6 ਪੋਹ ਬਨਾਮ 6 ਪੋਹ

6 ਪੋਹ ਬਨਾਮ 6 ਪੋਹ

ਗਰੈਗੋਰੀਅਨ ਕੈਲੰਡਰ ਮੁਤਾਬਕ ਅੱਜ 21 ਦਸੰਬਰ ਹੈ।


ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ  ਕੈਲੰਡਰ ਮੁਤਾਬਕ, ਅੱਜ ਦਿਨ ਬੁੱਧਵਾਰ ਨੂੰ 6 ਪੋਹ ਹੈ। ਗਰੈਗੋਰੀਅਨ ਕੈਲੰਡਰ ਮੁਤਾਬਕ ਅੱਜ 21 ਦਸੰਬਰ ਹੈ। ਉੱਤਰੀ ਅਰਧ ਗੋਲੇ ਵਿੱਚ ਅੱਜ ਦਾ ਦਿਨ ਸਭ ਤੋਂ ਛੋਟਾ ਦਿਨ ਅਤੇ ਅੱਜ ਦੀ ਰਾਤ ਸਭ ਤੋਂ ਵੱਡੀ ਰਾਤ ਹੈ। ਅੱਜ ਤੋਂ ਬਾਅਦ ਦਿਨ ਵੱਡਾ ਹੋਣਾ ਆਰੰਭ ਹੋ ਜਾਵੇਗਾ। Astronomical Tables of the Sun, Moon And Planets ਦੇ ਮੁਤਾਬਕ ‘ਸੂਰਜ ਦਾ ਰੱਥ’ (December Solstice) 21:49:58 (GMT) ਵਜ੍ਹੇ ਉਤਰਾਇਣ ਨੂੰ ਮੁੜ ਪਵੇਗਾ। (ਪੰਨਾ 3-43) 
ਅੱਜ ਤੋਂ 318 ਸਾਲ ਪਹਿਲਾ, 6 ਪੋਹ ਦਿਨ ਮੰਗਲਵਾਰ, ਸੰਮਤ 1761 ਬਿਕ੍ਰਮੀ (5 ਦਸੰਬਰ 1704 ਈ: ਜੂਲੀਅਨ) ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਨੂੰ ਛੱਡਿਆ ਸੀ। ਉਸ ਸਾਲ ਸੂਰਜ ਦਾ ਰੱਥ (December Solstice) 21 ਦਸੰਬਰ (ਗਰੈਗੋਰੀਅਨ) ਨੂੰ 17:03:47 (GMT) ਵਜ੍ਹੇ ਉਤਰਾਇਣ ਨੂੰ ਮੁੜਿਆ ਸੀ। (ਉਹੀ ਪੰਨਾ 3-37)
ਹੁਣ ਜੇ 5 ਦਸੰਬਰ 1704 ਈ: (ਜੂਲੀਅਨ) ਨੂੰ ਗਰੈਗੋਰੀਅਨ ਵਿਚ ਬਦਲੀ ਕਰੀਏ ਤਾਂ ਇਹ 16 ਦਸੰਬਰ 1704 ਈ: (ਗਰੈਗੋਰੀਅਨ) ਬਣਦੀ ਹੈ। ਭਾਵ ਇਹ ਹੈ ਕਿ, ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਨੂੰ 6 ਪੋਹ ਦਿਨ ਮੰਗਲਵਾਰ, ਸੰਮਤ 1761 ਬਿਕ੍ਰਮੀ, 5 ਦਸੰਬਰ 1704 ਈ: ਜੂਲੀਅਨ, ਮੁਤਾਬਕ 16 ਦਸੰਬਰ 1704 ਈ: (ਗਰੈਗੋਰੀਅਨ) ਆਨੰਦਪੁਰ ਨੂੰ ਛੱਡਿਆ ਸੀ। ਉਸ ਸਾਲ ਸੂਰਜ ਦਾ ਰੱਥ (December Solstice) 21 ਦਸੰਬਰ (ਗਰੈਗੋਰੀਅਨ), 10 ਦਸੰਬਰ (ਜੂਲੀਅਨ) ਮੁਤਾਬਕ 11 ਪੋਹ (ਬਿਕ੍ਮੀ) ਦਿਨ ਐਤਵਾਰ ਨੂੰ ਫਿਰਿਆ ਸੀ। ਦੂਜੇ ਸ਼ਬਦਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਸੰਮਤ 1761 ਬਿਕ੍ਰਮੀ ਵਿੱਚ (1704 ਈ:) 6 ਪੋਹ ਨੂੰ ਆਨੰਦਪੁਰ ਸਾਹਿਬ ਨੂੰ ਛੱਡਣ ਤੋਂ 5 ਦਿਨ ਪਿਛੋਂ, ਸੂਰਜ ਦਾ ਰੱਥ ਫਿਰਿਆ ਸੀ। ਇਸ ਸਾਲ ਭਾਵ 2022 ਈ: ਵਿੱਚ 6 ਪੋਹ ਵਾਲੇ ਦਿਨ ਹੀ ਸੂਰਜ ਦਾ ਰੱਥ ਫਿਰਿਆ ਹੈ। ਹੁਣ ਜੇ 6 ਪੋਹ ਨੂੰ 6 ਪੋਹ ਮੰਨ ਲਿਆ ਜਾਵੇ ਤਾਂ ਸੂਰਜ ਦੇ ਰੱਥ ਫਿਰਨ ਵਿੱਚ 5 ਦਿਨਾਂ ਦਾ ਫਰਕ ਪੈ ਗਿਆ ਹੈ। ਜੇ 21 ਦਸੰਬਰ ਨੂੰ ਸਹੀ ਮੰਨ ਲਿਆ ਜਾਵੇ ਤਾਂ ਸੂਰਜ ਦਾ ਰੱਥ 11 ਪੋਹ ਤੋਂ 5 ਦਿਨ ਪਹਿਲਾ ਭਾਵ 6 ਪੋਹ ਨੂੰ ਫਿਰਿਆ ਹੈ। ਅਜੇਹਾ ਕਿਉ?
ਕਰਤੇ ਦੇ ਨਿਯਮ ਮੁਤਾਬਕ ਧਰਤੀ ਸੂਰਜ ਦੁਵਾਲੇ ਚੱਕਰ ਕੱਟ ਰਹੀ ਹੈ। ਧਰਤੀ ਦੇ ਇਕ ਚੱਕਰ ਨੂੰ ਪੂਰਾ ਕਰਨ ਦੇ ਸਮੇਂ ਨੂੰ ਸਾਲ ਕਿਹਾ ਜਾਂਦਾ ਹੈ। ਇਸ ਸਮੇਂ ਮੁਤਾਬਕ ਧਰਤੀ ਤੇ ਦਿਨ-ਰਾਤ ਦਾ ਬਰਾਬਰ ਹੋਣਾ (March & Sep Equinox) , ਦਿਨ ਵੱਡਾ-ਰਾਤ ਛੋਟੀ ਹੋਣਾ ਜਾਂ ਦਿਨ ਛੋਟਾ-ਰਾਤ ਵੱਡੀ ਹੋਣਾ (June & Dec Solstice) ਅਤੇ ਰੁੱਤਾਂ ਦੀ ਬਦਲੀ ਹੁੰਦੀ ਹੈ। ਇਸ ਨੂੰ ਰੁੱਤੀ ਸਾਲ (Tropical Year) ਕਿਹਾ ਜਾਂਦਾ ਹੈ ਇਸ ਸਾਲ ਦਾ ਸਮਾਂ 365.2422 ਦਿਨ ਮੰਨਿਆ ਗਿਆ ਹੈ। ਭਾਵ ਧਰਤੀ ਸੂਰਜ ਦੁਵਾਲੇ 365.2422 ਦਿਨਾਂ ਵਿੱਚ ਚੱਕਰ ਪੂਰਾ ਕਰਦੀ ਹੈ। ਅੱਜ ਦੁਨੀਆ ਵਿੱਚ ਸਭ ਤੋਂ ਵੱਧ ਪ੍ਰਚੱਲਤ ਕੈਲੰਡਰ ਸਮੇਤ ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਇਸ ਮੁਤਾਬਕ ਹੈ। ਆਪਣੇ ਦੇਸ਼ ਵਿੱਚ ਪ੍ਰਚੱਲਤ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ (ਸੂਰਜੀ ਸਿਧਾਂਤ) ਸੀ।  ਜੋ ਕਿ ਧਰਤੀ ਦਾ ਸੂਰਜ ਦੁਵਾਲੇ ਇਕ ਚੱਕਰ ਦੇ ਅਸਲ ਸਮੇਂ ਤੋਂ ਲੱਗ-ਭੱਗ 24 ਮਿੰਟ ਵੱਧ ਹੈ। ਇਸ ਕਾਰਨ ਹਰ 60 ਸਾਲ ਪਿਛੋਂ (1440/24+60) ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਇਹ ਹੀ ਕਾਰਨ ਹੈ ਕਿ ਪਿਛਲੇ 318 ਸਾਲਾਂ ਵਿੱਚ 6 ਪੋਹ, 16 ਦਸੰਬਰ (ਗਰੈਗੋਰੀਅਨ) ਤੋਂ ਖਿਸਕ ਕੇ 21 ਦਸੰਬਰ ਤੇ ਚਲਾ ਗਿਆ ਹੈ। ਜਦੋਂ ਕਿ ਸੂਰਜ ਦਾ ਰੱਥ 21 ਦਸੰਬਰ 1704 ਈ: (ਗਰੈਗੋਰੀਅਨ) ਨੂੰ ਫਿਰਿਆ ਸੀ ਅਤੇ ਅੱਜ ਵੀ ਭਾਵ 2022 ਈ: ਵਿੱਚ ਵੀ 21 ਦਸੰਬਰ ਨੂੰ ਹੀ ਫਿਰਿਆ ਹੈ।  
ਗੁਰੂ ਨਾਨਕ ਜੀ ਦੇ ਸਮੇ ਸੂਰਜ ਦਾ ਰੱਥ (December Solstice) 12 ਦਸੰਬਰ (1469 ਈ:) ਜੂਲੀਅਨ, 21 ਦਸੰਬਰ (ਗਰੈਗੋਰੀਅਨ) ਮੁਤਾਬਕ 15 ਪੋਹ ਨੂੰ ਫਿਰਿਆ ਸੀ। ਅੱਜ ਇਹ 6 ਪੋਹ ਨੂੰ ਫਿਰਿਆ ਹੈ। ਇਸ ਤੋਂ ਸਪੱਸ਼ਟ ਹੈ ਕਿ ਗੁਰੂ ਨਾਨਕ ਜੀ ਦੇ ਸਮੇਂ ਤੋਂ ਹੁਣ ਤਾਂਈ, ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਵੱਧ ਹੋਣ ਕਾਰਨ 9 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ। ਜੇ ਅਜੇ ਵੀ ਸਾਲ ਦੀ ਲੰਬਾਈ ਨੂੰ ਨਾ ਸੋਧਿਆ ਗਿਆ ਤਾਂ ਇਹ ਫ਼ਰਕ ਵੱਧਦਾ ਹੀ ਜਾਵੇਗਾ। ਇਹ ਉਹੀ ਸਮੱਸਿਆ ਹੈ ਜੋ ਜੂਲੀਅਨ ਕੈਲੰਡਰ ਵਿੱਚ ਆਈ ਸੀ। ਉਨ੍ਹਾਂ ਨੇ ਇਸ ਸਮੱਸਿਆ ਦਾ ਹਲ 1582 ਈ: ਵਿੱਚ ਕਰ ਲਿਆ ਸੀ। ਸਿੱਖ 21 ਵੀਂ ਸਦੀ ਵਿੱਚ ਵੀ ਲੜ ਰਹੇ ਹਨ। 

ਸਰਵਜੀਤ ਸਿੰਘ ਸੈਕਰਾਮੈਂਟੋ