ਅਮਰੀਕਾ ਵਿਚ  ਪਹਿਲੀ ਪਤਨੀ ਤੇ ਦੂਸਰੀ ਪਤਨੀ ਦੇ  ਦੋ ਬੱਚਿਆਂ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੂੰ ਮੌਤ ਦੀ ਸਜ਼ਾ

ਅਮਰੀਕਾ ਵਿਚ  ਪਹਿਲੀ ਪਤਨੀ ਤੇ ਦੂਸਰੀ ਪਤਨੀ ਦੇ  ਦੋ ਬੱਚਿਆਂ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੂੰ ਮੌਤ ਦੀ ਸਜ਼ਾ
ਕੈਪਸ਼ਨ  ਚੈਡ ਡੇਬੈਲ (ਸੱਜੇ) ਆਪਣੇ ਵਕੀਲ ਨਾਲ ਨਜਰ ਆ ਰਿਹਾ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਇਡਾਹੋ ਰਾਜ ਵਿਚ ਆਪਣੀ ਪਹਿਲੀ ਪਤਨੀ ਤੇ ਦੂਸਰੀ ਪਤਨੀ ਦੇ ਦੋ ਬੱਚਿਆਂ ਦੀਆਂ ਪਹਿਲਾ ਦਰਜਾ ਹੱਤਿਆਵਾਂ ਤੇ ਸਾਜਿਸ਼  ਰਚਣ ਦੇ ਮਾਮਲੇ ਵਿਚ ਚੈਡ ਡੇਬੈਲ ਨਾਮੀ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਜਿਊਰੀ ਨੇ ਚੈਡ ਡੇਬੈਲ ਨੂੰ ਘਿਣਾਉਣੇ ਅਪਰਾਧ ਲਈ ਮੌਤ ਦੀ ਸਜ਼ਾ ਦੇਣ ਦੀ  ਸਿਫਾਰਿਸ਼ ਕਰਦਿਆਂ ਕਿਹਾ ਕਿ ਅਜਿਹਾ ਵਿਅਕਤੀ ਸਮਾਜ ਲਈ ਖਤਰਾ ਹੈ। ਇਸ ਸਿਫਾਰਿਸ਼ ਨੂੰ ਮੰਨਦਿਆਂ ਜੱਜ ਸਟੀਵਨ ਬੋਇਸੀ ਨੇ ਚੈਡ ਡੇਬੈਲ ਦੀ ਮੌਤ ਦੀ ਸਜ਼ਾ ਉਪਰ ਮੋਹਰ ਲਾ ਦਿੱਤੀ। ਡੇਬੈਲ ਨੂੰ 2 ਦਿਨ  ਪਹਿਲਾਂ ਪਹਿਲੀ ਪਤਨੀ ਟੈਮੀ ਡੇਬੈਲ ਤੇ ਉਸ ਦੀ ਦੂਸਰੀ ਪਤਨੀ ਦੇ ਦੋ ਬੱਚਿਆਂ 16 ਸਾਲਾ ਟਾਇਲੀ ਰੀਆਨ ਤੇ 7 ਸਾਲਾ ਜੋਸ਼ੂਆ ''ਜੇ ਜੇ'' ਵਾਲੋਅ ਦੀਆਂ ਹੱਤਿਆਵਾਂ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਮੁੱਦਈ ਪੱਖ ਦੇ ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਇਹ ਹੱਤਿਆਵਾਂ ਸੱਤਾ, ਸੈਕਸ , ਪੈਸੇ ਤੇ ਵਿਨਾਸ਼ਕਾਰੀ ਧਾਰਮਿੱਕ ਵਿਸ਼ਵਾਸ਼ ਦਾ ਸਿੱਟਾ ਹੈ। ਟਾਇਲੀ ਤੇ ਜੇ ਜੇ ਦੀ ਹੱਤਿਆ ਸਤੰਬਰ 2019 ਵਿਚ ਹੋਈ ਸੀ ਜਦ ਕਿ ਟੈਮੀ  ਡੇਬੈਲ 19 ਅਕਤੂਬਰ 2019 ਨੂੰ ਆਪਣੇ ਘਰ ਵਿਚ ਮ੍ਰਿਤਕ ਹਾਲਤ ਵਿਚ ਮਿਲੀ ਸੀ। ਇਸ ਤੋਂ ਕੁਝ ਹਫਤੇ ਪਹਿਲਾਂ ਹੀ ਚੈਡ ਡੇਬੈਲ ਤੇ ਲੌਰੀ ਵਾਲੋਅ ਡੇਬੈਲ ਨੇ ਵਿਆਹ ਕਰਵਾਇਆ ਸੀ। ਅਦਾਲਤ ਵਿਚ  ਫੈਸਲਾ  ਪੜਿਆ ਗਿਆ ਜਿਸ ਵਿਚ ਜੱਜ ਨੇ ਕਿਹਾ ਕਿ ਮੌਜੂਦਾ ਕਾਨੂੰਨ ਤਹਿਤ ਇਸ ਮਾਮਲੇ ਵਿਚ ਮੌਤ ਦੀ ਸਜ਼ਾ ਉਚਿੱਤ ਹੈ। ਜੱਜ ਨੇ   ਬੀਮਾ ਫਰਾਡ ਦੇ ਵੱਖਰੇ ਦੋਸ਼ਾਂ ਤਹਿਤ ਚੈਡ ਨੂੰ 15 ਸਾਲਾ  ਜੇਲ ਦੀ ਵੱਖਰੀ ਸਜ਼ਾ ਸੁਣਾਈ ਹੈ। ਸਜ਼ਾ ਸੁਣਾਉਣ ਸਮੇ ਦੋਸ਼ੀ ਨੇ ਕੋਈ ਪ੍ਰਤੀਕ੍ਰਿਆ ਪ੍ਰਗਟ ਨਹੀਂ ਕੀਤੀ ਤੇ ਉਹ ਚੇਹਰੇ 'ਤੇ ਕੋਈ ਪ੍ਰਭਾਵ ਲਿਆ ਬਿਨਾਂ ਖੜਾ ਰਿਹਾ। ਇਸ ਤੋਂ ਪਹਿਲਾਂ ਸਜ਼ਾ ਬਾਰੇ ਸ਼ੁਰੂ ਹੋਈ ਸੁਣਵਾਈ ਦੌਰਾਨ ਵਕੀਲ ਰਾਬ ਵੁੱਡ ਨੇ ਕਿਹਾ ਕਿ ਇਸ ਮਾਮਲੇ ਵਿਚ ਖਤਰਨਾਕ ਤੱਥਾਂ ਨੂੰ ਧਿਆਨ ਵਿਚ ਰਖਿਆ ਜਾਵੇ ਜੋ ਤੱਥ ਚੈਡ ਡੇਬੈਲ ਨੂੰ ਮੌਤ ਦੀ ਸਜ਼ਾ ਦੇ ਯੋਗ ਬਣਾਉਂਦੇ ਹਨ। ਡੇਬੈਲ ਦੀ  ਦੂਸਰੀ ਪਤਨੀ ਲੌਰੀ ਵਾਲੋਅ ਡੇਬੈਲ ਨੂੰ ਵੀ ਤਕਰੀਬਨ ਇਕ ਸਾਲ ਪਹਿਲਾਂ ਆਪਣੇ ਬੱਚਿਆਂ ਦੀਆਂ ਹੱਤਿਆਵਾਂ ਦੇ ਦੋਸ਼ਾਂ ਤਹਿਤ ਬਿਨਾਂ ਪੈਰੋਲ ਦੀ ਸੰਭਾਵਨਾ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਉਸ  ਨੂੰ ਟੈਮੀ ਡੇਬੈਲ ਦੀ ਹੱਤਿਆ ਦੀ ਸਾਜਸ਼ ਰਚਣ ਦੇ ਦੋਸ਼ਾਂ ਤਹਿਤ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ। ਲੌਰੀ ਵਾਲੋਅ ਡੇਬੈਲ ਨੇ ਆਪਣੀ ਸਜ਼ਾ ਵਿਰੁੱਧ ਸਟੇਟ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੈ ਜਿਸ ਵਿਚ ਉਸ ਦੇ ਵਕੀਲਾਂ ਨੇ ਡੇਬੈਲ ਦੀ ਮਾਨਸਿਕ ਹਾਲਾਤ ਦਾ ਮੁੱਦਾ ਉਠਾਇਆ ਹੈ।