ਯੂਬਾ ਸਿਟੀ, ਕੈਲੀਫੋਰਨੀਆ ਵਿੱਚ ਵਿਸ਼ਾਲ ਨਗਰ ਕੀਰਤਨ ਤੇ ਧਾਰਮਿਕ ਸਮਾਗਮਾਂ 'ਚ ਸਵਾ ਲੱਖ ਤੋਂ ਵੱਧ ਸੰਗਤਾਂ ਨੇ ਦੂਰੋਂ ਨੇੜਿਓਂ ਸ਼ਮੂਲੀਅਤ ਕੀਤੀ

ਯੂਬਾ ਸਿਟੀ, ਕੈਲੀਫੋਰਨੀਆ ਵਿੱਚ ਵਿਸ਼ਾਲ ਨਗਰ ਕੀਰਤਨ ਤੇ ਧਾਰਮਿਕ ਸਮਾਗਮਾਂ 'ਚ ਸਵਾ ਲੱਖ ਤੋਂ ਵੱਧ ਸੰਗਤਾਂ ਨੇ ਦੂਰੋਂ ਨੇੜਿਓਂ ਸ਼ਮੂਲੀਅਤ ਕੀਤੀ

ਅਮਰੀਕਨ ਤੇ ਦੇਸੀ ਆਗੂਆਂ ਨੇ ਵੀ ਭਰੀ ਹਾਜਰੀ

ਅੰਮ੍ਰਿਤਸਰ ਟਾਈਮਜ਼

 ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ): ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸੈਕਰਾਮੈਂਟੋ ਲਾਗੇ ਯੂਬਾ ਸਿਟੀ ਵਿੱਚ ਕੱਢੇ ਗਏ 43 ਵੇਂ ਨਗਰ ਕੀਰਤਨ ਤੇ ਕਈ ਹਫਤਿਆਂ ਤੋਂ ਚੱਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਕਰੀਬ ਸਵਾ ਲੱਖ ਤੋਂ ਵੱਧ ਸੰਗਤਾਂ ਨੇ ਸਮੂਲੀਅਤ ਕੀਤੀ। ਗੁਰਤਾਗੱਦੀ ਨੂੰ ਸਮਰਪਤ ਯੂਬਾ ਸਿਟੀ ਵਿੱਚ ਹੋਣ ਵਾਲੇ ਇਸ ਨਗਰ ਕੀਰਤਨ ਦੀਆਂ ਤਿਆਰੀਆਂ ਕਰੀਬ ਇੱਕ ਮਹੀਨੇ ਸ਼ੁਰੂ ਸਨ ਤੇ ਇਸ ਦੌਰਾਨ ਧਾਰਮਿਕ ਕਾਰਜ ਦੌਰਾਨ ਹਰ ਰੋਜ ਕੀਰਤਨ ਦਰਬਾਰ ਹੁੰਦਾ ਸੀ ਤੇ ਇਨਾਂ ਧਾਰਮਿਕ ਕਾਰਜਾਂ ਨੂੰ ਨੇਪੜੇ ਚਾੜਨ ਲਈ ਸੰਗਤ ਨੇ ਭਾਰੀ ਉਤਸ਼ਾਹ ਨਾਲ ਵੱਖ ਵੱਖ ਤਰਾਂ ਦੀ ਸੇਵਾ ਕੀਤੀ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਅਖ਼ੀਰਲੇ ਦਿਨ ਨਗਰ ਕੀਰਤਨ ਸਜਾਏ ਗਏ ਇਸ ਵਿਚ ਅਮਰੀਕਾ ਦੀ ਸੰਗਤ ਤੋਂ ਇਲਾਵਾ ਵਿਸ਼ਵ ਭਰ ਤੋਂ ਇਨਾਂ ਧਾਰਿਮਕ ਦਿਵਾਨਾਂ ਤੇ ਨਗਰ ਕੀਰਤਨ ਵਿੱਚ ਵਿਸ਼ਾਲ ਸੰਗਤਾਂ ਨੇ ਹਾਜਰੀ ਭਰੀ। ਪਿਛਲੇ ਹਫਤੋਂ ਤੋਂ ਵੱਖ ਵੱਖ ਪ੍ਰੋਗਰਾਮਾਂ ਚ ਆਤਿਸ਼ਬਾਜੀ ਹੋਈ, ਸ੍ਰੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਗਿਆ, ਸੈਮੀਨਾਰ ਕਰਾਇਆ ਗਿਆ, ਢਾਡੀ ਦਰਬਾਰ ਕਰਵਾਇਆ ਗਿਆ, ਰੈਣ ਸੁਬਾਈ ਕਰੀਤਨ ਹੋਇਆ, ਐਤਕਾਂ ਬੱਚਿਆਂ ਦਾ ਕੀਰਤਨ ਦਰਬਾਰ ਵੀ ਕਰਵਾਇਆ ਗਿਆ ਤੇ ਇਸ ਤੋਂ ਇਲਾਵਾ ਤੋਂ ਇਲਾਵਾ ਅਮ੍ਰਿਤ ਸੰਚਾਰ ਵੀ ਹੋਇਆ।

ਇਸ ਨਗਰ ਕੀਰਤਨ ਵਿੱਚ ਵੱਖ ਵੱਖ ਤਰਾਂ ਦੇ ਫਲੋਟ ਸਜਾਏ ਗਏ ਸਨ ਜਿਨਾਂ ਦੀ ਕਈ ਦਿਨਾਂ ਤੋਂ ਤਿਆਰੀ ਚੱਲ ਰਹੀ ਸੀ ਐਤਕੀਂ ਵੀ ਇਸ ਨਗਰ ਦੌਰਾਨ ਅਮਰੀਕਾ ਦੇ ਸਿਆਸੀ ਲੀਡਰ ਵੀ ਪਹੁੰਚੇ ਤੇ ਜਿਨਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ, ਅੱਜ ਕੱਲ੍ਹ ਕੈਲੀਫੋਰਨੀਆਂ ਵਿੱਚ ਚੋਣਾ ਦਾ ਮੌਸਮ ਹੋਣ ਕਰਕੇ ਅਮਰੀਕਨ ਵੱਖ ਵੱਖ ਅਹੁਦਿਆਂ ਤੇ ਖੜੇ ਉਮੀਦਵਾਰ ਆਪਣਾ ਸਮਰਥਨ ਲੈਣ ਵੀ ਆਏ ਤੇ ਬਾਹਰ ਸੰਗਤਾਂ ਚੋਂ ਸਮਰਥਨ ਵੀ ਲੈਂਦੇ ਦੇਖੇ ਗਏ ਇਨਾਂ ਤੋਂ ਇਲਾਵਾ ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਤੋਂ ਸੀਨੀਅਰ ਸਿੱਖ ਲੀਡਰਸ਼ਿਪ ਨੇ ਰਾਤਾਂ ਦੇ ਦਿਵਾਨਾਂ ਵਿੱਚ ਹਾਜਰੀ ਲੁਆਈ ਉਸ ਵੇਲੇ ਸੰਗਤ ਨੂੰ ਹੈਰਾਨੀ ਹੋਈ ਜਦੋਂ ਹੋਰ ਅਮਰੀਕ ਲੀਡਰਾਂ ਨੂੰ ਤਾਂ ਸਟੇਜ ਤੋਂ ਬੋਲਣ ਅਤੇ ਸਨਮਾਨ ਦਿੱਤਾ ਗਿਆ ਪਰ ਧੜੇਬੰਦੀ ਕਰਕੇ ਇਸ ਗੁਰਦੁਆਰਾ ਸਾਹਿਬ ਦੇ ਮੋਢੀ ਪ੍ਰਬੰਧਕ ਤੇ ਸਵਰਗੀ ਸ. ਦਿਦਾਰ ਸਿੰਘ ਬੈਂਸ ਦੇ ਲੜਕੇ ਕਰਮਦੀਪ ਸਿੰਘ ਬੈਂਸ ਜੋ ਕਾਊਂਟੀ ਸੁਪਰਵਾਈਜਰ ਵੀ ਹੈ ਨੂੰ ਨਾਂ ਹੀ ਬੋਲਣ ਦਿੱਤਾ ਗਿਆ ਤੇ ਨਾਂ ਹੀ ਉਸਨੂੰ ਸਨਮਾਨ ਦਿੱਤਾ ਇਸ ਉਪਰੰਤ ਬੈਂਸ ਦਿਵਾਨ ਚੋਂ ਉੱਠ ਕੇ ਬਾਹਰ ਚਲਾ ਗਿਆ।

ਇਸ ਨਗਰ ਕੀਰਤਨ ਚ ਵੱਖ ਵੱਖ ਗੁਰੂ ਘਰਾਂ ਦੀ ਸੰਗਤ ਤੇ ਪ੍ਰਬੰਧਕ ਇਸ ਨਗਰ ਕੀਰਤਨ ਚ ਫਲੋਟ ਲੈ ਕੇ ਪਹੁੰਚੇ। ਮੁੱਖ ਫਲੋਟ ਤੋਂ ਇਲਾਵਾ ਅਮਰੀਕਨ ਸਿੱਖ ਕੌਂਸਲ , ਬਾਬਾ ਦੀਪ ਸਿੰਘ, ਸਰਬਤ ਖਾਲਸਾ ਦਸਤਾਰ ਕੱਲਬ, ਵਰਲਡ ਸਿੱਖ ਫੈਡਰੇਸ਼ਨ, ਸ਼ੇਰੇ ਪੰਜਾਬ, ਗੁਰਦੁਆਰਾ ਬਰਾਡਸ਼ਾਅ ਰੋਡ ਵਲੋ ਫਲੋਟ, ਸਿੱਖ ਯੂਥ ਆਫ ਅਮਰੀਕਾ, ਸ਼ਰੋਮਣੀ ਅਕਾਲੀ ਦਲ ਅਮਰੀਕਾ ਵੈਸਟ, ਸ਼ਰੋਮਣੀ ਅਕਾਲੀ ਦਲ ਅਮ੍ਰਿਤਸਰ, ਯੂਥ ਅਕਾਲੀ ਦਲ ਅਮ੍ਰਿਤਸਰ, ਇਥੇ ਇਸ ਸਮਝਣਾ ਔਖਾ ਸੀ ਕਿ ਇਕੋ ਹੀ ਸੰਸਥਾ ਵਲੋਂ ਤਿੰਨ ਫਲੋਟ ਕਿਓਂ ਸ਼ਾਮਿਲ ਕੀਤੇ ਗਏ। ਇਸ ਨਗਰ ਕੀਰਤਨ ਵਿੱਚ ਲੱਗੇ ਵੱਡੇ ਬਜਾਰ ਵਿਚੋਂ ਲੋਕਾਂ ਨੇ ਭਾਰੀ ਖਰੀਦੋ ਫਰੋਖਤ ਕੀਤੀ। ਬੱਚਿਆਂ ਲਈ ਮੰਨੋਰੰਜਨ ਲਈ ਵੱਖਰੇ ਇੱਕ ਮੇਲੇ ਵਾਂਗ ਚਡੋਲ ਲਗਾਏ ਗਏ ਸਨ ਭਾਵੇਂ ਉਨਾਂ ਲਈ ਕੀਮਤ ਰੱਖੀ ਗਈ ਸੀ। ਇਸ ਨਗਰ ਕੀਰਤਨ ਚ ਅਮਰੀਕਨ, ਕਾਲੇ, ਮੈਕਸੀਕਨ ਤੇ ਹੋਰ ਕੌਮਾਂ ਦੇ ਲੋਕਾਂ ਨੇ ਹਾਜਰੀ ਵੀ ਦਿੱਤੀ ਤੇ ਵੱਖ ਵੱਖ ਸੈਂਕੜੇ ਸੁਆਦਲੇ ਲੰਗਰਾਂ ਤੋਂ ਰੱਜ ਕੇ ਵੀ ਖਾਧਾ। ਇਸ ਗੁਰੂ ਘਰ ਦਾ ਨਾਂ ਪ੍ਰਬੰਧਕਾਂ ਨੇ ਸਿੱਖ ਟੈਪਲ ਯੂਬਾ ਸਿਟੀ ਤੋਂ ਬਦਲ ਕੇ ਗੁਰਦੁਆਰਾ ਸਾਹਿਬ ਯੂਬਾ ਸਿਟੀ ਰੱਖ ਦਿੱਤਾ ਪਰ ਕਈਆਂ ਨੇ ਇਸ ਦਾ ਵੀ ਇਤਰਾਜ ਵੀ ਕੀਤਾ ਕਿ “ਸਿੱਖ” ਸ਼ਬਦ ਵਿੱਚੋਂ ਨਹੀ ਸੀ ਹਟਾਇਆ ਜਾਣਾ ਚਾਹੀਦਾ। ਐਤਕਾਂ ਪ੍ਰਬੰਧਕਾਂ ਵਲੋਂ ਸੰਗਤਾਂ ਦੀ ਸਹੂਲਤ ਲਈ ਵੱਡੀਆਂ ਸਕਰੀਨਾਂ ਤੇ ਗੁਰਦੁਆਰਾ ਸਾਹਿਬ ਦੀ ਹਦੂਦ ਚੋਂ ਦੁਕਾਨਾਂ ਤੇ ਲੰਗਰਾਂ ਨੂਂ ਬਾਹਰ ਰੱਖਣਾ ਸਲਾਹੁਣਯੋਗ ਕਦਮ ਸੀ।