ਨਿਊਯਾਰਕ ਵਿਚ ਦੋ ਵਿਅਕਤੀਆਂ ਵੱਲੋਂ ਕੀਤੀ ਗੋਲੀਬਾਰੀ ਵਿਚ 10 ਜ਼ਖਮੀ

ਨਿਊਯਾਰਕ ਵਿਚ ਦੋ ਵਿਅਕਤੀਆਂ ਵੱਲੋਂ ਕੀਤੀ ਗੋਲੀਬਾਰੀ ਵਿਚ 10 ਜ਼ਖਮੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਨਿਊਯਾਰਕ ਸ਼ਹਿਰ ਦੇ ਕੁਈਨਜ ਨਗਰ ਵਿਚ ਦੋ ਵਿਅਕਤੀਆਂ ਵੱਲੋਂ ਕੀਤੀ ਗੋਈ ਗੋਲੀਬਾਰੀ ਵਿਚ 10 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਵਿਚ 8 ਵਿਅਕਤੀ ਤੇ 2 ਔਰਤਾਂ ਸ਼ਾਮਿਲ ਹਨ ਜਿਨਾਂ ਦੀ ਉਮਰ 19 ਸਾਲ ਤੋਂ ਲੈ ਕੇ 72 ਸਾਲ ਦਰਮਿਆਨ ਹੈ। ਇਨਾਂ ਸਾਰਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਕ ਨੂੰ ਛੱਡ ਕੇ ਸਾਰੇ ਜ਼ਖਮੀ ਖਤਰੇ ਤੋਂ ਬਾਹਰ ਹਨ। ਗੰਭੀਰ ਜ਼ਖਮੀ ਵਿਅਕਤੀ ਦੇ ਢਿੱਡ ਵਿਚ ਗੋਲੀ ਵੱਜੀ ਹੈ। ਗੋਲੀਬਾਰੀ ਦੀ ਘਟਨਾ ਇਕ ਨਾਈ ਦੀ ਦੁਕਾਨ ਦੇ ਬਾਹਰ ਲੰਘੇ ਦਿਨ ਰਾਤ 11 ਵਜੇ ਤੋਂ ਪਹਿਲਾਂ ਵਾਪਰੀ। ਦੋਨੋਂ ਸ਼ੱਕੀ ਹਮਲਵਾਰ ਘਟਨਾ ਸਥਾਨ ਤੋਂ  ਮੋਪਡਾਂ ਉਪਰ ਫਰਾਰ ਹੋ ਗਏ। ਪੁਲਿਸ ਅਨੁਸਾਰ ਦੋ ਬੰਦੂਕਧਾਰੀ ਪੈਦਲ ਹੀ ਘਟਨਾ ਸਥਾਨ 'ਤੇ ਆਏ ਪਰੰਤੂ ਗੋਲੀਬਾਰੀ ਉਪਰੰਤ ਦੋ ਮੋਪਡਾਂ ਉਪਰ ਫਰਾਰ ਹੋ ਗਏ ਜਿਨਾਂ ਨੂੰ ਦੋ ਹੋਰ ਵਿਅਕਤੀ ਚਲਾ ਰਹੇ ਸਨ। ਇਨਾਂ ਚਾਰਾਂ ਨੇ ਪੂਰੀ ਬਾਂਹ ਵਾਲੀਆਂ ਗਰਮ ਟੀ ਸ਼ਰਟਾਂ ਪਾਈਆਂ ਹੋਈਆਂ ਸਨ। ਨਿਊਯਾਰਕ ਪੁਲਿਸ ਵਿਭਾਗ ਡਿਟੈਕਟਿਵਜ ਦੇ ਮੁਖੀ ਜੇਮਜ ਐਸਿਗ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਗੋਲੀਬਾਰੀ ਵਿਚ ਸ਼ਾਮਿਲ 3 ਵਿਅਕਤੀਆਂ ਦਾ ਸਬੰਧ ਡੋਮੀਨੀਕੈਨ ਸਟਰੀਟ ਗਿਰੋਹ ਨਾਲ ਹੈ ਤੇ ਉਹ ਗਿਣਮਿਥ ਕੇ ਗੋਲੀਬਾਰੀ ਕਰਨ ਆਏ ਸਨ। ਐਸਿਗ ਨੇ ਦਸਿਆ ਕਿ ਗੋਲੀਬਾਰੀ ਵਾਲੇ ਸਥਾਨ ਨੇੜੇ ਇਕ ਰੈਸਟੋਰੈਂਟ ਵਿਚ ਪਾਰਟੀ ਚੱਲ ਰਹੀ ਸੀ। ਉਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਹਿਣ ਨਹੀਂ ਕੀਤੀਆਂ ਜਾ ਸਕਦੀਆਂ ਤੇ ਇਨਾਂ ਨੂੰ ਹਰ ਹਾਲਤ ਵਿਚ ਰੋਕਣਾ ਪਵੇਗਾ। ਪੁਲਿਸ ਦੋਸ਼ੀਆਂ ਦਾ ਭਾਲ ਕਰ ਰਹੀ ਹੈ ਪਰ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ। ਪੁਲਿਸ ਨੇ ਕਿਹਾ ਹੈ ਕਿ ਉਹ ਘਟਨਾ ਸਬੰਧੀ ਤਸਵੀਰਾਂ ਤੇ ਵੀਡਓ ਛੇਤੀ ਜਾਰੀ ਕਰੇਗੀ।