ਬਾਇਡਨ ਪ੍ਰਸ਼ਾਸਨ ਵੱਲੋਂ ਕਾਲਜ ਘਪਲੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦਾ ਹੋਰ 55.6 ਮਿਲੀਅਨ ਡਾਲਰ ਦਾ ਕਰਜ਼ਾ ਮੁਆਫ

ਬਾਇਡਨ ਪ੍ਰਸ਼ਾਸਨ ਵੱਲੋਂ ਕਾਲਜ ਘਪਲੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦਾ ਹੋਰ 55.6 ਮਿਲੀਅਨ ਡਾਲਰ ਦਾ ਕਰਜ਼ਾ ਮੁਆਫ

 * ਹੁਣ ਤੱਕ 92000 ਵਿਦਿਆਰਥੀਆਂ ਦੇ ਕਰਜੇ ਕੀਤੇ ਰੱਦ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਅਮਰੀਕਾ ਦੇ ਸਿੱਖਿਆ ਵਿਭਾਗ ਨੇ ਕਾਲਜ ਘਪਲੇ ਦਾ ਸ਼ਿਕਾਰ ਹੋਏ 1800 ਵਿਦਿਆਰਥੀਆਂ ਦੇ 55.6 ਮਿਲੀਅਨ ਡਾਲਰ ਦੇ ਹੋਰ ਕਰਜ਼ੇ ਰੱਦ ਕਰ ਦਿੱਤੇ ਹਨ। ਇਸ ਤਰਾਂ ਬਾਇਡਨ ਪ੍ਰਸ਼ਾਸ਼ਨ ਹੁਣ ਤੱਕ ਵਿਦਿਆਰਥੀਆਂ ਦੇ 1.5 ਬਿਲੀਅਨ ਡਾਲਰਾਂ ਦੇ ਕਰਜ਼ੇ ਰੱਦ ਕਰ ਚੁੱਕਾ ਹੈ। ਸਿੱਖਿਆ ਸਕੱਤਰ ਮੀਗੁਲ ਕਾਰਡੋਨਾ ਨੇ ਵਿਭਾਗ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅੱਜ ਦਾ ਐਲਾਨ ਅਮਰੀਕੀ ਸਿੱਖਿਆ ਵਿਭਾਗ ਦੀ ਉਨਾਂ ਵਿਦਿਆਰਥੀਆਂ ਦੇ ਨਾਲ ਖੜੇ ਹੋਣ ਦੀ ਵਚਨਬੱਧਤਾ ਦਾ ਪ੍ਰਤੀਕ ਹੈ ਜਿਨਾਂ ਵਿਦਿਆਰਥੀਆਂ ਤੋਂ ਕਾਲਜਾਂ ਨੇ ਲਾਹਾ ਲਿਆ। ਬਿਆਨ ਵਿਚ ਹੋਰ ਕਿਹਾ ਗਿਆ ਹੈ ਕਿ ਤਾਜਾ ਕਾਰਵਾਈ ਬਾਇਡਨ ਪ੍ਰਸ਼ਾਸਨ ਦੀਆਂ ਕਰਜਾ ਲੈਣ ਵਾਲਿਆਂ ਦੇ ਹਿੱਤਾਂ ਦੀ ਰਖਿਆ ਨੂੰ ਯਕੀਨ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਇਥੇ ਜਿਕਰਯੋਗ ਹੈ ਕਿ ਕਰਜਾ ਲੈਣ ਵਾਲਿਆਂ ਦੇ ਹਿੱਤਾਂ ਦੀ ਰਖਿਆ ਸਬੰਧੀ ਸਿੱਖਿਆ ਵਿਭਾਗ ਦਾ ਇਕ ਸੰਘੀ ਨਿਯਮ ਹੈ ਜਿਸ ਤਹਿਤ ਉਹ ਵਿਦਿਆਰਥੀ ਆਪਣੇ ਕਰਜੇ ਨੂੰ ਮੁਆਫ ਕਰਨ ਦਾ ਦਾਅਵਾ ਕਰ ਸਕਦੇ ਹਨ ਜਿਨਾਂ ਨਾਲ ਕਿਸੇ ਕਾਲਜ ਜਾਂ ਯੁਨੀਵਰਸਿਟੀ ਨੇ ਧੋਖਾ ਕੀਤਾ ਹੋਵੇ।  ਰੱਦ ਕੀਤਾ ਗਿਆ ਤਾਜਾ ਕਰਜਾ ਉਨਾਂ ਵਿਦਿਆਰਥੀਆਂ ਦਾ ਹੈ ਜਿਨਾਂ ਨੇ ਵੈਸਟਵੁੱਡ ਕਾਲਜ ਮੈਰੀਨੈਲੋ ਸਕੂਲ'ਜ ਆਫ ਬਿਊਟੀ ਵਿਚ ਦਾਖਲਾ ਲਿਆ ਸੀ। ਹੁਣ ਤੱਕ ਬਾਇਡਨ ਪ੍ਰਸ਼ਾਸਨ ਤਕਰੀਬਨ 92000 ਵਿਦਿਆਰਥੀਆਂ ਦੇ ਕਰਜੇ ਉਪਰ ਲਕੀਰ ਫੇਰ ਚੁੱਕਾ ਹੈ। ਇਨਾਂ ਵਿਚ ਉਹ ਵਿਦਿਆਰਥੀ ਵੀ ਸ਼ਾਮਿਲ ਹਨ ਜਿਨਾਂ ਨੇ ਪਿਛਲੇ ਟਰੰਪ ਪ੍ਰਸ਼ਾਸਨ ਵੇਲੇ ਕਰਜ਼ਾ ਮੁਆਫੀ ਦੇ  ਦਾਅਵੇ ਕੀਤੇ ਸਨ।