ਸ਼ਿਕਾਗੋ ਦੇ ਇਕ ਹਾਈ ਸਕੂਲ ਦੇ ਬਾਹਰਵਾਰ ਹੋਈ ਗੋਲੀਬਾਰੀ ਵਿੱਚ 2 ਦੀ ਮੌਤ 2 ਜ਼ਖਮੀ

ਸ਼ਿਕਾਗੋ ਦੇ ਇਕ ਹਾਈ ਸਕੂਲ ਦੇ ਬਾਹਰਵਾਰ ਹੋਈ ਗੋਲੀਬਾਰੀ ਵਿੱਚ 2 ਦੀ ਮੌਤ 2 ਜ਼ਖਮੀ
ਕੈਪਸ਼ਨ : ਗੋਲੀਬਾਰੀ ਉਪਰੰਤ ਘਟਨਾ ਸਥਾਨ 'ਤੇ ਪੁੱਜੀ ਪੁਲਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 17 ਦਸੰਬਰ (ਹੁਸਨ ਲੜੋਆ ਬੰਗਾ)- ਡਾਊਨ ਟਾਊਨ ਸ਼ਿਕਾਗੋ ਦੇ ਦੱਖਣ ਪੱਛਮ ਵਿਚ ਬੈਨੀਟੋ ਜੁਅਰਜ਼ ਹਾਈ ਸਕੂਲ ਦੇ ਬਾਹਰਵਾਰ ਬਾਅਦ ਦੁਪਹਿਰ ਹੋਈ ਗੋਲੀਬਾਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ। ਇਹ ਪ੍ਰਗਟਾਵਾ ਪੁਲਿਸ ਸੁਪਰਡੈਂਟ ਡੇਵਿਡ ਬਰਾਊਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨਾਂ ਕਿਹਾ ਹੈ ਕਿ ਜਾਂਚ ਅਜੇ ਮੁੱਢਲੇ ਪੱਧਰ 'ਤੇ ਹੈ । ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਅਜੇ ਤੱਕ ਇਸ ਮਾਮਲੇ ਵਿਚ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਮਾਰੇ ਗਏ ਤੇ ਜ਼ਖਮੀ ਹੋਏ ਵਿਅਕਤੀ ਸਕੂਲ ਦੇ ਵਿਦਿਆਰਥੀ ਸਨ ਜਾਂ ਬਾਹਰਲੇ ਲੋਕ ਸਨ। ਸ਼ਿਕਾਗੋ ਅੱਗ ਬੁਝਾਊ ਵਿਭਾਗ ਦੇ ਬੁਲਾਰੇ ਲੈਰੀ ਲਾਂਗਫੋਰਡ ਨੇ ਕਿਹਾ ਹੈ ਕਿ ਇਸ ਬਾਰੇ ਉਹ ਅਨੁਮਾਨ ਨਹੀਂ ਲਾ ਸਕਦੇ ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਗੋਲੀਆਂ ਵਿਦਿਆਰਥੀਆਂ ਨੂੰ ਮਾਰੀਆਂ ਗਈਆਂ ਹਨ। ਉਨਾਂ ਕਿਹਾ ਕਿ ਹਾਲਾਂ ਕਿ ਗੋਲੀ ਸਕੂਲ ਦੇ ਬਾਹਰ ਚੱਲੀ ਹੈ ਪਰੰਤੂ ਜਿਥੇ ਗੋਲੀ ਚੱਲੀ ਹੈ ਉਹ ਸਕੂਲ ਦਾ ਹੀ ਮੈਦਾਨ ਹੈ।