ਡੋਨਲਡ ਟਰੰਪ ਨੇ ਸਾਊਥ ਕੈਰੋਲੀਨਾ ਵਿਚ ਨਾਮਜ਼ਦਗੀ ਚੋਣ ਜਿੱਤੀ, ਆਪਣੇ ਹੀ ਰਾਜ ਵਿਚ ਨਿਕੀ ਹੇਲੇ ਪਛੜੀ

ਡੋਨਲਡ ਟਰੰਪ ਨੇ ਸਾਊਥ ਕੈਰੋਲੀਨਾ ਵਿਚ ਨਾਮਜ਼ਦਗੀ ਚੋਣ ਜਿੱਤੀ, ਆਪਣੇ ਹੀ ਰਾਜ ਵਿਚ ਨਿਕੀ ਹੇਲੇ ਪਛੜੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਬਕਾ ਗਵਰਨਰ ਨਿਕੀ ਹੇਲੇ ਨੂੰ ਉਸ ਦੇ ਆਪਣੇ ਹੀ ਰਾਜ ਸਾਊਥ ਕੈਰੋਲੀਨਾ ਵਿਚ ਹਰਾ ਕੇ ਨਾਮਜ਼ਦਗੀ ਚੋਣ ਜਿੱਤ ਲਈ ਹੈ। ਇਸ ਤਰਾਂ ਟਰੰਪ ਰਿਪਬਲੀਕਨ ਪਾਰਟੀ ਵੱਲੋਂ 2024 ਵਿਚ ਮੁੜ ਰਾਸ਼ਟਰਪਤੀ ਚੋਣ ਲੜਨ ਦੀ ਦੌੜ ਜਿੱਤਣ ਦੇ ਹੋਰ ਨੇੜੇ ਪੁੱਜ ਗਏ ਹਨ। ਬੀਤੀ ਰਾਤ 7 ਵਜੇ ਸਾਊਥ ਕੈਰੋਲੀਨਾ ਵਿਚ ਵੋਟਾਂ ਪੈਣ ਦੇ ਕੁਝ ਸਮੇ ਬਾਅਦ ਹੀ ਟਰੰਪ ਵੱਲੋਂ ਪਾਇਮਰੀ ਚੋਣ ਜਿੱਤ ਲੈਣ ਦਾ ਐਲਾਨ ਕਰ ਦਿੱਤਾ ਗਿਆ। ਆਪਣੀ ਇਸ ਜਿੱਤ ਉਪਰ ਟਰੰਪ ਨੇ ਕਿਹਾ ਕਿ ਇਹ ਸ਼ਾਨਦਾਰ ਸ਼ਾਮ ਹੈ।  ਉਨਾਂ ਨੇ ਨਿਕੀ ਹੇਲੇ ਦਾ ਨਾਂ ਲਏ ਬਗੈਰ ਕਿਹਾ ਕਿ ਮੈ ਕਦੀ ਵੀ ਰਿਪਬਲੀਕਨ ਪਾਰਟੀ ਏਨੀ ਇਕਜੁੱਟ ਨਹੀਂ ਵੇਖੀ ਜਿੰਨੀ ਅੱਜ ਹੈ। ਇਸ ਮੌਕੇ ਉਨਾਂ ਨੇ ਆਪਣੇ ਏਜੰਡੇ ਖਾਸ ਕਰਕੇ ਇਮੀਗ੍ਰੇਸ਼ਨ ਨੀਤੀ ਬਾਰੇ ਵੀ ਗੱਲ ਕੀਤੀ। ਉਨਾਂ ਨੇ ਆਪਣੇ ਹਮਾਇਤੀਆਂ ਨੂੰ ਅਗਲੀ ਮਿਸ਼ੀਗਨ ਦੀ ਪਾਇਮਰੀ ਚੋਣ ਲਈ ਤਿਆਰ ਰਹਿਣ ਵਾਸਤੇ ਕਿਹਾ।