ਮੈਰੀਲੈਂਡ ਸਟੇਟ ਗਵਰਨਰ ਪ੍ਰਸਾਸ਼ਨ ਨੇ ‘ਏਸ਼ੀਅਨ ਪੈਸਿਫਿਕ ਅਮੈਰਿਕਨ ਹੈਰੀਟੇਜ ਮੰਥ 2022’ ਉਤਸ਼ਾਹ ਨਾਲ ਮਨਾਇਆ

ਮੈਰੀਲੈਂਡ ਸਟੇਟ ਗਵਰਨਰ ਪ੍ਰਸਾਸ਼ਨ ਨੇ ‘ਏਸ਼ੀਅਨ ਪੈਸਿਫਿਕ ਅਮੈਰਿਕਨ ਹੈਰੀਟੇਜ ਮੰਥ 2022’ ਉਤਸ਼ਾਹ ਨਾਲ ਮਨਾਇਆ

*ਸੈਂਟਰ ਫਾਰ ਸੋਸ਼ਲ ਚੇਂਜ, ਐਲਕਰਿਜ ’ਚ ਕਰਵਾਇਆ ਗਿਆ ਇਹ ਵਿਸ਼ੇਸ਼ ਸਮਾਗਮ*

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ, 19 ਮਈ (ਰਾਜ ਗੋਗਨਾ ): ਮੈਰੀਲੈਂਡ ਸਟੇਟ ਗਵਰਨਰ ਪ੍ਰਸਾਸ਼ਨ ਨੇ ‘ਏਸ਼ੀਅਨ ਪੈਸਿਫਿਕ ਅਮੈਰਿਕਨ ਹੈਰੀਟੇਜ ਮੰਥ 2022’ ਸੈਂਟਰ ਫਾਰ ਸੋਸ਼ਲ ਚੇਂਜ, ਐਲਕਰਿਜ ’ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਸਮਗਮ ਦੀ ਸ਼ੁਰੂਆਤ ਭਾਰਤੀ ਵਿਦਿਆਰਥੀ ਐਸ਼ਵਿਨ ਹਜ਼ਾਰਿਕਾ ਵਲੋਂ ਗਾਏ ਗਏ ਅਮੈਰਿਕਨ ਨੈਸ਼ਨਲ ਐਂਥਮ ਨਾਲ ਹੋਈ।  ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮੈਰੀਲੈਂਡ ਸਟੇਟ ਦੀ ਫਸਟ ਲੇਡੀ ਯੂਮੀ ਹੋਗਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਜਿਨਾਂ ਦਾ ਜਸਦੀਪ ਸਿੰਘ ਜੱਸੀ ਚੇਅਰਮੈਨ ਗਵਰਨਰ’ਸ ਕਮਿਸ਼ਨ ਆਨ ਸਾਊਥ ਏਸ਼ੀਅਨ ਅਮੈਰਿਕਨ ਅਫੇਅਰਸ, ਵਾਇਸ ਚੇਅਰਮੈਨ ਸਾਜਿਦ ਤਰਾਰ ਅਤੇ ਸਮੱੁਚੇ ਕਮਿਸ਼ਨਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

ਐਗਜ਼ੈਕਟਿਵ ਡਾਇਰੈਕਟਰ ਗਵਰਨਸ ਆਫਿਸ ਆਫ ਕਮਿਉਨਿਟੀ ਇਨੀਸ਼ੀਏਟਿਵ ਸਟੀਵ ਮਕੈਡਮ ਨੇ ਸਵਾਗਤੀ ਭਾਸ਼ਣ ਦਿੱਤਾ ਤੇ ਉਨਾਂ ਸੈਕਟਰੀ ਆਫ ਸਟੇਟ ਜਾਨ ਬਾਬਨਸਮਿੱਥ ਨੂੰ ਮੰਚ ’ਤੇ ਸੱਦਾ ਦਿੱਤਾ ਜਿਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਸਮਾਗਮ ਦੇ ਕੀਅਨੋਟ ਸਪੀਕਰ ਜਸਦੀਪ ਸਿੰਘ ਜੱਸੀ ਵਲੋਂ ਆਏ ਹੋਏ ਮਹਿਮਾਨਾਂ ਨਾਲ ਮੈਰੀਲੈਂਡ ਦੀ ਫਸਟ ਲੇਡੀ ਯੂਮੀ ਹੋਗਨ ਦੀ ਜਾਣ ਪਛਾਣ ਕਰਵਾਈ ਗਈ। ਜਸਦੀਪ ਸਿੰਘ ਜੱਸੀ ਨੇ ਯੂਮੀ ਹੋਗਨ ਬਾਰੇ ਆਪਣੇ ਭਾਸ਼ਣ ਵਿਚ ਕਿਹਾ ਕਿ ਜਦੋਂ ਯੂਮੀ ਹੋਗਨ ਦੇ ਪਤੀ ਲੈਰੀ ਹੋਗਨ ਮੈਰੀਲੈਂਡ ਦੇ ਗਵਰਨਰ ਬਣੇ ਸਨ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਸੀ ਕਿ ਪਹਿਲੀ ਵਾਰ ਇਕ ਪ੍ਰਵਾਸੀ (ਕੋਰੀਆ) ਔਰਤ ਫਸਟ ਲੇਡੀ ਬਣੀ ਸੀ। ਉਨਾਂ ਕਿਹਾ ਕਿ ਗਵਰਨਰ ਲੈਰੀ ਹੋਗਨ ਵਲੋਂ ਮੈਰੀਲੈਂਡ ਵਿਚ ਵਸਦੇ ਪ੍ਰਵਾਸੀਆਂ ਲਈ ਬਹੁਤ ਜ਼ਿਕਰਯੋਗ ਕੰਮ ਕੀਤੇ ਗਏ ਹਨ ਉਸ ਤੋਂ ਇਲਾਵਾ ਉਹਨਾਂ ਉਨਾਂ ਦੀ ਅਗਵਾਈ ਵਿਚ ਸਟੇਟ ਪ੍ਰਸਾਸ਼ਨ ਨੇ ਕਰੋਨਾ ਮਹਾਂਮਾਰੀ ਦੌਰਾਨ ਬਹੁਤ ਹੀ ਦਲੇਰਾਨਾ ਸੇਵਾਵਾਂ ਦਿੱਤੀਆਂ ਜਿਸ ਕਾਰਨ ਸੈਂਕੜੇ ਲੋਕਾਂ ਦੀ ਜਾਨ ਬਚੀ।ਯੂਮੀ ਹੋਗਨ ਨੇ ਕੀਅਨੋਟ ਰੀਮਾਰਕਸ ਦਿੰਦਿਆਂ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਇਸ ਸਮਾਗਮ ਵਿਚ ਏਸ਼ੀਅਨ ਪੈਸਿਫਿਕ ਖੇਤਰ ਨਾਲ ਸਬੰਧਿਤ ਬਹੁਤ ਵੱਡੀਆਂ ਸਖਸ਼ੀਅਤਾਂ ਸ਼ਾਮਿਲ ਹੋਈਆਂ ਹਨ ਅਤੇ ਸਾਨੂੰ ਇਸ ਦਿਨ ਉੱਤੇ ਇਹ ਤਹੱਈਆ ਕਰਨਾ ਚਾਹੀਦਾ ਹੈ ਕਿ ਅਸੀਂ ਸਾਰੇ ਏਸ਼ੀਅਨ ਪੈਸਿਫਿਕ ਵਾਲੇ ਲੋਕ ਅਮਰੀਕਾ ਦੀ ਤਰੱਕੀ ਵਿਚ ਦਿਨ ਰਾਤ ਯੋਗਦਾਨ ਪਾਈਏ। ਉਨਾਂ ਨੂੰ ਮਾਣ ਹੈ ਕਿ ਏਸ਼ੀਅਨ ਪੈਸਿਫਿਕ ਦੇ ਲੋਕਾਂ ਨੇ ਅਮਰੀਕਾ ਵਿਚ ਆ ਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਅਤੇ ਅਮਰੀਕਾ ਦਾ ਝੰਡਾ ਦੁਨੀਆਂ ਵਿਚ ਬੁਲੰਦ ਕੀਤਾ। ਯੂਮੀ ਹੋਗਨ ਨੇ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਗਵਰਨਰ ਪ੍ਰਸਾਸ਼ਨ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਦਾ ਧੰਨਵਾਦੀ ਹੈ ਜਿਨਾਂ ਨੇ ਇਹ ਸਮਾਗਮ ਕਰਵਾਉਣ ਲਈ ਲੋੜੀਂਦੇ ਸਮੱੁਚੇ ਪ੍ਰਬੰਧ ਕੀਤੇ। ਇਸ ਸਮਾਗਮ ਵਿਚ ਡਿਪਟੀ ਸੈਕਟਰੀ ਟਰਾਂਸਪੋਰਟੇਸ਼ਨ ਅਰਲ ਲਿਊਸ ਜੂਨੀਅਰ ਅਤੇ ਕਿ੍ਰਸਟੀਨਾ ਪੋਏ ਐਡਮਿਨਸਟ੍ਰੇਟਿਵ ਡਾਇਰੈਕਟਰ ਆਫ ਗਵਰਨਰਸ ਕਮਿਸ਼ਨ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਜਿਨਾਂ ਨੇ ਆਪੋ ਆਪਣੇ ਵਿਚਾਰ ਮਹਿਮਾਨਾਂ ਨਾਲ ਸਾਂਝੇ ਕੀਤੇ। ਇਸ ਮੌਕੇ ਸੱਭਿਆਚਾਰਕ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਵਿਚ ਕੋਰੀਅਨ ਡਰੰਮ ਡਾਂਸ, ਚਾਈਨਜ਼ ਬੀਜਿੰਗ ਓਪਰਾ, ਕੋਰੀਅਨ ਬੰਸਰੀ ਤੇ ਭਾਰਤੀ ਬੀਹੂ ਡਾਂਸ ਦੀਆਂ ਕਲਾਕਾਰਾਂ ਵਲੋਂ ਬਾਖੂਬੀ ਪੇਸ਼ਕਾਰੀਆਂ ਦਿੱਤੀਆਂ ਗਈਆਂ। ਮੈਰਲੈਂਡ ਦੀ ਫਸਟ ਲੇਡੀ ਯੂਮੀ ਹੋਗਨ ਅਤੇ ਸੈਕਟਰੀ ਆਫ ਸਟੇਟ ਜਾਨ ਬਾਬਨਸਮਿੱਥ ਨੇ ਗਵਰਨਰ ਦਫਤਰ ਵਲੋਂ ਭੇਜੀ ਗਈ ਪਰੋਕਲੇਮੇਸ਼ਨ (ਯਾਦਗਾਰੀ ਚਿੰਨ) ਜਸਦੀਪ ਸਿੰਘ ਜੱਸੀ ਨੂੰ ਭੇਂਟ ਕੀਤਾ। ਅੰਤ ਵਿਚ ਸਾਊਥ ਏਸ਼ੀਅਨ ਦੇਸ਼ਾਂ ਦੇ ਵੱਖ ਵੱਖ ਸਵਾਦੀ ਵਿਅੰਜਨ ਰਾਤ ਦੇ ਖਾਣੇ ਵਿਚ ਮਹਿਮਾਨਾਂ ਨੂੰ ਪਰੋਸੇ ਗਏ ਜਿਨਾਂ ਨੇ ਲਜ਼ੀਜ਼ ਪਕਵਾਨਾਂ ਦਾ ਖੂਬ ਅਨੰਦ ਮਾਣਿਆ।