ਉੱਤਰੀ ਕੈਲੀਫੋਰਨੀਆ ਵਿਚ ਆਏ ਜਬਰਦਸਤ ਭੂਚਾਲ ਕਾਰਨ 2 ਮੌਤਾਂ 12 ਤੋਂ ਵਧ ਜ਼ਖਮੀ

ਉੱਤਰੀ ਕੈਲੀਫੋਰਨੀਆ ਵਿਚ ਆਏ ਜਬਰਦਸਤ ਭੂਚਾਲ ਕਾਰਨ 2 ਮੌਤਾਂ 12 ਤੋਂ ਵਧ ਜ਼ਖਮੀ
ਕੈਪਸ਼ਨ: ਭੂਚਾਲ ਕਾਰਨ ਇਕ ਘਰ ਵਿਚ ਟੁੱਟਾ ਸਮਾਨ ਤੇ ਇਕ ਸੜਕ ਵਿਚ ਪਿਆ ਪਾੜ ।

ਹਜਾਰਾਂ ਘਰਾਂ ਦੀ ਬਿਜਲੀ ਬੰਦ, ਘਰਾਂ,ਸੜਕਾਂ ਤੇ ਹੋਰ ਬੁਨਿਆਦੀ ਢਾਂਚੇ ਨੂੰ ਪੁੱਜਾ ਨੁਕਸਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ
21 ਦਸੰਬਰ (ਹੁਸਨ ਲੜੋਆ ਬੰਗਾ)-ਉੱਤਰੀ ਕੈਲੀਫੋਰਨੀਆ ਵਿਚ 6.4 ਤੀਬਰਤਾ ਨਾਲ ਆਏ ਜਬਰਦਸਤ ਭੂਚਾਲ ਕਾਰਨ ਘੱਟੋ ਘੱਟ 2 ਮੌਤਾਂ ਹੋਈਆਂ ਹਨ ਤੇ 12 ਤੋਂ ਵਧ ਲੋਕ ਜ਼ਖਮੀ ਹੋਏ ਹਨ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ ਹੈ। ਇਹ ਗਿਣਤੀ ਵਧ ਸਕਦੀ ਹੈ। ਸਨ ਫਰਾਂਸਿਸਕੋ ਤੋਂ ਤਕਰੀਬਨ 250 ਮੀਲ ਦੂਰ ਉੱਤਰ ਵਿਚ ਹਮਬੋਲਡਟ ਕਾਊਂਟੀ ਦੇ ਆਸਪਾਸ ਭੂਚਾਲ ਨੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਤੇ ਹਜਾਰਾਂ ਘਰਾਂ ਤੇ ਕਾਰੋਬਾਰੀ ਅਦਾਰਿਆਂ ਦੀ ਬਿਜਲੀ ਗੁਲ ਹੋ ਗਈ। ਯੂ ਐਸ ਜੀਓਲੌਜੀਕਲ ਸਰਵੇ ਅਨੁਸਾਰ ਭੂਚਾਲ ਤੜਕਸਾਰ 2.34 ਵਜੇ ਆਇਆ ਜਿਸ ਦਾ ਕੇਂਦਰ ਬਿੰਦੂ ਫਰਨਡੇਲ ਦੇ ਪੱਛਮ ਵਿਚ  ਤਕਰੀਬਨ ਸਾਢੇ 7 ਮੀਲ ਦੂਰ  ਪ੍ਰਸ਼ਾਂਤ ਮਹਾਸਾਗਰ ਰਿਹਾ ਜਿਸ ਦੀ ਡੂੰਘਾਈ 16 ਮੀਲ ਤੋਂ ਵਧ ਰਹੀ। ਇਹ ਸ਼ਹਿਰ ਕੈਲੀਫੋਰਨੀਆ ਤੇ ਉਰੇਗੋਨ ਸਟੇਟ ਲਾਈਨ ਦੇ ਨੇੜੇ ਈਊਰੇਕਾ ਦੇ ਦੱਖਣ ਵਿਚ ਤਕਰੀਬਨ 19 ਮੀਲ ਦੀ ਦੂਰੀ 'ਤੇ ਸਥਿੱਤ ਹੈ। ਫਰਨਡੇਲ ਵਿਚ ਇਕ ਪੁਲ ਨੂੰ ਪੁੱਜੇ ਨੁਕਸਾਨ ਕਾਰਨ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ। ਜੀਓਲੌਜੀਕਲ ਸਰਵੇ ਨੇ ਚਿਤਾਵਨੀ ਦਿੱਤੀ ਹੈ ਕਿ ਛੋਟੀ ਤੀਬਰਤਾ ਵਾਲੇ ਹੋਰ ਭੂਚਾਲ ਵੀ ਆ  ਸਕਦੇ ਹਨ ਜਿਨਾਂ ਦੀ ਤੀਬਰਤਾ 4 ਤੱਕ ਹੋ ਸਕਦੀ ਹੈ। ਹਮਬੋਲਡਟ ਕਾਊਂਟੀ ਦੇ ਸ਼ੈਰਿਫ ਵਿਲੀਅਮ ਹੋਨਸਲ ਅਨੁਸਾਰ ਮਾਰ ਗਏ ਵਿਅਕਤੀਆਂ ਦੀ ਉਮਰ 72 ਤੇ 83 ਸਾਲ ਸੀ। ਇਕ ਮੌਤ ਰੀਓ ਡੈਲ ਵਿਚ ਹੋਈ ਹੈ ਜਦ ਕਿ ਦੂਸਰੀ ਮੌਤ ਦਾ ਸਥਾਨ ਸਪੱਸ਼ਟ ਨਹੀਂ ਹੋ ਸਕਿਆ ਹੈ। ਉਨਾਂ ਕਿਹਾ ਕਿ ਇਹ ਮੌਤਾਂ ਭੂਚਾਲ ਕਾਰਨ ਪੈਦਾ ਹੋਈ ਹੰਗਾਮੀ ਸਥਿੱਤੀ ਦੇ ਮੱਦੇਨਜਰ ਸਮੇ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਹੋਈਆਂ ਹਨ। ਉਨਾਂ ਕਿਹਾ ਹੈ ਕਿ ਅਜੇ ਤੱਕ ਕੁਲ 12 ਲੋਕਾਂ ਦੀ ਜ਼ਖਮੀ ਹੋਣ ਦੀ ਰਿਪੋਰਟ ਹੈ ਪਰੰਤੂ ਇਹ ਗਿਣਤੀ ਵਧ ਸਕਦੀ ਹੈ। ਹਮਬੋਲਡਟ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਐਲਾਨ ਕੀਤਾ ਹੈ ਕਿ ਸਮੁੱਚੀ ਕਾਊਂਟੀ ਵਿਚ ਘਰਾਂ ਤੇ ਸੜਕਾਂ ਨੂੰ ਨੁਕਸਾਨ ਪੁੱਜਾ ਹੈ ਜਿਸ ਕਾਊਂਟੀ ਦੀ ਕੁਲ ਆਬਾਦੀ ਤਕਰੀਬਨ 1,36,000 ਹੈ। ਰਾਜ ਦੀ ਟਰਾਂਸਪੋਰਟੇਸ਼ਨ ਏਜੰਸੀ ਦੇ ਡਾਇਰੈਕਟਰ ਟੋਨੀ ਟਾਵੇਰਸ ਨੇ ਜਾਣਕਾਰੀ ਦਿੱਤੀ ਹੈ ਕਿ ਫਰਨਡੇਲ ਤੋਂ ਯੂ ਐਸ 101 ਨੂੰ ਜੋੜਦੇ ਫਰਨਪੁਲ ਨੂੰ ਕਾਫੀ ਨੁਕਸਾਨ ਪੁੱਜਾ ਹੈ ਤੇ ਇਸ ਉਪਰ ਆਵਾਜਾਈ ਸੰਭਵ ਨਹੀਂ ਹੈ ਇਸ ਲਈ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਫਰਨਡੇਲ ਤੋਂ ਇਲਾਵਾ ਜਿਆਦਾਤਰ ਨੁਕਸਾਨ ਰੀਓ ਡੈਲ, ਫੋਰਟੂਨਾ ਤੇ ਸਕੋਟੀਆ ਵਿਚ ਹੋਇਆ ਹੈ ਜੋ ਐਲ ਰਿਵਰ ਵਾਦੀ ਵਿਚ ਆਉਂਦੇ ਹਨ। ਰੀਓ ਡੈਲ ਸਿਟੀ ਮੈਨੇਜਰ ਕੀਲੇ ਨੋਪ ਅਨੁਸਾਰ ਸ਼ਹਿਰ ਵਿਚ 15 ਘਰਾਂ ਨੂੰ ਜਿਆਦਾ ਨੁਕਸਾਨ ਪੁੱਜਾ ਹੈ ਜੋ ਰਹਿਣ ਦੇ ਯੋਗ ਨਹੀਂ ਰਹੇ। ਉਨਾਂ ਕਿਹਾ ਕਿ ਸ਼ਹਿਰ ਦੇ ਅੱਧੇ ਘਰ ਨੁਕਸਾਨੇ ਗਏ ਹਨ। ਘਰੋਂ ਬੇਘਰ ਹੋਏ ਲੋਕਾਂ ਦੀ ਗਿਣਤੀ ਸੈਂਕੜਿਆਂ ਵਿਚ ਹੋ ਸਕਦੀ ਹੈ। ਬੁਨਿਆਦੀ ਢਾਂਚੇ ਨੂੰ ਪੁੱਜੇ ਨੁਕਸਾਨ ਕਾਰਨ ਸ਼ਹਿਰ ਵਿਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਜਿਸ ਨੂੰ  ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।