ਓਵਰਡੋਜ਼ ਦਵਾਈਆਂ ਲੈਣ  ਨਾਲ ਅਮਰੀਕਾ ''ਚ 93 ਹਜ਼ਾਰ ਮੌਤਾਂ

ਓਵਰਡੋਜ਼ ਦਵਾਈਆਂ ਲੈਣ  ਨਾਲ ਅਮਰੀਕਾ ''ਚ 93 ਹਜ਼ਾਰ ਮੌਤਾਂ
 

ਅੰਮ੍ਰਿਤਸਰ ਟਾਈਮਜ਼ ਬਿਉਰੋ

ਵਾਸ਼ਿੰਗਟਨ : ਅਮਰੀਕੀ ਸਿਹਤ ਸੰਸਥਾ ਸੈਂਟਰ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ  ਨੇ ਦੱਸਿਆ ਹੈ ਕਿ ਸਾਲ 2020 ਵਿਚ ਦਵਾਈਆਂ ਦੀ ਓਵਰਡੋਜ਼ ਕਾਰਨ 93 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਇਸ ਮੁਤਾਬਕ 2020 ਦਵਾਈਆਂ ਦੇ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਲਈ ਸਭ ਤੋਂ ਜਾਨਲੇਵਾ ਸਾਲ ਰਿਹਾ ਹੈ।ਨੈਸ਼ਨਲ ਸੈਂਟਰ ਫੌਰ ਹੈਲਥ ਸਟੈਟਿਸਟਿਕਸ ਮੁਤਾਬਕ ਦਵਾਈਆਂ ਦੀ ਡੋਜ਼ ਦੇ ਮਾਮਲਿਆਂ ਵਿਚ 1999 ਦੇ ਬਾਅਦ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਸਾਲ 2019 ਵਿਚ ਦਵਾਈਆਂ ਦੀ ਓਵਰਡੋਜ਼ ਨਾਲ 70,630 ਲੋਕਾਂ ਦੀ ਮੌਤ ਹੋਈ ਸੀ। 2020 ਵਿਚ ਓਵਰਡੋਜ਼ ਨਾਲ ਮੌਤਾਂ ਵਿਚ 30 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਜਾਨ ਹਾਪਕਿਨਜ਼ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਪ੍ਰੈਕਟਿਸ ਦੇ ਡੀਨ ਡਾਕਟਰ ਜੋਸ਼ੁਆ ਸਾਰਫਸਟੇਨ ਦੱਸਦੇ ਹਨ ਕਿ ਇ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ। ਉਹ ਦੱਸਦੇ ਹਨ ਕਿ ਮਹਾਮਾਰੀ ਵਿਚ ਓਵਰਡੋਜ਼ ਨਾਲ ਮੌਤਾਂ ਦੇ ਮਾਮਲੇ ਵਧੇ ਹਨ।

ਇਸ ਲਈ ਵਧੇ ਮਾਮਲੇ

ਡਾਕਟਰ ਜੋਸ਼ੁਆ ਦਾ ਕਹਿਣਾ ਹੈ ਕਿ ਲੋਕ ਰਾਹਤ ਲਈ ਦਵਾਈਆਂ ਦਾ ਸਹਾਰਾ ਲੈ ਰਹੇ ਹਨ। ਥੋੜ੍ਹੇ ਆਰਾਮ ਲਈ ਉਹ ਦਵਾਈ ਦੀ ਜ਼ਿਆਦਾ ਡੋਜ਼ ਲੈ ਰਹੇ ਹਨ। ਇਹੀ ਓਵਰਡੋਜ਼ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ। ਮਹਾਮਾਰੀ ਵਿਚ ਬਿਨਾਂ ਡਾਕਟਰਾਂ ਦੀ ਸਲਾਹ ਦੇ ਦਵਾਈਆਂ ਦੀ ਵਰਤੋਂ ਵਧੀ ਹੈ। ਮਾਹਿਰਾਂ ਮੁਤਾਬਕ ਕਿਸੇ ਬੀਮਾਰੀ ਦੀ ਦਵਾਈ ਦੀ ਓਵਰਡੋਜ਼ ਲਏ ਜਾਣ 'ਤੇ ਉਸ ਦਾ ਉਲਟਾ ਅਸਰ ਹੋ ਸਕਦਾ ਹੈ। ਜਿਵੇਂ ਡਾਈਬੀਟੀਜ਼ ਦੀ ਦਵਾਈ ਦੀ ਜ਼ਿਆਦਾ ਡੋਜ਼ ਲੈਣ 'ਤੇ ਸਰੀਰ ਵਿਚ ਸ਼ੂਗਰ ਦਾ ਪੱਧਰ ਬਹੁਤ ਘੱਟ ਜਾਂਦਾ ਹੈ, ਜਿਸ ਨਾਲ ਜ਼ਿਆਦਾ ਪਸੀਨਾ, ਕਮਜ਼ੋਰੀ, ਬਹੁਤ ਜ਼ਿਆਦਾ ਭੁੱਖ-ਪਿਆਸ ਜਿਹੇ ਲੱਛਣ ਦਿਖਾਈ ਦੇ ਸਕਦੇ ਹਨ। ਮਰੀਜ਼ ਨੂੰ ਲਗਦਾ ਹੈ ਜਿਵੇਂ ਉਸ ਦੀ ਸਰੀਰ ਵਿਚ ਜਾਨ ਹੀ ਨਹੀਂ ਹੈ।