ਅਮਰੀਕਾ ਦੇ ਕੁਝ ਹਿੱਸਿਆਂ ਵਿਚ ਸ਼ਕਤੀਸ਼ਾਲੀ ਬਰਫ਼ੀਲੇ ਤੂਫਾਨ ਤੇ ਮੀਂਹ ਨੇ ਜਨ ਜੀਵਨ ਕੀਤਾ ਪ੍ਰਭਾਵਿਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ 12 ਦਸੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਸਮੁੱਚੇ ਪੱਛਮੀ ਹਿੱਸੇ ਵਿਚ ਸ਼ਕਤੀਸ਼ਾਲੀ ਬਰਫ਼ੀਲੇ ਤੂਫਾਨ ਤੇ ਦੱਖਣੀ ਕੈਲੀਫੋਰਨੀਆ ਦੇ ਕੁਝ ਹਿੱਸਿਆਂ ਵਿਚ ਪਈ 7 ਇੰਚ ਤੋਂ ਵਧ ਬਾਰਿਸ਼ ਨੇ ਜਨ ਜੀਵਨ ਪ੍ਰਭਾਵਿਤ ਕੀਤਾ ਹੈ। ਕੌਮੀ ਮੌਸਮ ਸੇਵਾ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਸਮੁੱਚੇ ਪੱਛਮੀ ਹਿੱਸੇ ਵਿਚ ਬਰਫ਼ੀਲਾ ਤੂਫਾਨ ਹੋਰ ਭਿਆਨਕ ਹੋ ਸਕਦਾ ਹੈ। ਕੋਲੋਰਾਡੋ ਤੋਂ ਮਿਨੀਸੋਟਾ ਤੱਕ ਜਬਰਦਸਤ ਬਰਫ਼ਬਾਰੀ ਹੋ ਸਕਦੀ ਹੈ ਤੇ ਤੇਜ ਹਵਾਵਾਂ ਚਲਣਗੀਆਂ। ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਬਹੁਤ ਸਾਰੇ ਖੇਤਰ ਭਾਰੀ ਬਰਫ਼ਬਾਰੀ ਕਾਰਨ ਪ੍ਰਭਾਵਿਤ ਹੋਣਗੇ ਜਿਸ ਕਾਰਨ ਸਫਰ ਕਰਨਾ ਅਸੰਭਵ ਹੋ ਸਕਦਾ ਹੈ। ਉੱਤਰ ਪੂਰਬੀ ਕੈਲੀਫੋਰਨੀਆ, ਗਰੇਟਰ ਲੇਕ ਟਾਹੋ ਖੇਤਰ, ਪੱਛਮੀ ਨੇਵਾਡਾ ਤੇ ਪੂਰਬੀ ਸੀਰਾ ਨੇਵਾਡਾ ਵਿਚ ਭਾਰੀ ਬਰਫ਼ਬਾਰੀ ਹੋਈ ਹੈ। ਸੀਰਾ ਨੇਵਾਡਾ ਵਿਚ 5 ਫੁੱਟ ਤੱਕ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ । ਮੌਸਮ ਸੇਵਾ ਅਨੁਸਾਰ ਗਰੇਟਰ ਲੇਕ ਟਾਹੋ ਖੇਤਰ ਵਿਚ 48 ਇੰਚ ਤੱਕ ਬਰਫ਼ਬਾਰੀ ਰਿਕਾਰਡ ਹੋਈ ਹੈ। ਲੇਕ ਟਾਹੋ ਖੇਤਰ ਵਿਚ ਭਾਰੀ ਬਰਫ਼ਬਾਰੀ ਕਾਰਨ ਕੈਲੀਫੋਰਨੀਆ ਰਾਸ਼ਟਰੀ ਮਾਰਗ 89 ਨੂੰ ਬੰਦ ਕਰ ਦਿੱਤਾ ਗਿਆ। ਹਾਲਾਤ ਦੇ ਮੱਦੇਨਜ਼ਰ ਹੋਰ ਸੜਕਾਂ ਨੂੰ ਵੀ ਬੰਦ ਕਰਨਾ ਪੈ ਸਕਦਾ ਹੈ। ਤੂਫਾਨ ਦੇ ਪੂਰਬ ਵੱਲ ਵਧਣ ਕਾਰਨ ਤੇ ਬਰਫ਼ ਦੇ ਢੇਰਾਂ ਕਾਰਨ ਉਪਰਲੇ ਮੱਧ ਪੱਛਮ ਦੇ ਪ੍ਰਮੁੱਖ ਰਾਸ਼ਟਰੀ ਮਾਰਗ 1-90 ਤੇ 1-94 ਦੇ ਹਿੱਸੇ ਬੰਦ ਕਰਨੇ ਪੈ ਸਕਦੇ ਹਨ।
Comments (0)