ਭਾਰਤੀ ਵਿਦਿਆਰਥੀ ਅਮਰੀਕਾ ਦੀ ਯਾਤਰਾ ਛੋਟ ਸੂਚੀ ਵਿਚ ਸ਼ਾਮਿਲ *

ਭਾਰਤੀ ਵਿਦਿਆਰਥੀ ਅਮਰੀਕਾ ਦੀ ਯਾਤਰਾ ਛੋਟ ਸੂਚੀ ਵਿਚ ਸ਼ਾਮਿਲ *

 4 ਮਈ ਤੋਂ ਲਾਗੂ ਹੋਣਗੀਆਂ ਭਾਰਤੀਆਂ ਉਪਰ ਯਾਤਰਾ ਪਾਬੰਦੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)-ਭਾਰਤ ਉਪਰ ਯਾਤਰਾ ਪਾਬੰਦੀਆਂ ਜੋ 4 ਮਈ ਤੋਂ ਲਾਗੂ ਹੋਣਗੀਆਂ, ਦੇ ਐਲਾਨ ਤੋਂ ਬਾਅਦ ਬਾਇਡਨ ਪ੍ਰਸ਼ਾਸ਼ਨ ਨੇ ਇਕ ਹੋਰ ਐਲਾਨ ਕਰਦਿਆਂ ਵਿਦਿਆਰਥੀਆਂ ਦੀਆਂ ਵਿਸ਼ੇਸ਼ ਸ਼੍ਰੇਣੀਆਂ, ਉੱਚ ਸਿੱਖਿਆ ਸ਼ਾਸ਼ਤਰੀਆਂ ਤੇ ਪੱਤਰਕਾਰਾਂ ਨੂੰ ਨਵੀਆਂ ਯਾਤਰਾ ਪਾਬੰਦੀਆਂ ਤੋਂ ਬਾਹਰ ਰਖਿਆ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਭਾਰਤ ਉਪਰ ਕੌਮੀ ਹਿੱਤਾਂ ਦੇ ਮੱਦੇਨਜਰ ਉਹ ਹੀ ਪਾਬੰਦੀਆਂ ਲਾਗੂ ਹੋਣਗੀਆਂ ਜੋ ਕੋਵਿਡ-19 ਮਹਾਂਮਾਰੀ ਦੇ ਮੱਦੇਨਜਰ ਸਾਰੇ ਖੇਤਰਾਂ 'ਤੇ ਆਵਾਜਾਈ ਉਪਰ ਇਸ ਸਮੇ ਲਾਗੂ ਹਨ। ਵਿਭਾਗ ਅਨੁਸਾਰ ਅਮਰੀਕਾ ਵਿਚ ਪੜਾਈ ਲਈ ਆਉਣ ਵਾਲੇ ਵਿਦਿਆਰਥੀ, ਕੁਝ ਵਿਸ਼ੇਸ਼ ਉੱਚ ਸਿੱਖਿਅਕ ਤੇ ਉਹ ਵਿਅਕਤੀ ਜੋ ਕੋਵਿਡ-19 ਦੇ ਦੌਰ ਵਿਚ ਅਹਿਮ ਬੁਨਿਆਦੀ ਢਾਂਚਾ ਮੁਹੱਈਆ ਕਰਾਉਣ ਦੇ ਵਰਗ ਵਿਚ ਆਉਂਦੇ ਹਨ, ਨੂੰ ਪਾਬੰਦੀਆਂ ਤੋਂ ਛੋਟ ਹੋਵੇਗੀ। ਉਹ ਅਮਰੀਕਾ ਸਕਣਗੇ। ਇਨਾਂ ਵਿਚ ਉਹ  ਸਾਰੇ ਯੋਗ ਬੇਨਤੀਕਰਤਾ ਸ਼ਾਮਿਲ ਹਨ ਜੋ ਇਸ ਸਮੇ ਭਾਰਤ, ਬਰਾਜ਼ੀਲ, ਚੀਨ, ਇਰਾਨ ਤੇ ਦੱਖਣੀ ਅਫਰੀਕਾ ਵਿਚ ਹਨ। ਵਿਦੇਸ਼ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਨਵੇਂ ਨਿਯਮ ਅਮਰੀਕੀ ਸ਼ਹਿਰੀਆਂ, ਕਾਨੂੰਨੀ ਸਥਾਈ ਵਾਸੀਆਂ ਤੇ ਅਮਰੀਕਾ ਦੇ ਗੈਰ ਸ਼ਹਿਰੀ ਨਾਗਰਿਕਾਂ ਉਪਰ ਲਾਗੂ ਨਹੀਂ ਹੋਣਗੇ। ਇਹ ਨਿਯਮ ਅਮਰੀਕੀ ਨਾਗਰਿਕ ਦੇ ਗੈਰ ਨਾਗਰਿਕ ਜੀਵਨ ਸਾਥੀ ਜਾਂ ਕਾਨੂੰਨੀ ਸਥਾਈ ਵਾਸੀਆਂ ਉਪਰ ਵੀ ਲਾਗੂ ਨਹੀਂ ਹੋਣਗੇ। ਜਾਰੀ ਰਲੀਜ ਵਿਚ ਕਿਹਾ ਗਿਆ ਹੈ ਕਿ ਵਿਦੇਸ਼ ਵਿਭਾਗ ਕੌਮਾਂਤਰੀ ਸਥਿੱਤੀ ਨੂੰ ਸਾਹਮਣੇ ਰਖਕੇ ਹੋਰ ਵੀਜ਼ੇ ਜਾਰੀ ਕਰਨ ਦੇ ਢੰਗ ਤਰੀਕੇ ਲੱਭਣ ਲਈ ਨਿਰੰਤਰ ਯਤਨ ਕਰ ਰਿਹਾ ਹੈ।