ਅਮਰੀਕਾ ਵਿਚ ਸਮੁੰਦਰੀ ਤੂਫਾਨ ਨੇ ਫਲੋਰਿਡਾ ਨੂੰ ਝੰਬਿਆ

ਅਮਰੀਕਾ ਵਿਚ ਸਮੁੰਦਰੀ ਤੂਫਾਨ ਨੇ ਫਲੋਰਿਡਾ ਨੂੰ ਝੰਬਿਆ

ਹਜਾਰਾਂ ਲੋਕ ਹੋਏ ਘਰੋਂ ਬੇਘਰ, ਬਿਜਲੀ ਸਪਲਾਈ ਠੱਪ

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ
30 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਇਤਿਹਾਸ ਵਿਚ ਖਤਰਨਾਕ ਸਮੁੰਦਰੀ ਤੂਫਾਨਾਂ ਵਿਚੋਂ ਇਕ ਤੂਫਾਨ ਨੇ ਫਲੋਰਿਡਾ ਖੇਤਰ ਨੂੰ ਬੁਰੀ ਤਰਾਂ ਝੰਬ ਸੁੱਟਿਆ ਹੈ। ਭਾਰੀ ਬਾਰਿਸ਼ ਤੇ ਤੇਜ ਹਵਾਵਾਂ ਨੇ ਜਨ ਜੀਵਨ ਉਪਰ ਵਿਆਪਕ ਅਸਰ ਪਾਇਆ ਹੈ। ਖੇਤਰ ਵਿਚਲੇ ਹਜਾਰਾਂ ਲੋਕ ਆਪਣਾ ਘਰ ਬਾਹਰ ਛੱਡ ਕੇ ਸੁਰੱਖਿਅਤ ਥਾਵਾਂ ਉਪਰ ਪਨਾਹ ਲੈਣ ਲਈ ਮਜਬੂਰ ਹੋਏ ਹਨ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਤੂਫਾਨ ਦੇ ਕਾਰੋਲੀਨਾ ਤੇ ਜਾਰਜੀਆ ਵੱਲ ਵਧਣ ਦੀ ਸੰਭਾਵਨਾ ਹੈ।

ਇਸ ਖੇਤਰ ਚ  75 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਨੈਸ਼ਨਲ ਹੁਰੀਕੇਨ ਸੈਂਟਰ ਅਨੁਸਾਰ ਖਤਰਨਾਕ ਹੜ ਆਉਣ ਦੀ  ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫਲੋਰਿਡਾ ਦੇ ਗਵਰਨਰ ਰੌਨ ਡੇਸਨਟਿਸ ਨੇ ਕਿਹਾ ਹੈ ਕਿ ਕੋਸਟ ਗਾਰਡ ਹੈਲੀਕਾਪਟਰ ਤੂਫਾਨ ਵਿਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੇ ਹਨ। ਹੜ ਦੇ ਪਾਣੀ ਤੋਂ ਬਚਣ ਲਈ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਪਰ ਚੜੇ ਹੋਏ ਹਨ।  ਉਨਾਂ ਕਿਹਾ ਹੈ ਕਿ ਤੂਫਾਨ ਦਾ ਅਸਰ ਬਹੁਤ ਵੱਡੀ ਪੱਧਰ ਉਪਰ ਹੋਇਆ ਹੈ ਜਿਸ ਕਾਰਨ ਨੁਕਸਾਨ ਵੀ ਬਹੁਤ ਵੱਡੀ ਪੱਧਰ 'ਤੇ ਹੋਇਆ ਹੈ। ਗਵਰਨਰ ਅਨੁਸਾਰ  ਇਸ ਤਰਾਂ ਦਾ ਭਿਆਨਕ ਤੂਫਾਨ ਤੇ ਹੜ ਅਸੀਂ ਪਹਿਲਾਂ ਕਦੇ ਨਹੀਂ ਵੇਖਿਆ। ਹੁਣ ਤੱਕ ਤੂਫਾਨ ਤੇ ਹੜ ਕਾਰਨ  14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਲੋਰਿਡਾ ਵਿਚ 19 ਲੱਖ ਤੋਂ ਵਧ ਘਰ ਤੇ ਕਾਰੋਬਾਰੀ ਅਦਾਰਿਆਂ ਨੂੰ ਬਿਜਲੀ ਦੀ ਸਪਲਾਈ ਠੱਪ ਪਈ ਹੈ।