ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕੋਸੋਵੋ ਦੀ ਪ੍ਰਭੂਸੱਤਾ ਨੂੰ ਮਾਨਤਾ

ਵਰਲਡ ਸਿੱਖ ਪਾਰਲੀਮੈਂਟ ਵੱਲੋਂ ਕੋਸੋਵੋ ਦੀ ਪ੍ਰਭੂਸੱਤਾ ਨੂੰ ਮਾਨਤਾ

ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਐਲਬਿਨ ਕੁਰਤੀ ਨਾਲ ਮੁਲਾਕਾਤ

ਅੰਮ੍ਰਿਤਸਰ ਟਾਈਮਜ਼


ਗ੍ਰੀਨਵਿਚ, ਕਨੈਕਟੀਕਟ (ਅਮਰੀਕਾ)23 ਮਈ 2022: ਕੋਸੋਵੋ ਇੱਕ ਸੁਤੰਤਰ ਤੇ ਪ੍ਰਭੂਸੱਤਾ ਸੰਪੰਨ ਦੇਸ਼ ਹੈ, ਭੂਮੀਗਤ ਖੇਤਰ (ਸਮੁੰਦਰੀ ਤੱਟ ਤੋਂ ਬਗੈਰ) ਵਾਲੇ ਇਸ ਦੇਸ਼ ਨੇ 2008 ਵਿੱਚ ਆਪਣੀ ਆਜ਼ਾਦੀ ਦਾ ਐਲਾਨ ਕੀਤਾ, ਤੇ ਹੁਣ ਕੋਸੋਵੋ ਨੂੰ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਤੋਂ ਬਹੁਤ ਸਮਰਥਨ ਮਿਲ ਰਿਹਾ ਹੈ।


 ਹਾਲ ਹੀ ਵਿੱਚ ਕੋਸੋਵੋ ਗਣਰਾਜ ਦੇ ਪ੍ਰਧਾਨ ਮੰਤਰੀ ਐਲਬਿਨ ਕੁਰਤੀ ਨੇ ਕਨੈਕਟੀਕਟ ਵਿੱਚ ਆਪਣਾ ਦੋ ਹਫ਼ਤਿਆਂ ਦਾ ਕੂਟਨੀਤਕ ਅਤੇ ਤਕਨਾਲੋਜੀ ਸਬੰਧੀ ਦੌਰਾ ਕੀਤਾ, ਇਸ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਨੇ ਕੋਸੋਵਾ ਦੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਸਿੱਖ ਕੌਮ ਦੇ ਆਪਣੇ ਰਾਸ਼ਟਰ ਸਬੰਧੀ ਚੱਲ ਰਹੇ ਸੰਘਰਸ਼ਾਂ ਬਾਰੇ ਜਾਣੂ ਕਰਵਾਇਆ।


 ਕਨੈਕਟੀਕਟ ਸਟੇਟ ਵਿੱਚ ਚੁਣੇ ਹੋਏ ਨੁਮਾਇੰਦੇ ਸਵਰਨਜੀਤ ਸਿੰਘ ਖਾਲਸਾ ਦੇ ਨਾਲ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੂੰ ਵੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਦੀ ਪ੍ਰਵਾਨਗੀ ਮਿਲੀ, ਅਤੇ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਿੱਖ ਕੌਮ ਦੀ ਕੋਸੋਵੋ ਨਾਲ ਇਕਮੁੱਠਤਾ ਨੂੰ ਦਰਸਾਉਂਦੀ ਕਲਾ ਕ੍ਰਿਤ ਪੇਸ਼ ਕੀਤੀ।
ਇਸ ਸਮੇਂ, ਨਾਰਵਿਚ ਕਨੈਕਟੀਕਟ ਵਿੱਚ ਸਥਿਤ ਸਿੱਖ ਆਰਟ ਗੈਲਰੀ ਵੱਲੋਂ ਅਲਬੇਨੀਆ ਦੇ ਨਕਸ਼ੇ ਵਾਲੀ ਆਰਟਵਰਕ ਵੀ ਭੇਟ ਕੀਤੀ ਗਈ।
 ਸਵਰਨਜੀਤ ਸਿੰਘ ਖਾਲਸਾ ਨੇ ਕਿਹਾ, “ਸਭ ਤੋਂ ਪਹਿਲਾਂ ਚੁਣੇ ਹੋਏ ਨੁਮਾਇੰਦੇ ਵਜੋਂ ਮੈਂ ਕਨੇਟੀਕਟ ਸਟੇਟ ਵਿੱਚ ਤੁਹਾਡਾ ਸੁਆਗਤ ਕਰਦਾ ਹਾਂ। ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦੇ ਹੋਣ ਦੇ ਨਾਤੇ, ਅਸੀਂ ਸਮਝਦੇ ਹਾਂ ਕਿ ਭਾਰਤ ਤੁਹਾਡੀ ਅਜ਼ਾਦੀ ਨੂੰ ਮਾਨਤਾ ਨਹੀਂ ਦੇਵੇਗਾ ਅਤੇ ਅਜਾਦੀ ਪ੍ਰਤੀ ਵੱਖਰਾ ਦ੍ਰਿਸ਼ਟੀਕੋਣ ਰੱਖ ਸਕਦਾ ਹੈ, ਪਰ ਸਿੱਖ ਕੌਮ ਵੀ ਪ੍ਰਭੂਸੱਤਾ ਸੰਪੰਨ ਨੇਸ਼ਨ ਹੈ ਅਤੇ ਤੁਹਾਡੀ ਆਜ਼ਾਦੀ ਲਈ ਸੰਘਰਸ਼ਾਂ ਨੂੰ ਸਮਝਦੀ ਅਤੇ ਪ੍ਰਭੂਸੱਤਾ ਨੂੰ ਪਛਾਣਦੀ ਹੈ।
ਖਾਲਸਾ ਨੇ ਅੱਗੇ ਕਿਹਾ, “ਅਸੀਂ ਕੋਸੋਵੋ ਅਤੇ ਇਸ ਦੇ ਭਾਈਵਾਲਾਂ ਨਾਲ ਆਪਣੀ ਇਕਜੁੱਟਤਾ ਦਿਖਾਉਣ ਲਈ ਇੱਥੇ ਹਾਂ”।
ਕਨੈਕਟੀਕਟ ਵਿੱਚ ਗ੍ਰੀਨਵਿਚ ਅਕੈਡਮੀ ਵਿੱਚ ਸਥਿਤ ਵਾਲੇਸ ਪਰਫਾਰਮਿੰਗ ਆਰਟਸ ਸੈਂਟਰ ਵਿੱਚ ਮੈਸੀ ਥੀਏਟਰ ਵਿੱਚ ਵਰਲਡ ਅਫੇਅਰਜ ਫੋਰਮ ਦੁਆਰਾ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ।
 
ਪ੍ਰਧਾਨ ਮੰਤਰੀ ਐਲਬਿਨ ਕੁਰਤੀ ਨੇ ਇੱਕ ਵਿਸ਼ੇਸ਼ ਪ੍ਰੋਗਰਾਮ “ਕੋਸੋਵੋ ਇਨ ਪਰਸਪੈਕਟਿਵ” ਵਿੱਚ ਅਪਣੇ ਬਾਲਕਨ ਰਾਸ਼ਟਰ ਦੀ ਤਾਕਤ ਅਤੇ 2008 ਵਿੱਚ ਇਸਦੀ ਆਜ਼ਾਦੀ ਤੋਂ ਬਾਅਦ ਹੋਏ ਆਰਥਿਕ ਵਿਕਾਸ ਬਾਰੇ ਗੱਲ ਕੀਤੀ।
ਪ੍ਰਧਾਨ ਮੰਤਰੀ ਨੇ ਊਰਜਾ, ਸੁਰੱਖਿਆ, ਕਾਰੋਬਾਰੀ ਵਿਕਾਸ ਅਤੇ ਮੌਕਿਆਂ, ਅਤੇ ਅੰਤਰਰਾਸ਼ਟਰੀ ਭਾਈਵਾਲੀ - ਖਾਸ ਤੌਰ 'ਤੇ ਸੂਚਨਾ ਅਤੇ ਸੰਚਾਰ ਤਕਨਾਲੋਜੀ (ICT) ਸੈਕਟਰ ਵਿੱਚ, ਗਰੀਨ ਊਰਜਾ, ਅਤੇ ਤਕਨੀਕੀ ਵਿਕਾਸ ਦੇ ਹੋਰ ਖੇਤਰਾਂ ਬਾਰੇ ਵੀ ਚਰਚਾ ਕੀਤੀ।

ਪ੍ਰਧਾਨ ਮੰਤਰੀ ਕੁਰਤੀ ਨੇ ਯੂਰਪੀਅਨ ਖ਼ਿੱਤੇ ਵਿੱਚ ਸੁਰੱਖਿਆ ਸਬੰਧੀ ਚੁਣੌਤੀਆਂ 'ਤੇ ਜ਼ੋਰ ਦਿੱਤਾ, ਇਸ ਬਾਰੇ ਉਨ੍ਹਾਂ ਕਿਹਾ ਕਿ ਕੋਸੋਵੋ ਅਤੇ ਬਾਲਕਨ ਇਸ ਸਮੀਕਰਨ ਵਿੱਚ ਕਿਸ ਤਰਾਂ ਫਿੱਟ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕੀ ਦੇਖਣਾ, ਸੋਚਣਾ ਅਤੇ ਕੀ ਕਰਨਾ ਚਾਹੀਦਾ ਹੈ, ਅਤੇ ਸਭਿਆਚਾਰਾਂ ਨੂੰ ਸੁਰੱਖਿਅਤ ਰੱਖਣ, ਸਥਿਰਤਾ ਨੂੰ ਕਾਇਮ ਕਰਨ ਅਤੇ ਭਵਿੱਖ ਦੇ ਵਿਕਾਸ ਲਈ ਮੌਕਿਆਂ ਨੂੰ ਯਕੀਨੀ ਬਣਾਉਣ ਲਈ ਵਿਚਾਰਾਂ ਕਰਨ ਦੀ ਲੋੜ ਹੈ।
 
ਪ੍ਰਧਾਨ ਮੰਤਰੀ ਐਲਬਿਨ ਕੁਰਤੀ 1997 ਦੇ ਸਮੇਂ ਤੋਂ ਜਦੋਂ ਉਹ ਸਰਬੀਆਈ ਅਧਿਕਾਰੀਆਂ ਦਾ ਵਿਰੋਧ ਕਰਨ ਵਾਲੇ ਇੱਕ ਵਿਦਿਆਰਥੀ ਸਮੂਹ ਦਾ ਹਿੱਸਾ ਸਨ, ਜਿਸ ਨੇ ਕੋਸੋਵਾ ਵਿੱਚ ਉਨਾ ਦੇ ਸਕੂਲ ਦੇ ਕੈਂਪਸ ਵਿੱਚ ਇਮਾਰਤਾਂ ਉੱਤੇ ਕਬਜ਼ਾ ਕਰ ਲਿਆ ਸੀ। ਫਿਰ ਜਦੋਂ ਇੱਕ ਸਾਲ ਬਾਅਦ 1998 ਵਿੱਚ ਕੋਸੋਵਾ ਯੁੱਧ ਸ਼ੁਰੂ ਹੋਇਆ, ਤਾਂ ਐਲਬਿਨ ਕੁਰਤੀ ਸਰਬੀਆਈ ਵਿਰੋਧ ਪ੍ਰਤੀ ਲਗਾਤਾਰ ਯਤਨਸ਼ੀਲ ਰਹੇ, ਉਸ ਤੋਂ ਬਾਦ ਉੱਨਾਂ ਨੇ ਕੋਸੋਵੋ ਲਿਬਰੇਸ਼ਨ ਆਰਮੀ ਦੇ ਜਨਰਲ ਰਾਜਨੀਤਿਕ ਪ੍ਰਤੀਨਿਧੀ ਦਫਤਰ ਵਿੱਚ ਸਕੱਤਰ ਦੀ ਭੂਮਿਕਾ ਨਿਭਾਈ। ਉਨਾਂ ਨੂੰ ਫੜ ਕੇ ਕੈਦ ਕਰ ਲਿਆ ਗਿਆ ਅਤੇ ਅੰਤ ਵਿੱਚ ਸਰਬੀਆ ਭੇਜ ਦਿੱਤਾ ਗਿਆ ਜਿੱਥੇ ਕਿ 2001 ਦੇ ਅੰਤ ਤੱਕ ਬੰਦੀ ਬਣਾ ਕੇ ਰੱਖਿਆ ਗਿਆ। 
ਪ੍ਰਧਾਨ ਮੰਤਰੀ ਕੁਰਤੀ ਦੀ ਸਰਗਰਮੀ ਅਤੇ ਆਦਰਸ਼ਵਾਦ ਨੇ ਉਨਾਂ ਨੂੰ ਕੋਸੋਵੋ ਵਿੱਚ ਇੱਕ ਨਵੀਂ ਬਣੀ ਰਾਜਨੀਤਿਕ ਪਾਰਟੀ ਦੀ ਅਗਵਾਈ ਕਰਨ ਲਈ ਪ੍ਰੇਰਿਆ, ਜਿਸ ਨੇ ਪਿਛਲੇ ਸਾਲਾਂ ਵਿੱਚ ਦੇਸ਼ ਵਿੱਚ ਲੋਕਤੰਤਰੀ ਚੋਣਾਂ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਵੱਡੇ ਫਰਕ ਨਾਲ ਵੋਟ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਕੁਰਤੀ ਨੇ ਪਹਿਲਾਂ ਚੌਥੇ ਅਤੇ ਮੌਜੂਦਾ ਸਮੇਂ ਵਿੱਚ ਉਹ ਛੇਵੇਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੇਵਾ ਕਰ ਰਹੇ ਹਨ। ਕੋਸੋਵੋ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਲਗਾਤਾਰ ਸਾਲ-ਦਰ-ਸਾਲ ਆਰਥਿਕ ਵਿਕਾਸ ਕੀਤਾ ਹੈ, ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਇੱਕ ਸਰਗਰਮ ਭਾਗੀਦਾਰ ਦੇਸ਼ ਹੈ, ਜੋ ਕਿ ਬਾਲਕਨ ਖੇਤਰ ਦੀ ਸਥਿਰਤਾ ਲਈ ਇੱਕ ਮਾਡਲ ਵਜੋਂ ਵੇਖਿਆ ਜਾਂਦਾ ਹੈ। 

 

ਜਾਰੀ ਕਰਤਾਃ ਮਨਪ੍ਰੀਤ ਸਿੰਘ 
ਜਰਨਲ ਸਕੱਤਰ ਵਰਲਡ ਸਿੱਖ ਪਾਰਲੀਮੈਂਟ