ਹੈਰਿਸ ਕਾਊਂਟੀ ਦੇ ਉਤਰ ਪੱਛਮੀ ਖੇਤਰ ਵਿਚ ਨਫਰਤੀ ਇਸ਼ਤਿਹਾਰ ਲਗਾਏ

ਹੈਰਿਸ ਕਾਊਂਟੀ ਦੇ ਉਤਰ ਪੱਛਮੀ ਖੇਤਰ ਵਿਚ ਨਫਰਤੀ ਇਸ਼ਤਿਹਾਰ ਲਗਾਏ
ਕੈਪਸ਼ਨ: ਇਕ ਵਿਅਕਤੀ ਨਫਰਤੀ ਇਸ਼ਤਿਹਾਰ ਪੜਦਾ ਹੋਇਆ

ਲੋਕਾਂ ਵਿਚ ਡਰ ਤੇ ਸਹਿਮ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਉਤਰ ਪੱਛਮੀ ਹੈਰਿਸ ਕਾਊਂਟੀ ਵਿਚ ਲੋਕਾਂ ਦੇ ਘਰਾਂ ਦੇ ਦਰਵਾਜਿਆਂ, ਖਿੜਕੀਆਂ ਤੇ ਕਾਰਾਂ ਉਪਰ ਨਫਰਤੀ ਇਸ਼ਤਿਹਾਰ ਲੱਗੇ ਵੇਖ ਕੇ ਲੋਕ ਹੈਰਾਨ ਰਹਿ ਗਏ। ਅਮੈਰੀਕਨ-ਇਸਲਾਮਿਕ ਸਬੰਧਾਂ ਬਾਰੇ ਹੋਸਟਨ ਚੈਪਟਰ ਆਫ ਕੌਂਸਲ ਦੇ ਡਾਇਰੈਕਟਰ ਆਪਰੇਸ਼ਨ ਵਿਲੀਅਮ ਵਾਈਟ ਅਨੁਸਾਰ ਰਾਤ ਵੇਲੇ ਲਾਏ ਗਏ ਇਸ਼ਤਿਹਾਰਾਂ ਵਿਚ ਗੋਰਿਆਂ ਨੂੰ ਸਰਬ ਉੁੱਚ ਕਰਾਰ ਦਿੱਤਾ ਗਿਆ ਹੈ। ਇਸ਼ਤਿਹਾਰ ਦਾ ਸਰਲੇਖ ''2026 ਏ ਰੇਸ ਓਡੀਸੇ'' ਹੈ ਜਿਸ ਵਿਚ ਲਿਖਿਆ ਹੈ ''ਗੋਰਿਆਂ ਦੀ ਘਟ ਰਹੀ ਵਸੋਂ ਦਰ ਬਾਰੇ ਸੋਚੋ ਜੇ ਇਸ ਤਰਾਂ ਹੀ ਜਾਰੀ ਰਿਹਾ ਤਾਂ ਅਮਰੀਕਾ ਦੇ ਵੱਡੇ ਸ਼ਹਿਰਾਂ ਦਾ ਅਗਲੇ 10 ਸਾਲਾਂ ਦੌਰਾਨ ਨਕਸ਼ਾ ਕਿਹੋ ਜਿਹਾ ਹੋਵੇਗਾ?'' ਇਸ਼ਤਿਹਾਰਾਂ ਦਾ  ਕੇਂਦਰ ਬਿੰਦੂ ਨਸਲੀ ਹੈ ਤੇ ਇਨਾਂ ਵਿਚ ਅਫਰੀਕਨ ਅਮਰੀਕੀਆਂ ਪ੍ਰਤੀ ਨਾਂਹ ਪੱਖੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਇਸ਼ਹਿਤਾਰ ਦੇ ਹੇਠਾਂ ਲੋਕਾਂ ਨੂੰ ਜੁੜਨ ਵਾਸਤੇ ਇਕ ਵੈਬ ਸਾਈਟ ਦਾ ਪਤਾ ਵੀ ਦਿੱਤਾ ਗਿਆ ਹੈ। ਇਸ ਇਸ਼ਤਿਹਾਰ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਵਰਤੀ ਗਈ ਭਾਸ਼ਾ ਕਾਰਨ ਜਿਆਦਾਤਰ ਅਖਬਾਰਾਂ ਨੇ ਇਸ ਨੂੰ ਨਾ ਛਾਪਣ ਦਾ ਫੈਸਲਾ ਲਿਆ ਹੈ ਤੇ ਅਜਿਹਾ ਕਰਨਾ ਆਪਣੇ ਆਪ ਵਿਚ ਇਕ ਅਪਰਾਧ ਵੀ ਮੰਨਿਆ ਜਾਂਦਾ ਹੈ। ਵਾਈਟ ਨੇ ਕਿਹਾ ਹੈੈ ਕਿ ਇਹ ਲੋਕਾਂ ਨੂੰ ਭੈਭੀਤ ਕਰਨ ਦਾ ਯਤਨ ਹੈ ਪਰੰਤੂ ਇਸ ਸ਼ਹਿਰ ਵਿਚ ਡਰ ਜਾਂ ਭੈਅ ਨੂੰ ਕੋਈ ਥਾਂ ਨਹੀਂ ਹੈ।  ਉਨਾਂ ਕਿਹਾ ਹੈ ਕਿ ਸੁਰੱਖਿਆ ਦੇ ਨਜਰੀਏ ਤੋਂ ਉਹ ਉਸ ਵਿਸ਼ੇਸ਼ ਖੇਤਰ ਦਾ ਜਿਕਰ ਨਹੀਂ ਕਰ ਰਹੇ ਜਿਥੇ ਗੋਰਿਆਂ ਦੀ ਸ਼੍ਰੇਸ਼ਟਾ ਦੇ ਇਸ਼ਤਿਹਾਰ ਲਗਾਏ ਗਏ ਹਨ ਪਰੰਤੂ ਇਸ ਖੇਤਰ ਵਿਚ ਵੱਖ ਵੱਖ ਪਿਛੋਕੜਾਂ ਨਾਲ ਸਬੰਧ ਰਖਦੇ ਲੋਕ ਰਹਿੰਦੇ ਹਨ। ਉਨਾਂ ਕਿਹਾ ਕਿ ਲੋਕ ਡਰੇ ਹੋਏ ਹਨ ਤੇ ਉਹ ਇਸ ਸਬੰਧੀ ਮੀਡੀਆ ਨਾਲ ਗੱਲਬਾਤ ਨਹੀਂ ਕਰਨਾ ਚਹੁੰਦੇ। ਲੋਕ ਇਸ ਮੁੱਦੇ ਨੂੰ ਜਿਆਦਾ ਉਛਾਲਣ ਦੇ ਹੱਕ ਵਿਚ ਨਹੀਂ ਹਨ। ਵਾਈਟ ਨੇ ਕਿਹਾ ਕਿ ਇਕ ਵਿਅਕਤੀ ਨੇ ਫੋਨ ਕਰਕੇ ਇਸ ਸਬੰਧੀ ਸ਼ਿਕਾਇਤ ਕੀਤੀ ਹੈ। ਹੋਸਟਨ  ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਉਨਾਂ ਨੇ ਕਿਹਾ ਹੈ ਕਿ ਘਰਾਂ ਦੇ ਬਾਹਰ ਲੱਗੇ ਕੈਮਰਿਆਂ ਤੋਂ ਸਾਜਿਸ਼ਕਾਰਾਂ ਦਾ ਪਤਾ  ਲਾਇਆ  ਜਾਵੇਗਾ। ਵਾਈਟ ਨੇ ਕਿਹਾ ਕਿ ਹੈਰਿਸ ਕਾਊਂਟੀ ਦੇ ਲਾਅ ਇਨਫੋਰਸਮੈਂਟ ਤੇ ਐਫ ਬੀ ਆਈ ਨੂੰ ਦੇਣ ਵਾਸਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਉਹ ਆਸਵੰਦ ਹਨ ਕਿ ਸਾਰੇ ਚੁਣੇ ਹੋਏ ਪ੍ਰਤੀਨਿੱਧ ਇਕਮੁੱਠ ਹੋ ਕੇ ਸਮਾਜ ਨੂੰ ਤੋੜਨ ਵਾਲੀ ਇਸ ਹਰਕਤ ਦੀ ਨਿੰਦਾ ਕਰਨਗੇ। ਅਜਿਹੇ ਇਸ਼ਤਿਹਾਰ ਦੱਖਣੀ ਫਲੋਰਿਡਾ ਤੇ 5 ਹੋਰ ਰਾਜਾਂ ਵਿਚ ਵੀ ਵੰਡੇ ਗਏ ਹਨ ਜਾਂ ਕੰਧਾਂ ਉਪਰ ਚਿਪਕਾਏ ਗਏ ਹਨ।  ਇਥੇ ਜਿਕਰਯੋਗ ਹੈ ਕਿ ਹੈਰਿਸ ਕਾਉਂਟੀ ਵਿਚ ਅਗਲੀ ਪ੍ਰਾਇਮਰੀ ਚੋਣ ਪਹਿਲੀ ਮਾਰਚ ਨੂੰ ਹੈ ਤੇ ਅਗਾਊਂ ਵੋਟਿੰਗ ਅਗਲੇ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ।