ਅਮਰੀਕਾ ਵਿਚ ਘਰੇਲੂ ਝਗੜਾ ਸੁਲਝਾਉਣ ਗਏ ਇਕ ਪੁਲਿਸ ਅਫਸਰ ਦੀ ਗੋਲੀ ਮਾਰ ਕੇ ਹੱਤਿਆ ਤੇ ਦੂਸਰਾ ਗੰਭੀਰ ਜ਼ਖਮੀ

ਅਮਰੀਕਾ ਵਿਚ ਘਰੇਲੂ ਝਗੜਾ ਸੁਲਝਾਉਣ ਗਏ ਇਕ ਪੁਲਿਸ ਅਫਸਰ ਦੀ ਗੋਲੀ ਮਾਰ ਕੇ ਹੱਤਿਆ ਤੇ ਦੂਸਰਾ ਗੰਭੀਰ ਜ਼ਖਮੀ
ਕੈਪਸ਼ਨ :  ਗਰੈਟ ਕਰਮਬੀ ਜਿਸ ਦੀ ਸ਼ੱਕੀ ਵੱਲੋਂ ਚਲਾਈ ਗੋਲੀ ਨਾਲ ਮੌਤ ਹੋ ਗਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਅਲਾਬਾਮਾ ਰਾਜ ਵਿਚ ਹੰਟਸਵਿਲੇ ਵਿਖੇ ਘਰੇਲੂ ਝਗੜੇ ਦੇ ਮਾਮਲੇ ਵਿਚ ਮੌਕੇ 'ਤੇ ਪੁੱਜੇ 2 ਪੁਲਿਸ ਅਫਸਰਾਂ ਉਪਰ ਘਰ ਵਿਚ ਲੁਕੇ ਸ਼ੱਕੀ ਵੱਲੋਂ ਗੋਲੀ ਚਲਾਉਣ ਦੀ ਖ਼ਬਰ ਹੈ। ਹੰਟਸਵਿਲੇ ਪੁਲਿਸ ਵਿਭਾਗ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਕ ਔਰਤ ਉਪਰ ਹਮਲਾ ਹੋਣ ਦੀ ਸੂਚਨਾ ਮਿਲਣ 'ਤੇ ਪੁਲਿਸ ਅਫਸਰ ਮੌਕੇ ਉਪਰ ਪੁੁੱਜੇ ਸਨ। ਅਚਾਨਕ ਸ਼ੱਕੀ ਵੱਲੋਂ ਚਲਾਈਆਂ ਗੋਲੀਆਂ ਕਾਰਨ ਜ਼ਖਮੀ ਹੋਏ ਦੋ ਪੁਲਿਸ ਅਫਸਰਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਇਕ ਪੁਲਿਸ ਅਫਸਰ ਦੀ ਮੌਤ ਹੋ ਗਈ ਜਦ ਕਿ ਦੂਸਰੇ ਦੀ ਹਾਲਤ ਗੰਭੀਰ ਹੈ। ਮ੍ਰਿਤਕ ਪੁਲਿਸ ਅਫਸਰ ਦੀ ਪਛਾਣ ਗਰੈਟ ਕਰਮਬੀ (36) ਵਜੋਂ ਹੋਈ ਹੈ ਜਦ ਕਿ 34 ਸਾਲਾ ਅਲਬਰਟ ਮੋਰਿਨ ਹਸਪਤਾਲ ਵਿਚ ਇਲਾਜ਼ ਅਧੀਨ ਹੈ। ਅਲਾਬਾਮਾ ਦੇ ਅਟਾਰਨੀ ਜਨਰਲ ਸਟੀਵ ਮਾਰਸ਼ਲ ਨੇ ਕਿਹਾ ਹੈ ਕਿ ਕਰਮਬੀ ਹੰਟਸਵਿਲੇ ਪੁਲਿਸ ਵਿਭਾਗ ਵਿਚ ਪਿਛਲੇ 3 ਸਾਲ ਤੋਂ ਕੰਮ ਕਰ ਰਿਹਾ ਸੀ ਤੇ ਇਸ ਸਾਲ ਆਪਣੀ ਡਿਊਟੀ ਦੌਰਾਨ ਜਾਨ ਗਵਾਉਣ ਵਾਲਾ ਉਹ ਪਹਿਲਾ ਪੁਲਿਸ ਅਫਸਰ ਹੈ। ਪੁਲਿਸ ਨੇ ਸ਼ੱਕੀ ਜੂਆਨ ਰਾਬਰਟ (24) ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਵਿਰੁੱਧ ਲਾਅ ਇਨਫੋਰਸਮੈਂਟ ਪੁਲਿਸ ਅਫਸਰ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਉਸ ਨੂੰ ਮੈਡੀਸਨ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ।