ਫਿਲਾਡੈਲਫੀਆ ਦੇ ਇਕ ਹਾਈ ਸਕੂਲ ਦੇ ਪਿਛਵਾੜੇ ਚੱਲੀਆਂ ਗੋਲੀਆਂ, ਇਕ ਨਬਾਲਗ ਦੀ ਮੌਤ-3 ਜ਼ਖਮੀ

ਫਿਲਾਡੈਲਫੀਆ ਦੇ ਇਕ ਹਾਈ ਸਕੂਲ ਦੇ ਪਿਛਵਾੜੇ ਚੱਲੀਆਂ ਗੋਲੀਆਂ, ਇਕ ਨਬਾਲਗ ਦੀ ਮੌਤ-3 ਜ਼ਖਮੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 28 ਸਤੰਬਰ (ਹੁਸਨ ਲੜੋਆ ਬੰਗਾ)- ਫਿਲਾਡੈਲਫੀਆ ਰਾਜ ਦੇ ਇਕ ਹਾਈ ਸਕੂਲ ਦੇ ਪਿਛਲੇ ਪਾਸੇ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗੋਲੀਬਾਰੀ ਵਿਚ ਇਕ 14 ਸਾਲਾ ਲੜਕੇ ਦੀ ਮੌਤ ਹੋ ਗਈ ਤੇ 3 ਹੋਰ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਰੌਕਸਬਰਗ ਹਾਈ ਸਕੂਲ ਦੇ ਪਿਛਵਾੜੇ ਸ਼ਾਮ ਵੇਲੇ ਤਕਰੀਬਨ 4.41 ਵਜੇ ਫੁੱਟਬਾਲ ਖਿਡਾਰੀਆਂ ਨਾਲ ਕੁਝ ਲੋਕਾਂ ਦਾ ਝਗੜਾ ਹੋਇਆ। ਏਨੇ ਨੂੰ ਇਕ ਕਾਰ ਵਿਚ ਕੁਝ ਅਣਪਛਾਤੇ ਵਿਅਕਤੀ ਆਏ ਤੇ ਉਹ ਗੋਲੀਆਂ ਚਲਾ ਕੇ ਫਰਾਰ ਹੋ ਗਏ। ਫਿਲਾਡੈਲਫੀਆ ਪੁਲਿਸ ਦੇ ਅਫਸਰ ਤਾਨੀਆ ਲਿਟਲ ਨੇ ਕਿਹਾ ਹੈ ਕਿ ਉਨਾਂ ਦਾ ਵਿਸ਼ਵਾਸ਼ ਹੈ ਕਿ ਮ੍ਰਿਤਕ ਤੇ ਜ਼ਖਮੀ ਹੋਏ ਸਾਰੇ ਲੋਕ ਨਬਾਲਗ ਸਨ ਤੇ ਉਹ ਫੁੱਟਬਾਲ ਟੀਮ ਦੇ ਮੈਂਬਰ ਸਨ। ਇਕ 14 ਸਾਲਾ ਲੜਕੇ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਦੋ ਹੋਰ 14 ਸਾਲਾ ਤੇ 17 ਸਾਲਾ ਲੜਕੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨਾਂ ਦੀ ਹਾਲਤ ਸਥਿੱਰ ਹੈ। ਇਕ ਹੋਰ ਲੜਕੇ ਨੂੰ ਹਸਪਤਾਲ ਲਿਜਾਇਆ ਗਿਆ ਹੈ ਪਰੰਤੂ ਉਸ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੇ ਹੋਰ ਕਿਹਾ ਹੈ ਕਿ ਮਾਮਲਾ ਜਾਂਚ ਅਧੀਨ ਹੈ ਤੇ ਅਜੇ ਤੱਕ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ।