ਜਾਰਜੀਆ ਦੇ ਹਾਈ ਸਕੂਲ ਵਿਚ ਗੋਲੀਬਾਰੀ ਕਰਨ ਵਾਲੇ 14 ਸਾਲਾ ਵਿਦਿਆਰਥੀ ਦੇ ਪਿਤਾ ਨੂੰ ਕੀਤਾ ਗ੍ਰਿਫਤਾਰ, ਹੱਤਿਆ ਸਮੇਤ ਹੋਰ ਦੋਸ਼ ਆਇਦ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਬੀਤੇ ਦਿਨ ਅਮਰੀਕਾ ਦੇ ਜਾਰਜੀਆ ਰਾਜ ਦੇ ਇਕ ਹਾਈ ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਸ਼ੱਕੀ ਸ਼ੂਟਰ 14 ਸਾਲਾ ਵਿਦਿਆਰਥੀ ਕੋਲਟ ਗਰੇਅ ਦੇ ਪਿਤਾ ਕੋਲਿਨ ਗਰੇਅ (54) ਨੂੰ ਗ੍ਰਿਫਤਾਰ ਕਰ ਲੈਣ ਤੇ ਉਸ ਵਿਰੁੱਧ ਹੱਤਿਆ ਸਮੇਤ ਹੋਰ ਦੋਸ਼ ਆਇਦ ਕਰਨ ਦੀ ਖਬਰ ਹੈ। ਅਪਾਲਾਚੀ ਹਾਈ ਸਕੂਲ ਵਿਚ ਹੋਈ ਗੋਲੀਬਾਰੀ ਵਿੱਚ 2 ਅਧਿਆਪਕ ਤੇ 2 ਵਿਦਿਆਰਥੀ ਮਾਰੇ ਗਏ ਸਨ ਤੇ 9 ਹੋਰ ਜ਼ਖਮੀ ਹੋ ਗਏ ਸਨ। ਜ਼ਖਮੀਆਂ ਵਿਚ 8 ਵਿਦਿਆਰਥੀ ਤੇ ਇਕ ਅਧਿਆਪਕ ਸ਼ਾਮਿਲ ਹੈ। ਸ਼ੱਕੀ ਸ਼ੂਟਰ ਕੋਲਟ ਗਰੇਅ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਵਿਰੁੱਧ 4 ਹੱਤਿਆਵਾਂ ਦੇ ਦੋਸ਼ ਆਇਦ ਕੀਤੇ ਗਏ ਹਨ। ਜਾਂਚ ਬਿਊਰੋ ਅਨੁਸਾਰ ਉਸ ਵਿਰੁੱਧ ਹੋਰ ਦੋਸ਼ ਵੀ ਆਇਦ ਕਰਨ ਦੇ ਸੰਭਾਵਨਾ ਹੈ। ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਇਹ ਜਾਣਕਾਰੀ ਦਿੰਦਿਆਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਕੋਲਟ ਗਰੇਅ ਸਕੂਲ ਵਿਚ ਏ ਆਰ- ਪਲੇਟਫਾਰਮ ਸਟਾਈਲ ਹਥਿਆਰ ਲੈ ਕੇ ਆਇਆ ਸੀ।
ਪਿਤਾ ਵਿਰੁੱਧ 4 ਗੈਰ ਇਰਾਦਾ ਹੱਤਿਆਵਾਂ, ਦੂਸਰਾ ਦਰਜਾ ਹੱਤਿਆਵਾਂ ਤੇ ਬੱਚਿਆਂ ਪ੍ਰਤੀ ਬੇਰਹਿਮੀ ਵਰਤਣ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਗੋਲੀਬਾਰੀ ਵਿਚ ਮਾਰੇ ਗਏ 2 ਵਿਦਿਆਰਥੀਆਂ ਦੀ ਪਛਾਣ ਮੈਸਨ ਸ਼ਰਮੇਰਹੌਰਨ ਤੇ ਕ੍ਰਿਸਟੀਅਨ ਐਂਗਲੋ ਵਜੋਂ ਹੋਈ ਹੈ। ਇਨਾਂ ਦੋਨਾਂ ਦੀ ਉਮਰ 14 ਸਾਲ ਸੀ ਜਦ ਕਿ ਗੋਲੀਬਾਰੀ ਵਿਚ ਮਾਰੇ ਗਏ 2 ਅਧਿਆਪਕਾਂ ਦੀ ਪਛਾਣ ਰਿਚਰਡ ਐਸਪਿਨਵਾਲ (39) ਤੇ ਕ੍ਰਿਸਟੀਅਨ ਲਰੀਮੀ (53) ਵਜੋਂ ਹੋਈ ਹੈ ਜੋ ਗਣਿਤ ਦੇ ਅਧਿਆਪਕ ਸਨ।
Comments (0)