19 ਸਾਲਾ ਧੀ ਆਪਣੇ ਪਿਤਾ ਨੂੰ ਮੌਤ ਦੀ ਸਜ਼ਾ ਦੇਣ ਵੇਲੇ ਨਹੀਂ ਰਹਿ ਸਕੇਗੀ ਮੌਜੂਦ, ਅਦਾਲਤ ਵੱਲੋਂ ਬੇਨਤੀ ਰੱਦ

19 ਸਾਲਾ ਧੀ ਆਪਣੇ ਪਿਤਾ ਨੂੰ ਮੌਤ ਦੀ ਸਜ਼ਾ ਦੇਣ ਵੇਲੇ ਨਹੀਂ ਰਹਿ ਸਕੇਗੀ ਮੌਜੂਦ, ਅਦਾਲਤ ਵੱਲੋਂ ਬੇਨਤੀ ਰੱਦ
ਕੈਪਸ਼ਨ : ਜੇਲ ਵਿਚ ਕੈਵਿਨ ਜੌਹਨਸਨ ਆਪਣੀ ਧੀ ਤੇ ਦੋਹਤੇ ਨਾਲ ਨਜਰ ਆ ਰਿਹਾ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 28 ਨਵੰਬਰ (ਹੁਸਨ ਲੜੋਆ ਬੰਗਾ)-ਇਕ ਸੰਘੀ ਅਦਾਲਤ ਨੇ ਅਮਰੀਕਾ ਦੇ ਮਿਸੂਰੀ ਰਾਜ ਦੀ ਇਕ19 ਸਾਲਾ ਧੀ ਦੀ ਉਹ ਬੇਨਤੀ ਰੱਦ ਕਰ ਦਿੱਤੀ ਹੈ ਜਿਸ ਵਿਚ ਉਸ ਨੇ ਆਪਣੇ ਪਿਤਾ ਨੂੰ ਹੱਤਿਆ ਦੇ ਇਕ ਮਾਮਲੇ ਵਿਚ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਵੇਲੇ ਮੌਜੂਦ ਰਹਿਣ ਦੀ ਇਜਾਜ਼ਤ ਮੰਗੀ ਸੀ। ਮਿਸੂਰੀ ਦਾ ਕਾਨੂੰਨ 21 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਮੌਤ ਦੀ ਸਜ਼ਾ ਵੇਲੇ ਹਾਜਰ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ। ਕੋਰੀਓਨਸਾ ਰਾਮੀ ਦੇ ਪਿਤਾ ਕੈਵਿਨ ਜੌਹਨਸਨ ਨੂੰ 2005 ਵਿਚ ਪੁਲਿਸ ਸਾਰਜੈਂਟ ਵਿਲੀਅਮ ਮੈਕਨਟੀ ਦੀ ਹੱਤਿਆ ਦੇ ਮਾਮਲੇ ਵਿਚ 19 ਨਵੰਬਰ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ। ਰਾਮੀ ਨੇ ਅਦਾਲਤ ਦੇ ਫੈਸਲੇ ਉਪਰ ਨਿਰਾਸ਼ਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਮੇਰਾ ਦਿੱਲ ਟੁੱਟ ਗਿਆ ਹੈ, ਮੈ ਆਪਣੇ ਪਿਤਾ ਦੇ ਆਖਰੀ ਪਲਾਂ ਦੌਰਾਨ ਉਨਾਂ ਕੋਲ ਮੌਜੂਦ ਰਹਿਣਾ ਚਹੁੰਦੀ ਸੀ। ਮੇਰਾ ਪਿਤਾ ਮੇਰੀ ਜਿੰਦਗੀ ਵਿਚ ਮੇਰੇ ਲਈ ਸਭ ਤੋਂ ਅਹਿਮ ਵਿਅਕਤੀ ਹਨ। ਰਾਮੀ ਉਸ ਸਮੇ ਦੋ ਸਾਲ ਦੀ ਸੀ ਜਦੋਂ ਤੋਂ ਜੌਹਨਸਨ ਜੇਲ ਵਿਚ ਬੰਦ ਹੈ। ਇਸ ਸਮੇ ਜੌਹਨਸਨ 37 ਸਾਲ ਦਾ ਹੈ। ਪਿਛਲੇ ਮਹੀਨੇ ਰਾਮੀ ਆਪਣੇ ਨਵਜੰਮੇ ਪੁੱਤਰ ਨੂੰ ਆਪਣੇ ਨਾਨਾ ਨਾਲ ਮਿਲਾਉਣ ਲਈ ਜੇਲ ਵਿਚ ਲੈ ਕੇ ਆਈ ਸੀ।