ਲਾਸ ਏਂਜਲਸ ਤੋਂ ਬੋਸਟਨ ਜਾ ਰਹੇ ਜਹਾਜ਼ ਵਿਚ ਹੰਗਾਮਾ, ਮੁਸਾਫਰ ਵੱਲੋਂ ਅਮਲੇ ਦੇ ਇਕ ਮੈਂਬਰ 'ਤੇ ਹਮਲਾ

ਲਾਸ ਏਂਜਲਸ ਤੋਂ ਬੋਸਟਨ ਜਾ ਰਹੇ ਜਹਾਜ਼ ਵਿਚ ਹੰਗਾਮਾ, ਮੁਸਾਫਰ ਵੱਲੋਂ ਅਮਲੇ ਦੇ ਇਕ ਮੈਂਬਰ 'ਤੇ ਹਮਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਵਿਚ ਲਾਸ ਏਂਜਲਸ ਤੋਂ ਬੋਸਟਨ ਜਾ ਰਹੇ  ਯੁਨਾਈਟਡ ਏਅਰਲਾਈਨਜ਼ ਦੇ ਜਹਾਜ਼ ਵਿਚ ਇਕ ਯਾਤਰੀ ਵੱਲੋਂ ਇਕ ਸਹਾਇਕ ਮੁਲਾਜ਼ਮ ਦੀ ਗਰਦਨ ਉਪਰ ਟੁੱਟੇ ਹੋਏ ਧਾਤ ਦੇ ਚਮਚੇ ਨਾਲ ਹਮਲਾ ਕਰਨ ਤੇ ਹੰਗਾਮੀ ਸਥਿੱਤੀ ਦੌਰਾਨ ਜਹਾਜ਼ ਵਿਚੋਂ ਬਾਹਰ ਨਿਕਲਣ ਵਾਲੇ ਦਰਵਾਜ਼ੇ ਨੂੰ ਖੋਲਣ ਦੀ ਕੋਸ਼ਿਸ਼ ਕਰਨ ਦੀ ਖ਼ਬਰ ਹੈ। ਨਿਆਂ ਵਿਭਾਗ  ਅਨੁਸਾਰ ਮਾਸਾਚੂਸੈਟਸ ਰਾਜ ਦੇ ਰਹਿਣ ਵਾਲੇ ਫਰਾਂਸਿਸਕੋ ਸੇਵੇਰੋ ਟੋਰਸ (33) ਨਾਮੀ ਇਸ ਮੁਸਾਫਰ ਨੂੰ ਬੋਸਟਨ ਲੋਗਨ ਇੰਟਰਨੈਸ਼ਨਲ ਹਵਾਈ ਅੱਡੇ ਉਪਰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਵਿਰੁੱਧ ਜਹਾਜ਼ ਦੇ ਅਮਲੇ ਦੇ ਕੰਮਕਾਜ ਵਿਚ ਦਖਲ ਦੇਣ ਤੇ ਖਤਰਨਾਕ ਹਥਿਆਰ ਨਾਲ ਅਮਲੇ ਉਪਰ ਹਮਲਾ ਕਰਨ ਦੇ ਦੋਸ਼ ਲਾਏ ਗਏ ਹਨ। ਦੂਸਰੇ ਪਾਸੇ ਟੋਰਸ ਨੇ ਜਾਂਚਕਾਰਾਂ ਨੂੰ ਦਸਿਆ ਕਿ ਉਸ ਨੇ ਆਪਣੇ ਆਪ ਨੂੰ ਬਚਾਉਣ ਦੇ ਯਤਨ ਵਜੋਂ ਸਹਾਇਕ ਮੁਲਾਜ਼ਮ ਉਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਮੇਰਾ ਵਿਸ਼ਵਾਸ਼ ਸੀ ਕਿ ਉਹ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਦੌਰਾਨ ਯੁਨਾਈਟਡ ਏਅਰਲਾਈਨਜ਼ ਨੇ ਆਪਣੀਆਂ ਉਡਾਣਾਂ ਵਿਚ ਟੋਰਸ ਵੱਲੋਂ ਸਫਰ ਕਰਨ ਉਪਰ ਪਾਬੰਦੀ ਲਾ ਦਿੱਤੀ ਹੈ। ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਭਵਿੱਖ ਵਿਚ  ਟੋਰਸ ਉਸ ਦੇ ਜਹਾਜ਼ਾਂ ਵਿਚ ਸਫਰ ਨਹੀਂ ਕਰ ਸਕੇਗਾ।