ਪੰਜਾਬ ਵਿੱਚ ਵਿਆਪਕ ਪੱਧਰ ਉਪਰ ਸਿੱਖਾਂ 'ਤੇ ਸਰਕਾਰੀ ਜ਼ੁਲਮ ਦੀ ਮੁੜ ਸ਼ੁਰੂਆਤ : ਸਿੱਖ ਫੈਡਰੇਸ਼ਨ ਅਮਰੀਕਾ
ਸਿੱਖ ਫੈਡਰੇ਼ਸ਼ਨ ਅਮਰੀਕਾ ਵੱਲੋਂ ਪੰਜਾਬ ਦੇ ਮੌਜੂਦਾ ਘਟਨਾਕਰਮ ਚੋ ਉਪਜੇ ਕੌਮ ਵਿਰੋਧੀ ਵਰਤਾਰੇ ਨੂੰ ਸਮਝਣ ਅਤੇ ਸਰਕਾਰੀ ਪ੍ਰਾਪੇਗੰਡੇ ਨੂੰ ਨਕਾਰਾ ਕਰਨ ਲਈ ਕੌਮ ਨੂੰ ਸੁਚੇਤ ਤੇ ਇਕਜੁੱਟਤਾ ਦੀ ਅਪੀਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਫਰੀਮਾਂਟ: ਸਿੱਖ ਫੈਡਰੇਸ਼ਨ ਅਮਰੀਕਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ੧੮ ਮਾਰਚ ਤੋਂ ਪੰਜਾਬ ਵਿੱਚ ਵਿਆਪਕ ਪੱਧਰ ਉਪਰ ਸਰਕਾਰੀ ਜ਼ੁਲਮ ਦੀ ਸਿੱਖਾਂ ਉਪਰ ਤੇ ਖਾਸ ਕਰ ਸਿੱਖ ਜਵਾਨੀ ਉਪਰ ਇਕ ਵਾਰ ਫਿਰ ਤੋਂ ਸ਼ੁਰੂਆਤ ਹੋਈ ਹੈ ਭਾਵੇ ਇਹ ਸਾਡੇ ਲਈ ਕੋਈ ਨਵੀ ਗੱਲ ਨਹੀਂ ਕਿਉਂਕਿ ੧੯੮੪ ਤੋਂ ਬਾਅਦ ਜਿਵੇ ਸਿੱਖ ਜਵਾਨੀ ਨੂੰ ਲੱਭ ਲੱਭ ਕੇ ਕੋਹ ਕੋਹ ਕੇ ਖਤਮ ਕੀਤਾ ਗਿਆ ਉਹ ਇਸ ਬਿਪਰ ਸਿਸਟਮ ਦਾ ਸਾਡੇ ਪ੍ਰਤੀ ਕੀਤੀ ਜਾਣ ਵਾਲੀ ਨਸਲਕੁਸ਼ੀ ਦਾ ਅੰਗ ਤੇ ਵਰਤਮਾਨੀ ਝਲਕਾਰਾ ਹੀ ਹੈ। ਹਰ ੨੦-੨੫ ਸਾਲਾਂ ਬਾਅਦ ਸਾਡੇ ਜਵਾਨ ਪੁੱਤਰਾਂ ਨੂੰ ਕਿਸੇ ਬਹਾਨੇ ਖਤਮ ਕਰਨ ਜਾਂ ਜੇਲੀਂ ਡੱਕਣ ਦਾ ਕੋਈ ਨਾ ਕੋਈ ਬਹਾਨਾ ਘੜ ਲਿਆ ਜਾਂਦਾ ਹੈ। ਇਸ ਲਗਾਤਾਰ ਹੋ ਰਹੇ ਬਿਪਰੀ ਜ਼ੁਲਮ ਵਿਰੁੱਧ ਖਾਲਸਾ ਜੀ ਨੇ ਵੀ ਗੁਰੂ ਸਿੱਖਿਆ ਅਨੁਸਾਰ ਅਪਣਾ ਫਰਜ਼ ਨਿਭਾਉਂਦਿਆਂ ਸਦਾ ਮੂੰਹ ਮੋੜਵਾ ਜਵਾਬ ਦਿਤਾ ਹੈ। ਭਾਵੇਂ ਉਹ ਖਾੜਕੂ ਸੰਘਰਸ਼ ਦਾ ਰੂਪ ਜੋਵੇ ਤੇ ਭਾਵੇਂ ਕਿਸਾਨੀ ਅੰਦੋਲਨ ਜਾਂ ਪਾਣੀਆਂ ਦੀ ਹੱਕੀ ਲੜਾਈ ਹੋਵੇ।
ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਬਹਾਨਾ ਬਣਾਉਂਦਿਆਂ ਪੰਜਾਬ ਵਿਚ ਹੋ ਰਿਹਾ ਫੋਜੀ ਤੇ ਪੁਲਸੀ ਤਸ਼ੱਦਦ ਸਿਧੇ ਰੂਪ ਵਿਚ ਨੌਜਵਾਨ ਸਿੱਖਾਂ ਨੂੰ ਡਰਾਉਣ ਤੇ ਹੱਕੀ ਮੰਗਾਂ ਦੀ ਲੜਾਈ ਤੋਂ ਲਾਂਭੇ ਰੱਖਣ ਦਾ ਸਰਕਾਰੀ ਸਟੰਟ ਹੈ। ਜਿਸ ਤਰਾਂ ਭਾਰਤੀ ਸਟੇਟ ਨੇ ਐਨ ਐਸ ਏ ਵਰਗੇ ਕਾਲੇ ਕਨੂੰਨਾਂ ਦਾ ਸਹਾਰਾ ਲੈ ਕੇ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਡੱਕੇਆ ਅਤੇ ਉਸਨੂੰ ਫੜਨ ਲਈ ਜੋ ਅਡੰਬਰ ਰਚਿਆ ਗਿਆ ਉਹ ਬਿਲਕੁੱਲ ਹੀ ਨਜ਼ਾਇਜ ਤੇ ਬੇਲੋੜੀਂਦਾ ਸੀ। ਸਰਕਾਰੀ ਮੀਡੀਆ ਤੇ ਸਮੁਚੇ ਸਰਕਾਰੀ ਤੰਤਰ ਨੇ ਉਸ ਕਾਰਵਾਈ ਨੂੰ ਦੁਨੀਆ ਪੱਧਰ ਤੇ ਸਿੱਖਾਂ ਖਿਲਾਫ ਬਿਰਤਾਂਤ ਸਿਰਜਣ ਲਈ ਵਰਤਿਆ ਤੇ ਸਿੱਖਾਂ ਨੂੰ ਖਾਲਿਸਤਾਨੀ ਅੱਤਵਾਦੀਆਂ ਵਜੋਂ ਪੇਸ਼ ਕਰਨ ਦਾ ਕੋਝਾ ਯਤਨ ਕੀਤਾ
ਇਸ ਘਟਨਾ ਕ੍ਰਮ ਵਿੱਚੋ ੧੯੮੪ ਵਿਚ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਭਾਰਤੀ ਫੋਜੀ ਹਮਲੇ ਤੋਂ ਬਾਅਦ ਚਲੇ ਖਾੜਕੂ ਸੰਘਰਸ਼ ਨੂੰ ਸਿੱਖਾਂ ਵਿਚ ਹੀ ਬਦਨਾਮ ਕਰਨ ਦੇ ਕੋਝੇ ਯਤਨ ਬਹੁਤ ਜ਼ੋਰ ਸ਼ੋਰ ਨਾਲ ਸ਼ੁਰੂ ਹੋਏ ਜਿਸ ਵਿਚ ਖਾੜਕੂ ਜਰਨੈਲਾਂ ਦੀ ਕਿਰਦਾਰਕੁਸ਼ੀ ਅਤੇ ਸਿੱਖਾਂ ਦੀ ਅਜ਼ਾਦੀ ਦੇ ਸੰਘਰਸ਼ ਨੂੰ ਆਪਸੀ ਭਰਾਮਾਰੂ ਲੜਾਈ ਵਜੋਂ ਪ੍ਰਚਾਰਨ ਦਾ ਅਮਲ ਸ਼ੁਰੂ ਹੋਇਆ। ਜਿਸ ਤਹਿਤ ਭਾਈ ਦਲਜੀਤ ਸਿੰਘ ਨੂੰ ਖਾਸ ਨਿਸ਼ਾਨਾ ਬਣਾਇਆ ਗਿਆ। ਜਿਸ ਵਿੱਚ ਕੁੱਝ ਅੰਮ੍ਰਿਤਪਾਲ ਸਿੰਘ ਦੇ ਸਮੱਰਥਕ ਅਤੇ ਕੁੱਝ ਆਪਣੇ ਆਪ ਨੂੰ ਖਾਲਿਸਤਾਨੀ ਕਹਿਣ ਵਾਲੇ ਵੀ ਸ਼ਾਮਿਲ ਹੋਏ।
ਸਿੱਖ ਫੇਡਰੇਸ਼ਨ ਅਮਰੀਕਾ ਸਰਕਾਰੀ ਪ੍ਰਾਪੇਗੰਡੇ ਵਿਰੁੱਧ ਡੱਟਦਿਆਂ ਜਿਥੇ ਸਿੱਖ ਧਿਰਾਂ ਨੂੰ ਆਪਸੀ ਤਾਲਮੇਲ ਵਧਾਉਣ ਲਈ ਬੇਨਤੀ ਕਰਦੀ ਹੈ ਓਥੇ ਨਾਲ ਹੀ ਸਰਕਾਰੀ ਦਮਨ ਤਹਿਤ ਫੜੇ ਨੌਜਵਾਨਾਂ ਸਿੰਘਾਂ ਲਈ ਹਰ ਸੰਭਵ ਮਦਦ ਕਰਨ ਦੀ ਵੀ ਹਾਮੀ ਭਰਦੀ ਹੈ। ਕੌਮ ਵਲੋਂ ਲੜਨ ਵਾਲੇ ਜੁਝਾਰੂ ਸਿੰਘਾਂ ਦੀ ਕਿਦਾਰਕੁਸ਼ੀ ਕਰਨਾ ਅਪਣੇ ਪੈਰੀਂ ਕੁਹਾੜਾ ਮਾਰਨ ਵਾਲਾ ਅਮਲ ਹੈ ਜਿਸ ਤੋਂ ਬਚਣ ਦੀ ਜਰੂਰਤ ਹੈ। ਹਾਲਾਤਾਂ ਅਨੁਸਾਰ ਸਿੱਖਾਂ ਨੂੰ ਅਪਣੀ ਅਜ਼ਾਦੀ ਦਾ ਸੰਘਰਸ਼ ਹਰ ਪੱਧਰ ਉਪਰ ਲੜਨ ਦੀ ਸਖਤ ਲੋੜ ਹੈ। ੧੯੮੪ ਤੋਂ ਬਾਅਦ ਜਿਸ ਵੀ ਸਿੰਘ ਨੇ ਕਿਸੇ ਵੀ ਤਰਾਂ ਦੀ ਕੌਮੀ ਸੇਵਾ ਕੀਤੀ ਹੈ, ਸਾਨੂੰ ਉਸਦਾ ਸਤਿਕਾਰ ਕਰਦਿਆਂ, ਨਵੇਂ ਸੰਘਰਸ਼ੀ ਵੀਰਾਂ ਦਾ ਸਾਥ ਦਿੰਦਿਆਂ, ਕੌਮੀ ਲੜਾਈ ਨੂੰ ਮੁਖ ਰੱਖਦਿਆਂ ਆਪਸੀ ਵਿਥ ਵਖਰੇਵੇਂ ਖੜੇ ਨਾ ਕਰਕੇ, ਇਕੱਠੇ ਹੋ ਕੇ ਕੌਮ ਦੀ ਆਜ਼ਾਦੀ ਲਈ ਹੰਭਲਾ ਮਾਰਨਾ ਚਾਹੀਦਾ ਹੈ।
Comments (0)