ਫਲੋਰਿਡਾ ਦੇ ਆਈਕੋਨ ਪਾਰਕ ਵਿਚ ਪੰਘੂੜੇ ਵਿਚੋਂ ਡਿੱਗ ਕੇ 14 ਸਾਲਾ ਨੌਜਵਾਨ ਦੀ ਮੌਤ

ਫਲੋਰਿਡਾ ਦੇ ਆਈਕੋਨ ਪਾਰਕ ਵਿਚ ਪੰਘੂੜੇ ਵਿਚੋਂ ਡਿੱਗ ਕੇ 14 ਸਾਲਾ ਨੌਜਵਾਨ ਦੀ ਮੌਤ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਫਲੋਰਿਡਾ ਦੇ ਆਈਕੋਨ ਪਾਰਕ ਵਿਚ 'ਓਰਲੈਂਡੋ ਫਰੀਫਾਲ ਰਾਈਡ' ਪੰਘੂੜੇ ਵਿਚੋਂ ਡਿੱਗਣ ਨਾਲ ਇਕ 14 ਸਾਲਾ ਨੌਜਵਾਨ ਦੀ ਮੌਤ ਹੋ ਗਈ। ਓਰੈਂਜ ਕਾਊਂਟੀ ਦੇ ਸ਼ੈਰਿਫ ਦਫਤਰ ਅਨੁਸਾਰ ਆਈਕੋਨ ਪਾਰਕ ਵਿਚ ਵਿਸ਼ਵ ਦਾ ਸਭ ਤੋਂ ਉੱਚਾ ਪੰਘੂੜਾ ਲੱਗਾ ਹੋਇਆ ਹੈ। ਇਸ ਘਟਨਾ ਸਬੰਧੀ ਵਾਇਰਲ ਹੋਈ ਵੀਡੀਓ ਵਿਚ ਇਕ ਵਿਅਕਤੀ ਆਪਣੀ ਸੀਟ ਤੋਂ ਹੇਠਾਂ ਡਿੱਗਦਾ ਹੋਇਆ ਨਜਰ ਆਉਂਦਾ ਹੈ। ਪੰਘੂੜਾ ਤੁਰੰਤ ਰੋਕ ਦਿੱਤਾ ਗਿਆ। ਟਾਇਰ ਸੈਂਪਸਨ ਨਾਮੀ ਨਬਾਲਗ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਜਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ । ਓਰੈਂਜ ਕਾਊਂਟੀ ਦੇ ਸ਼ੈਰਿਫ ਜੌਹਨ ਮਿਨਾ ਨੇ ਕਿਹਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਅਚਨਚੇਤ ਵਾਪਰੀ ਘਟਨਾ ਹੈ ਜਾਂ ਇਸ ਘਟਨਾ ਪਿਛੇ ਕੋਈ ਸਾਜਿਸ਼ ਤਾਂ ਨਹੀਂ ਹੈ । ਉਨਾਂ ਕਿਹਾ ਕਿ ਇਹ ਬਹੁਤ ਮਾੜੀ ਘਟਨਾ ਹੈ। ਉਹ ਪੀੜਤ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹਨ। ਸੈਂਪਸਨ ਦੇ ਪਿਤਾ ਯਰਨੇਲ ਸੈਂਪਸਨ ਨੇ ਕਿਹਾ ਹੈ ਕਿ ਉਸ ਦਾ ਪੁੱਤਰ ਉਭਰਦਾ ਫੁੱਟਬਾਲ ਖਿਡਾਰੀ ਸੀ  ਤੇ ਉਹ ਆਪਣੀ ਫੁੱਟਬਾਲ ਟੀਮ ਨਾਲ ਆਈਕੋਨ ਪਾਰਕ ਵਿਚ ਮੌਜ ਮਸਤੀ ਕਰਨ ਗਿਆ ਸੀ।