ਕੈਲੀਫੋਰਨੀਆ ਵਿਚ ਅਮਰੀਕੀ ਸਮੁੰਦਰੀ ਸੈਨਾ ਦਾ ਹਵਾਈ ਜਹਾਜ਼ ਤਬਾਹ, 5 ਜਵਾਨਾਂ ਦੀ ਮੌਤ

ਕੈਲੀਫੋਰਨੀਆ ਵਿਚ ਅਮਰੀਕੀ ਸਮੁੰਦਰੀ ਸੈਨਾ ਦਾ ਹਵਾਈ ਜਹਾਜ਼ ਤਬਾਹ, 5 ਜਵਾਨਾਂ ਦੀ ਮੌਤ

* ਜਹਾਜ਼ ਵਿਚ ਪ੍ਰਮਾਣੂ ਸਮਗਰੀ ਹੋਣ ਦੀ ਉੱਡੀ ਅਫਵਾਹ ਪਰੰਤੂ ਫੌਜ ਨੇ ਨਕਾਰਿਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 10 ਜੂਨ (ਹੁਸਨ ਲੜੋਆ ਬੰਗਾ)-ਅਮਰੀਕੀ ਸਮੁੰਦਰੀ ਸੈਨਾ ਦਾ ਇਕ ਹਵਾਈ ਜਹਾਜ਼ ਦੱਖਣੀ ਕੈਲੀਫੋਰਨੀਆ ਵਿਚ ਤਬਾਹ ਹੋ ਗਿਆ ਜਿਸ ਕਾਰਨ ਉਸ ਵਿਚ ਸਵਾਰ ਸਾਰੇ 5 ਜਵਾਨਾਂ ਦੀ ਮੌਤ ਹੋ ਗਈ। ਮੈਰਾਈਨ ਕਾਰਪਸ ਦੇ ਬੁਲਾਰੇ ਸਪੂਤਨਿਕ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਇਸ ਹਾਦਸੇ ਵਿਚ ਜਵਾਨਾਂ ਦੀ ਮੌਤ ਦੀ ਪੁਸ਼ਟੀ ਨਹੀਂ ਕਰ ਸਕਦੇ ਪਰੰਤੂ ਸਥਾਨਕ ਮੀਡੀਆ ਅਨੁਸਾਰ ਜਹਾਜ਼ ਵਿਚ ਸਵਾਰ ਸਾਰੇ 5 ਜਵਾਨ ਮਾਰੇ ਗਏ ਹਨ। ਬੁਲਾਰੇ ਨੇ ਕਿਹਾ ਕਿ '' ਮੈ ਇਸ ਗੱਲ ਦੀ ਪੁਸ਼ਟੀ ਕਰਦਾ ਹਾਂ ਕਿ ਐਮ ਵੀ-22 ਬੀ ਓਸਪਰੇਅ ਜਹਾਜ਼ ਗਲਾਮਿਸ, ਕੈਲੀਫੋਰਨੀਆ ਵਿਚ ਤਬਾਹ ਹੋ ਗਿਆ ਹੈ। ਉਸ ਵਿਚ ਪ੍ਰਮਾਣੂ ਸਮਗਰੀ ਨਹੀਂ ਸੀ। ਇਸ ਸਮੇ ਇਸ ਤੋਂ ਵਧ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜਹਾਜ਼ ਥਰਡ ਮੈਰਾਈਨ ਏਅਰ ਕਰਾਫਟ ਵਿੰਗ ਨਾਲ ਸਬੰਧਤ ਸੀ ਜਿਸ ਦਾ ਟਿਕਾਣਾ ਸੈਨ ਡਇਏਗੋ, ਕੈਲੀਫੋਰਨੀਆ ਤੋਂ ਬਾਹਰ ਹੈ। ਨਵਲ ਏਅਰ ਫਸਿਲਟੀ ਐਲ ਸੈਂਟਰੋ ਨੇ ਪੁਸ਼ਟੀ ਕੀਤੀ ਹੈ ਕਿ ਇਹ ਹਾਦਸਾ ਰਾਸ਼ਟਰੀ ਮਾਰਗ 78 ਤੇ ਗਲਾਮਿਸ ਕਸਬੇ ਨੇੜੇ ਵਾਪਰਿਆ ਹੈ। ਇਥੇ ਜਿਕਰਯੋਗ ਹੈ ਕਿ ਇਸ ਜਹਾਜ਼ ਵਿਚ ਪ੍ਰਮਾਣੂ ਸਮਗਰੀ ਹੋਣ ਦੇ ਸੰਕੇਤ ਮਿਲੇ ਸੀ ਪਰੰਤੂ ਮੈਰਾਈਨ ਕਾਰਪਸ ਨੇ ਇਨਾਂ ਕਿਆਸਅਰਾਈਆਂ ਨੂੰ ਰੱਦ ਕਰ  ਦਿੱਤਾ ਹੈ। ਮਿਲੀ ਹੋਰ ਜਾਣਕਾਰੀ ਅਨੁਸਾਰ ਜਹਾਜ਼ ਸਿਖਲਾਈ ਦੌਰਾਨ ਦੁਪਹਿਰ 12.25 ਵਜੇ ਹਾਦਸਾਗ੍ਰਸਤ ਹੋ ਕੇ ਜਮੀਨ ਉਪਰ ਆ ਡਿੱਗਾ। ਇਥੇ ਜਿਕਰਯੋਗ ਹੈ ਕਿ ਓਸਪਰੇਅ ਹਾਈਬਰਿਡ ਜਹਾਜ਼ ਹੈ ਜੋ ਜਮੀਨ ਤੋਂ ਹਵਾ ਵਿਚ ਉਡਾਨ ਭਰ ਸਕਦਾ ਹੈ ਤੇ ਹੈਲਕਾਪਟਰ ਵਾਂਗ ਜਮੀਨ ਉਪਰ ਉਤਰ ਸਕਦਾ ਹੈ ਪਰੰਤੂ ਇਸ ਦੇ ਸੁਰੱਖਿਆ ਰਿਕਾਰਡ ਕਾਰਨ ਇਹ ਅਲੋਚਨਾ ਦਾ ਵਿਸ਼ਾ ਰਿਹਾ ਹੈ।