ਫਲੋਰੀਡਾ ਵਿਚ ਗ੍ਰੈਜੂਏਸ਼ਨ ਪਾਰਟੀਵਿੱਚ ਅਣਪਛਾਤਿਆਂ ਵੱਲੋਂ ਅੰਧਾਧੁੰਦ ਗੋਲੀਬਾਰੀ

ਫਲੋਰੀਡਾ ਵਿਚ ਗ੍ਰੈਜੂਏਸ਼ਨ ਪਾਰਟੀਵਿੱਚ ਅਣਪਛਾਤਿਆਂ ਵੱਲੋਂ ਅੰਧਾਧੁੰਦ ਗੋਲੀਬਾਰੀ

-3 ਮੌਤਾਂ ਤੇ 6 ਜ਼ਖਮੀ

* ਅਮਰੀਕਾ ਵਿਚ ਨਹੀਂ ਥਮ ਰਹੀ ਗੰਨ ਹਿੰਸਾ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਫਲੋਰੀਡਾ ਵਿਚ ਵਾਪਰੀ ਹੈ। ਜਾਣਕਾਰੀ ਅਨੁਸਾਰ ਫਲੋਰੀਡਾ ਦੇ ਮਿਆਮੀ ਖੇਤਰ ਵਿਚ ਰਾਤ ਵੇਲੇ ਚਲ ਰਹੀ ਇਕ ਗ੍ਰੈਜੂਏਸ਼ਨ ਪਾਰਟੀ ਵਿਚ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗਈ ਅੰਧਾਧੁੰਦ ਗੋਲੀਬਾਰੀ ਵਿਚ ਘੱਟੋ ਘੱਟ 3 ਲੋਕ ਮਾਰੇ ਗਏ ਤੇ 6 ਹੋਰ ਜ਼ਖਮੀ ਹੋ ਗਏ। ਮਿਆਮੀ ਪੁਲਿਸ ਡਾਇਰੈਕਟਰ ਅਲਫਰੈਡੋ 'ਫਰੀਡੀ' ਰਮੀਰੇਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਮਿਆਮੀ- ਡੇਡ ਕਾਲਜ ਦੇ ਦੱਖਣ ਵਿਚ ਮਾਲ ਪਾਰਕਿੰਗ ਲਾਟ ਵਿਚ ਪਾਰਟੀ ਅੱਧੀ ਰਾਤ ਬਾਅਦ 2 ਵਜੇ ਖਤਮ ਹੀ ਹੋਈ ਸੀ ਕਿ ਇਕ ਜਾਂ ਦੋ ਗੱਡੀਆਂ ਵਿਚ ਆਏ ਅਣਪਛਾਤਿਆਂ ਨੇ ਭੀੜ ਉਪਰ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਉਨਾਂ ਦਸਿਆ ਕਿ ਦੋ ਜਣਿਆਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਜਦ ਕਿ ਤੀਸਰਾ ਜਿਸ ਦੀ ਪਛਾਣ 20 ਸਾਲਾ ਟਾਇਲੀਸ਼ਾ ਟੇਅਲਰ ਵਜੋਂ ਹੋਈ ਹੈ, ਹਸਪਤਾਲ ਵਿਚ ਦਮ ਤੋੜ ਗਿਆ।

ਬਾਕੀ ਮ੍ਰਿਤਕਾਂ ਤੇ ਜ਼ਖਮੀਆਂ ਦੇ ਨਾਵਾਂ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਰਮੀਰੇਜ਼ ਨੇ ਦਸਿਆ ਕਿ ਮਿਆਮੀ-ਡੇਡ ਦੇ ਕਾਲਜ ਕੇਨਡਾਲ ਕੈਂਪਸ ਵਿਚ ਦੌੜਨ ਦੇ ਯਤਨ ਵਿਚ ਇਕ ਕਾਰ ਕੰਧ ਨਾਲ ਟਕਰਾਅ ਗਈ ਜਿਸ ਵਿਚ ਸਵਾਰ ਦੋ ਵਿਅਕਤੀ ਮਾਰੇ ਗਏ। ਕਾਰ ਵਿਚੋਂ ਇਕ ਗੰਨ ਬਰਾਮਦ ਹੋਈ ਹੈ। ਸਮਝਿਆ ਜਾਂਦਾ ਹੈ ਕਿ ਇਹ ਸ਼ੱਕੀ ਹਮਲਾਵਰ ਹੀ ਸਨ ਪਰ ਇਸ ਸਬੰਧ ਅਜੇ ਜਾਂਚ ਉਪਰੰਤ ਹੀ ਪਤਾ ਲੱਗੇਗਾ। ਮਿਆਮੀ-ਡੇਡ ਕਾਊਂਟੀ ਮੇਅਰ ਡੈਨੀਲਾ ਲੇਵਿਨ ਕਾਵਾ ਨੇ ਕਿਹਾ ਹੈ ਕਿ ਉਹ ਇਸ ਤਾਜਾ ਗੋਲੀਬਾਰੀ ਦੀ ਘਟਨਾ ਤੋਂ ਬਹੁਤ ਦੁੱਖੀ ਹੋਈ ਹੈ। ਇਕ ਛੋਟਾ ਜਿਹਾ ਸਮੂੰਹ ਸਮੁੱਚੇ ਸਮਾਜ ਵਿਚ ਦਹਿਸ਼ਤ ਫੈਲਾਅ ਰਿਹਾ ਹੈ ਜਿਸ ਨਾਲ ਪੂਰੀ ਤਾਕਤ ਨਾਲ ਨਜਿੱਠਿਆ ਜਾਵੇਗਾ ਤੇ ਦੋਸ਼ੀ ਛੇਤੀ ਕਟਹਿਰੇ ਵਿਚ ਖੜੇ ਹੋਣਗੇ। ਉਨਾਂ ਕਿਹਾ ਕਿ ਗੰਨ ਹਿੰਸਾ ਦੇ ਚੱਕਰ ਨੂੰ ਖਤਮ ਕਰਨ ਤੇ ਸਮਾਜ ਵਿਰੋਧੀ ਅਨਸਰਾਂ ਨਾਲ ਨਿਟਪਣ ਲਈ ਪੁਲਿਸ ਵਿਭਾਗ ਕੋਲ ਸਾਰੇ ਲੋੜੀਂਦੇ ਸਾਧਨ ਮੌਜੂਦ ਹਨ।