ਪੰਜਾਬੀ ਰੇਡੀਓ ਯੂ ਐਸ ਏ ਵੱਲੋਂ ਬੇ ਏਰੀਆ ਵਿੱਚ 1170 AM ਸ਼ੁਰੂ ਕਰਣ ਦੀ ਇੱਕ ਹੋਰ ਵੱਡੀ ਪੁਲਾਂਘ

ਪੰਜਾਬੀ ਰੇਡੀਓ ਯੂ ਐਸ ਏ ਵੱਲੋਂ ਬੇ ਏਰੀਆ ਵਿੱਚ 1170 AM ਸ਼ੁਰੂ ਕਰਣ ਦੀ ਇੱਕ ਹੋਰ ਵੱਡੀ ਪੁਲਾਂਘ

ਪੰਜਾਬੀ ਰੇਡੀਉ ਯੂ ਐਸ ਏ ਵੱਲੋਂ ਸਵੇਰੇ ਅਤੇ ਸ਼ਾਮ ਦੋਨੋ ਵੇਲੇ ਗੁਰਬਾਣੀ ਦਾ ਪ੍ਰਵਾਹ ਚਲਾਇਆ ਜਾਂਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰੀਮਾਂਟ: ਪੰਜਾਬੀ ਰੇਡੀਓ ਯੂ ਐਸ ਏ ਪਿਛਲੇ ਕਾਫ਼ੀ ਸਾਲਾਂ ਤੋਂ ਅਮਰੀਕਾ ਦੇ ਕਈ ਇਲਾਕਿਆਂ ਖ਼ਾਸ ਕਰ ਕੈਲੇਫੋਰਨੀਆਂ ਵਿੱਚ  ਪੰਜਾਬੀ ਮੀਡੀਏ ਵਿੱਚ ਆਪਣੀ ਵੱਖਰੀ ਪਛਾਣ ਬਣਾਕੇ ਚੱਲ ਰਿਹਾ ਹੈ। 

ਉਹਨਾਂ ਨੇ ਸਿੱਖ ਧਰਮ, ਸਮਾਜ ਅਤੇ ਸਭਿਆਚਾਰ ਨੂੰ ਮੁੱਖ ਉਦੇਸ਼ ਰੱਖਦੇ ਹੋਏ ਧੜੱਲੇਦਾਰ ਤੇ ਨਿਰਪੱਖ ਪ੍ਰੋਗਰਾਮ ਪੇਸ਼ ਕਰਣ ਦਾ ਤਹੱਈਆ ਕੀਤਾ ਹੋਇਆ ਹੈ। ਰੇਡੀਓ ਨੇ ਆਪਣਾ ਘੇਰਾ ਵਿਸ਼ਾਲ ਕਰਦੇ ਹੋਏ ਬੇਏਰੀਆ ਵਿੱਚ 1170 AM ਸ਼ਟੇਸ਼ਨ ਖਰੀਦ ਕੇ ਲੋਕਾਂ ਲਈ ਉੱਥੇ ਪੰਜਾਬੀ ਰੇਡੀਓ ਚਲਾਉਣ ਦਾ ਫੈਸਲਾ ਕੀਤਾ ਹੈ। ਰੇਡੀਉ ਦੀ ਟੀਮ ਵੱਲੋਂ ਗੁਰਦੂਆਰਾ ਸਾਹਿਬ ਫਰੀਮਾਂਟ ਵਿਖੇ ਅਖੰਡ ਪਾਠ ਸਾਹਿਬ ਕਰਵਾਕੇ ਇਸਦਾ ਅਗਾਜ਼ ਕੀਤਾ ਗਿਆ ।


 

ਇੱਥੇ ਜਿਕਰਯੋਗ ਹੈ ਕਿ ਪੰਜਾਬੀ ਰੇਡੀਉ ਯੂ ਐਸ ਏ 24 ਘੰਟੇ ਆਪਣੇ ਤੌਰ ਤੇ ਹੀ ਪ੍ਰੋਗਰਾਮ ਪੇਸ਼ ਕਰਦਾ ਹੈ, ਅਮਰੀਕਾ ਵਿੱਚ ਬਹੁਤ ਰੇਡੀਉ ਅਜਿਹੇ ਹਨ ਜਿਹੜੇ ਅੱਗੇ ਘੰਟੇ ਵੇਚ ਦਿੰਦੇ ਹਨ ਜਿਸ ਕਾਰਣ ਕਹਿਣ ਨੂੰ ਤਾਂ ਸਿੱਖ ਰੇਡੀਉ ਹਨ ਪਰ ਲੋਕਾਂ ਨੂੰ ਸਵੇਰੇ ਹੀ ਜਗਰਾਤੇ ਪਰੋਸ ਕੇ ਦੇ ਦਿੰਦੇ ਹਨ। ਸਿੱਖਾਂ ਦੇ ਪੈਸੇ ਨਾਲ ਚੱਲੇ ਰੇਡੀਉ ਸਿੱਖਾਂ ਦੀਆਂ ਜੜਾਂ ਵੱਢਣ ਲਈ ਵਰਤੇ ਜਾ ਰਹੇ ਹਨ ਪਰ ਰੇਡੀਉ ਯੂ ਐਸ ਏ ਵੱਲੋਂ ਸਵੇਰੇ ਅਤੇ ਸ਼ਾਮ ਦੋਨੋ ਵੇਲੇ ਗੁਰਬਾਣੀ ਦਾ ਪ੍ਰਵਾਹ ਚਲਾਇਆ ਜਾਂਦਾ ।ਇਸ ਤੋ ਇਲਾਵਾ ਖਬਰਾਂ ,ਟਾਕ ਸ਼ੋਅ ਅਤੇ ਦੇਸ਼ ਵਿਦੇਸ਼ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਤੇ ਤਿੱਖੀ ਨਜ਼ਰ ਰੱਖਦਿਆਂ ਸਰੋਤਿਆਂ ਨੂੰ ਸੁਚੇਤ ਕੀਤਾ ਜਾਂਦਾ ਹੈ ।ਪੰਜਾਬੀ ਭਾਈਚਾਰੇ ਅਤੇ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆ ਤੇ ਸਮੇ-ਸਮੇ ਗੱਲ-ਬਾਤ ਸਾਂਝੀ ਕਰਦੇ ਰਹਿੰਦੇ ਹਨ ।ਸਿੱਖਾਂ ਦੇ ਕੌਮੀ ਮਸਲਿਆਂ ਨੂੰ ਹਮੇਸ਼ਾ ਪਹਿਲ ਦੇ ਅਧਾਰ ਤੇ  ਪੰਜਾਬੀ ਰੇਡੀਓ ਯੂ ਐਸ ਏ ਪ੍ਰਸਾਰਤ ਕਰਦਾ ਆ ਰਿਹਾ ਹੈ ।


 

ਅਦਾਰਾ ਅੰਮ੍ਰਿਤਸਰ ਟਾਈਮਜ਼ ਵੱਲੋਂ ਬੀਬੀ ਬਲਵਿੰਦਰ ਕੌਰ, ਭਾਈ ਹਰਜੋਤ ਸਿੰਘ ਖਾਲਸਾ ਅਤੇ ਸਮੂੰਹ ਰੇਡੀਉ ਯੂ ਐਸ ਏ ਨੂੰ ਇਸ ਵਾਧੇ ਲਈ ਵਧਾਈ ਦਿੱਤੀ ਜਾਂਦੀ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਸਿੱਖਾਂ ਦੇ ਅਜਿਹੇ ਅਦਾਰੇ ਸਾਰੀ ਦੁਨੀਆਂ ਵਿੱਚ ਫੈਲਣ ਜੋ ਸਿੱਖ ਕੌਮ ਨੂੰ ਉਸਦੇ ਨਿਸ਼ਾਨੇ ਅਤੇ ਫ਼ਰਜ਼ਾਂ ਪ੍ਰਤੀ ਜਾਗਰੂਕ ਕਰਦੇ ਰਹਿਣ।