ਕੈਲੀਫੋਰਨੀਆ ਵਿਚ ਸੁਨਿਆਰਿਆਂ ਦੇ ਸਟੋਰ ਵਿੱਚ ਚਿੱਟੇ ਦਿਨ ਡਾਕਾ ਮਾਰਨ ਵਾਲੇ 20 ਸ਼ੱਕੀਆਂ ਵਿਚੋਂ ਪੁਲਿਸ ਨੇ ਪਿੱਛਾ ਕਰਕੇ 5 ਕੀਤੇ ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ ਸਨੀਵੇਲ ਵਿਖੇ ਭਾਰਤੀ ਅਮਰੀਕੀ ਦੀ ਮਾਲਕੀ ਵਾਲੇ ਸਟੋਰ ਪੀ ਐਨ ਜੀ ਜਿਊਲਰਜ਼ ਵਿਚ ਦਿਨ ਦਿਹਾੜੇ ਦਲੇਰਾਨਾ ਡਾਕਾ ਮਾਰਨ ਵਾਲੇ 20 ਸ਼ੱਕੀਆਂ ਵਿਚੋਂ ਪੁਲਿਸ ਵੱਲੋਂ ਪਿੱਛਾ ਕਰਕੇ 5 ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਸਨੀਵੇਲ ਡਿਪਾਰਟਮੈਂਟ ਆਫ ਪਬਲਿਕ ਸੇਫਟੀ (ਡੀ ਪੀ ਐਸ) ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਲੁੱਟਮਾਰ ਦੀ ਇਹ ਘਟਨਾ ਲੰਘੇ ਦਿਨ ਦੁਪਹਿਰ ਬਾਅਦ ਤਕਰੀਬਨ 1.30 ਵਜੇ ਵਾਪਰੀ। ਅੰਦਾਜਨ 20 ਸ਼ੱਕੀ ਵਿਅਕਤੀ ਹੇਸੀਨਡਾ ਸ਼ਾਪਿੰਗ ਸੈਂਟਰ ਵਿਚ ਆਏ ਜਿਨਾਂ ਕੋਲ ਹਥੌੜੇ ਤੇ ਹੋਰ ਸੰਦ ਸਨ। ਉਨਾਂ ਨੇ ਗਹਿਣਿਆਂ ਵਾਲੇ ਬਕਸਿਆਂ ਨੂੰ ਤੋੜਿਆ ਤੇ ਕੀਮਤੀ ਸਮਾਨ ਲੈ ਕੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਕਾਰਾਂ ਵਿਚ ਫਰਾਰ ਹੋ ਗਏ। ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀਆਂ ਦੋ ਕਾਰਾਂ ਦੀ ਪਛਾਣ ਕਰਕੇ ਉਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਫਰਾਰ ਹੋ ਗਏ। ਪੁਲਿਸ ਅਨੁਸਾਰ ਇਨਾਂ ਦੋਨਾਂ ਕਾਰਾਂ ਦਾ ਪਿੱਛਾ ਕੀਤਾ ਗਿਆ। ਇਕ ਕਾਰ ਗਾਇਬ ਹੋ ਗਈ ਜਦ ਕਿ ਦੂਸਰੀ ਕਾਰ ਨੂੰ ਛੱਡ ਕੇ 5 ਲੁਟੇੇਰੇ ਨਾਲ ਲੱਗਦੇ ਸਨਅਤੀ ਖੇਤਰ ਵੱਲ ਫਰਾਰ ਹੋ ਗਏ। ਇਨਾਂ ਵਿਚੋਂ 4 ਨੂੰ ਸੈਨ ਕਾਰਲੋਸ ਵਿਚ ਇੰਡਸਟਰੀਅਲ ਰੋਡ ਤੇ ਬਰੀਟਨ ਐਵਨਿਊ ਨੇੜੇ ਕਾਬੂ ਕਰ ਲਿਆ ਗਿਆ ਜਦ ਕਿ ਪੰਜਵੇਂ ਨੂੰ ਨੇੜਿਉਂ ਹੀ ਉਸ ਵੇਲੇ ਕਾਬੂ ਕਰ ਲਿਆ ਜਦੋਂ ਉਹ ਭੱਜਣ ਦੀ ਕੋਸ਼ਿਸ਼ ਵਿਚ ਸੀ। ਗ੍ਰਿਫਤਾਰ ਸ਼ੱਕੀਆਂ ਦੀ ਪਛਾਣ ਟੌਂਗਾ ਲਟੂ, ਟਾਵੇਕ ਐਸੇਫ, ਓਫਾ ਅਹੋਮਾਨਾ, ਕਿਲੀਫੀ ਲੀਏਟੋਆ ਤੇ ਅਫੂਹੀਆ ਲਾਵਕੀਆਹੋ ਵਜੋਂ ਹੋਈ ਹੈ। ਇਨਾਂ ਨੂੰ ਲੁੱਟਮਾਰ ਸਮੇਤ ਹੋਰ ਕਈ ਦੋਸ਼ਾਂ ਤਹਿਤ ਸਾਂਟਾ ਕਲਾਰਾ ਕਾਊਂਟੀ ਦੀ ਮੁੱਖ ਜੇਲ ਵਿਚ ਰਖਿਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਚੋਰੀ ਕੀਤੇ ਗਹਿਣਿਆਂ ਵਿਚੋਂ ਕੁਝ ਬਰਾਮਦ ਕਰ ਲਏ ਹਨ। ਅਜੇ ਤੱਕ ਚੋਰੀ ਹੋਏ ਗਹਿਣਿਆਂ ਦੀ ਕੁਲ ਕੀਮਤ ਦਾ ਪਤਾ ਨਹੀਂ ਲੱਗ ਸਕਿਆ।
Comments (0)