ਕੈਲੀਫੋਰਨੀਆ ਵਿਚ ਗੋਲੀਬਾਰੀ ਦੀ ਇਕ ਹੋਰ ਘਟਨਾ ਵਿਚ 3 ਮੌਤਾਂ,4 ਜ਼ਖਮੀ

ਕੈਲੀਫੋਰਨੀਆ ਵਿਚ ਗੋਲੀਬਾਰੀ ਦੀ ਇਕ ਹੋਰ ਘਟਨਾ ਵਿਚ 3 ਮੌਤਾਂ,4 ਜ਼ਖਮੀ
ਕੈਪਸ਼ਨ ਲਾਸ ਏਂਜਲਸ ਵਿਚ ਗੋਲੀਬਾਰੀ ਉਪਰੰਤ ਜਾਂਚ ਲਈ ਪੁੱਜੀ ਪੁਲਿਸ

* ਜਨਵਰੀ ਮਹੀਨੇ ਵਿਚ ਗੋਲੀਬਾਰੀ ਦੀ ਇਹ ਛੇਵੀਂ ਘਟਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਕੈਲੀਫੋੋਰਨੀਆ ਦੇ ਸ਼ਹਿਰ ਲਾਸ ਏਂਜਲਸ ਵਿਚ ਗੋਲੀਬਾਰੀ ਦੀ ਵਾਪਰੀ ਇਕ ਹੋਰ ਘਟਨਾ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ 4 ਹੋਰ ਜ਼ਖਮੀ ਹੋ ਗਏ। ਕੈਲੀਫੋਰਨੀਆ ਵਿਚ ਜਨਵਰੀ ਮਹੀਨੇ ਦੌਰਾਨ ਗੋਲੀਬਾਰੀ ਦੀ ਇਹ ਛੇਵੀਂ ਘਟਨਾ ਹੋਈ ਹੈ।  ਪੁਲਿਸ ਨੇ ਕਿਹਾ ਹੈ ਕਿ ਤੜਕਸਾਰ 2.30 ਵਜੇ ਬੈਵਰਲੀ ਕਰੈਸਟ ਦੇ ਗਵਾਂਢ ਵਿਚ ਇਕ ਘਰ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਲਾਸ ਏਂਜਲਸ ਪੁਲਿਸ ਵਿਭਾਗ ਦੇ ਸਾਰਜੈਂਟ ਫਰੈਂਕ ਪ੍ਰੀਸਿਆਡੋ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਇਕ ਕਾਰ ਵਿਚੋਂ ਮਿਲੀਆਂ ਹਨ। ਜ਼ਖਮੀਆਂ ਵਿਚੋਂ 2 ਦੀ ਹਾਲਤ ਗੰਭੀਰ ਹੈ  ਜਦ ਕਿ 2 ਦੀ ਹਾਲਤ ਸਥਿੱਰ ਹੈ। ਪੁਲਿਸ ਨੇ ਮਾਰੇ ਗਏ   ਤੇ ਜ਼ਖਮੀ ਲੋਕਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ ਤੇ ਨਾ ਹੀ ਉਨਾਂ ਦੇ ਲਿੰਗ ਬਾਰੇ ਕੁਝ ਦਸਿਆ ਹੈ। ਪੁਲਿਸ ਦੇ ਬੁਲਾਰੇ ਸਾਰਜੈਂਟ ਬਰੂਸ ਬੋਰੀਹਾਨਹ ਨੇ ਕਿਹਾ ਹੈ ਕਿ ਜਾਂਚਕਾਰ ਇਹ ਪਤਾ ਲਾਉਣ ਦਾ ਯਤਨ ਕਰ ਰਹੇ ਹਨ ਕਿ ਕੀ ਗੋਲੀਬਾਰੀ ਵਾਲੇ ਸਥਾਨ 'ਤੇ ਕੋਈ ਪਾਰਟੀ ਚਲ ਰਹੀ ਜਾਂ ਕਿਸ ਕਿਸਮ ਦੇ ਲੋਕ ਉਥੇ ਇਕੱਠੇ ਹੋਏ ਸਨ। ਬੁਲਾਰੇ ਨੇ ਕਿਹਾ ਹੈ ਕਿ ਇਸ ਗੋਲੀਬਾਰੀ ਵਿਚ ਕਿਸੇ ਸ਼ੱਕੀ ਵਿਅਕਤੀ ਦੇ ਸ਼ਾਮਿਲ ਹੋਣ ਬਾਰੇ ਪੁਲਿਸ ਕੋਲ ਕੋਈ ਸੂਚਨਾ ਨਹੀਂ ਹੈ। ਇਥੇ ਜਿਕਰਯੋਗ ਹੈ ਕਿ ਪਿਛਲੇ ਹਫਤੇ ਲਾਸ ਏਂਜਲਸ ਦੇ ਨੀਮ ਸ਼ਹਿਰੀ ਖੇਤਰ ਦੇ ਇਕ ਡਾਂਸ ਹਾਲ ਵਿਚ ਹੋਏ ਕਤਲੇਆਮ ਵਿਚ 11 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ 9 ਜ਼ਖਮੀ ਹੋ ਗਏ ਸਨ। ਇਸ ਤੋਂ ਇਲਾਵਾ ਇਸ ਹਫਤੇ ਹਾਫ ਬੇਅ ਮੂਨ ਸ਼ਹਿਰ ਦੇ ਖੇਤਾਂ ਵਿਚ ਦੋ ਥਾਵਾਂ 'ਤੇ ਇਕ ਸ਼ੱਕੀ ਵਿਅਕਤੀ ਨੇ ਗੋਲੀਆਂ ਚਲਾ ਕੇ 7 ਜਣਿਆਂ ਦੀ ਜਾਨ ਲੈ ਲਈ ਸੀ।