼ਿਤ ਪਾਣੀ ਹੀ ਕਾਲੇਪੀਲੀਏ ਦਾ ਕਾਰਨ ਹੈ। ਉਹਨਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਜਿੰਨਾ ਹੋ ਸਕੇ ਪਾਣੀ ਉਬਾਲ ਕੇ ਹੀ ਪੀਣਾ ਚਾਹੀਦਾ ਹੈ। ਪੀਲੀਏ ਦੀ ਹਾਲਤ ‘ਚ ਮਰੀਜ਼ ਨੂੰ ਬੁਖ਼ਾਰ ਰਹਿਣ ਲੱਗਦਾ ਹੈ, ਥਕਾਵਟ ਮਹਿਸੂਸ ਹੁੰਦੀ ਹੈ ਅਤੇ ਭੁੱਖ ਨਹੀਂ ਲੱਗਦੀ। ਸਿਰ ਦਰਦ ਹੋਣਾ, ਪਿਸ਼ਾਬ ਪੀਲਾ ਆਉਣਾ ਅਤੇ ਕਦੇ ਕਦੇ ਉਲਟੀਆਂ ਆਉਣੀਆਂ ਵੀ ਇਸ ਬਿਮਾਰੀ ਦੇ ਪ੍ਰਮੁੱਖ ਲੱਛਣ ਹਨ। ਇਹ ਲੱਛਣ ਸਾਹਮਣੇ ਆਉਣ ‘ਤੇ ਤੁਰੰਤ ਚੈਕਅੱਪ ਕਰਵਾਉਣਾ ਚਾਹੀਦਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ