6 ਸਾਲਾ ਵਿਦਿਆਰਥੀ ਵੱਲੋਂ ਅਧਿਆਪਕ ਦੇ ਗੋਲੀ ਮਾਰਨ ਦੀ ਘਟਨਾ ਤੋਂ ਸਭ ਹੈਰਾਨ ਤੇ ਪ੍ਰੇਸ਼ਾਨ

6 ਸਾਲਾ ਵਿਦਿਆਰਥੀ ਵੱਲੋਂ ਅਧਿਆਪਕ ਦੇ ਗੋਲੀ ਮਾਰਨ ਦੀ ਘਟਨਾ ਤੋਂ ਸਭ ਹੈਰਾਨ ਤੇ ਪ੍ਰੇਸ਼ਾਨ
ਕੈਪਸ਼ਨ : ਗੋਲੀ ਚੱਲਣ ਦੀ ਘਟਨਾ ਉਪਰੰਤ ਸਕੂਲ ਦੇ ਬਾਹਰ ਪੁਲਿਸ ਤੇ ਵਿਦਿਆਰਥੀ ਨਜਰ ਆ ਰਹੇ ਹਨ

* ਵਿਦਿਆਰਥੀ ਵਿਰੁੱਧ ਕਾਰਵਾਈ ਕਰਨ ਦੇ ਮੁੱਦੇ 'ਤੇ ਪੁਲਿਸ ਜਕੋਤੱਕੀ ਵਿੱਚ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 8 ਜਨਵਰੀ (ਹੁਸਨ ਲੜੋਆ ਬੰਗਾ)- ਨਿਊਪੋਰਟ ਨਿਊਜ (ਵਰਜੀਨੀਆ) ਦੇ ਰਿਚਨੈਕ ਐਲਮੈਂਟਰੀ ਸਕੂਲ ਵਿਚ ਬੀਤੇ ਦਿਨ ਇਕ 6 ਸਾਲਾ ਵਿਦਿਆਰਥੀ ਵੱਲੋਂ ਆਪਣੀ ਅਧਿਆਪਕਾ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦੇਣ ਦੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਮੁੱਖੀ ਸਟੀਵ ਡਰੀਊ ਨੇ ਵਿਦਿਆਰਥੀ ਦੇ ਪੁਲਿਸ ਹਿਰਾਸਤ ਵਿਚ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਅਸੀਂ ਆਪਣੇ ਵਕੀਲ ਤੇ ਹੋਰਨਾਂ ਨਾਲ ਸੰਪਰਕ ਵਿਚ ਹਾਂ ਤਾਂ ਜੋ ਏਨੀ ਛੋਟੀ ਉਮਰ ਦੇ ਵਿਦਿਆਰਥੀ ਵੱਲੋਂ ਗੋਲੀ ਚਲਾਉਣ ਦੇ ਮਾਮਲੇ ਨੂੰ ਠੀਕ ਢੰਗ ਨਾਲ ਨਜਿੱਠਿਆ ਜਾ ਸਕੇ। ਸਟੀਵ ਨੇ ਇਹ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀ ਤੇ ਅਧਿਆਪਕ ਵਿਚਾਲੇ ਬਹਿਸ ਹੋਈ ਸੀ ਜਿਸ ਉਪਰੰਤ ਵਿਦਿਆਰਥੀ ਨੇ ਹਥਿਆਰ ਨਾਲ ਇਕ ਗੋਲੀ ਚਲਾਈ ਜੋ ਸਿੱਧੀ ਅਧਿਆਪਕਾ ਨੂੰ ਲੱਗੀ। ਇਹ ਅਚਨਚੇਤ ਗੋਲੀ ਚੱਲਣ ਦਾ ਮਾਮਲਾ ਨਹੀਂ ਹੈ। ਹਾਲਾਂ ਕਿ ਪੁਲਿਸ ਨੇ ਅਧਿਆਪਕ ਤੇ ਵਿਦਿਆਰਥੀ ਦੇ ਨਾਂ  ਨਸ਼ਰ ਨਹੀਂ ਕੀਤੇ ਹਨ ਪਰੰਤੂ ਜੇਮਜ ਮੈਡੀਸਨ ਯੁਨੀਵਰਸਿਟੀ ਜਿਥੋਂ ਅਧਿਆਪਕਾ ਨੇ ਸਿੱਖਿਆ ਪ੍ਰਾਪਤ ਕੀਤੀ, ਨੇ  ਅਧਿਆਪਕਾ ਦੀ ਪਛਾਣ ਐਬੀ ਵਰਨਰ ਵਜੋਂ ਕੀਤੀ ਹੈ। ਅਧਿਆਪਕਾ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਪੁਲਿਸ ਅਨੁਸਾਰ ਉਸ ਦੀ ਹਾਲਤ ਸਥਿੱਰ ਹੈ। ਪੁਲਿਸ ਮੁੱਖੀ ਨੇ ਕਿਹਾ ਹੈ ਕਿ ਅਸੀਂ ਜਾਣਨਾ ਚਹੁੰਦੇ ਹਾਂ ਕਿ ਵਿਦਿਆਰਥੀ ਕੋਲ ਹਥਿਆਰ ਕਿਥੋਂ ਆਇਆ। ਇਸ ਸਬੰਧੀ  ਜਾਂਚ ਕੀਤੀ ਜਾਵੇਗੀ। ਨਿਊਪੋਰਟ ਨਿਊਜ ਦੇ ਮੇਅਰ ਫਿਲਪ ਡੀ ਜੋਨਜ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਸਮੁੱੱਚਾ ਭਾਈਚਾਰਾ ਸਦਮੇ ਵਿਚ ਹੈ। ਇਕ 6 ਸਾਲ ਦੇ ਪਹਿਲੀ ਸ਼੍ਰੇਣੀ ਦੇ ਵਿਦਿਆਰਥੀ ਵੱਲੋਂ ਭਰੀ ਹੋਈ ਹੈਂਡਗੰਨ ਸਕੂਲ ਲਿਆਉਣਾ ਤੇ ਅਧਿਆਪਕ ਦੇ ਗੋਲੀ ਮਾਰਨ ਦੀ ਗੱਲ ਸਾਡੇ ਗਲੇ ਵਿਚੋਂ ਨਹੀਂ ਉਤਰਦੀ ਪਰੰਤੂ ਇਹ ਵੀ ਸੱਚ ਹੈ ਕਿ ਸਾਡਾ ਭਾਈਚਾਰਾ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਉਨਾਂ ਕਿਹਾ ਕਿ ਅਸੀਂ ਇਸ ਗੱਲ ਨੂੰ ਯਕੀਨੀ ਬਣਾ  ਰਹੇ ਹਾਂ ਕਿ ਬੱਚੇ ਨੂੰ ਲੋੜੀਂਦੀ ਮੱਦਦ ਤੇ ਸੇਵਾਵਾਂ ਮਿਲਣ। ਨਿਊਪੋਰਟ ਨਿਊਜ ਪਬਲਿਕ ਸਕੂਲ ਸੁਪਰਡੈਂਟ ਡਾ ਜਾਰਜ ਪਾਰਕਰ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਉਹ ਬਹੁਤ ਦੁੱਖੀ ਹੈ। ਉਨਾਂ ਨੇ ਬੱਚਿਆਂ ਤੋਂ ਹਥਿਆਰ ਦੂਰ ਰਖਣ ਸਬੰਧੀ ਲੋੜੀਂਦੇ ਕਦਮ ਚੁੱਕਣ ਉਪਰ ਜੋਰ ਦਿੱਤਾ ਹੈ। ਉਨਾਂ ਕਿਹਾ ਬੱਚਿਆਂ ਨੂੰ ਸਿੱਖਿਆ ਦੇਣ ਤੇ ਸੁਰੱਖਿਅਤ ਰਖਣ ਦੀ ਲੋੜ ਹੈ।  ਸਕੂਲ ਦੇ ਪਿੰਸੀਪਲ ਬਰੀਆਨਾ ਫੋਸਟਰ ਨਿਊਟੋਨ ਨੇ ਇਕ ਬਿਆਨ ਵਿਚ ਮੰਗਲਵਾਰ ਤੱਕ ਸਕੂਲ ਬੰਦ ਰਖਣ ਦਾ ਐਲਾਨ ਕਰਦਿਆਂ ਕਿਹਾ ਕਿ  ਜੇਕਰ ਸਕੂਲ ਬੰਦ ਰਖਣ ਦਾ ਸਮਾਂ ਵਧਾਇਆ ਗਿਆ ਤਾਂ ਮਾਪਿਆਂ ਨੂੰ ਸੂਚਿਤ ਕਰ ਦਿੱਤਾ  ਜਾਵੇਗਾ। ਉਨਾਂ ਕਿਹਾ ਕਿ ਸਮੁੱਚਾ ਸਟਾਫ ਤੇ ਵਿਦਿਆਰਥੀ ਆਪਣੀ ਸੁਰੱਖਿਆ ਨੂੰ ਲੈ ਕੇ ਸਦਮੇ ਵਿਚ ਹਨ।