ਅਮਰੀਕਾ ਵਿਚ ਸੜਕ ਹਾਦਸੇ ਵਿੱਚ ਹੋਈਆਂ ਦੋ ਮੌਤਾਂ ਦੇ ਮਾਮਲੇ ਵਿਚ 19 ਸਾਲਾ ਕੁੜੀ ਨੂੰ ਹੋਈ 15 ਸਾਲ ਦੀ ਜੇਲ

ਅਮਰੀਕਾ ਵਿਚ ਸੜਕ ਹਾਦਸੇ ਵਿੱਚ ਹੋਈਆਂ ਦੋ ਮੌਤਾਂ ਦੇ ਮਾਮਲੇ ਵਿਚ 19 ਸਾਲਾ ਕੁੜੀ ਨੂੰ ਹੋਈ 15 ਸਾਲ ਦੀ ਜੇਲ
ਕੈਪਸ਼ਨ ਮੈਕਨਜੀ ਸ਼ਿਰਿਲਾ ਵਿਚਾਲੇ ਜਿਸ ਨੂੰ ਖੱਬੇ ਆਪਣੇ ਦੋਸਤ ਡੋਮਿਨਿਕ ਰੂਸੋ ਤੇ ਸੱਜੇ ਡੇਵੀਅਨ ਫਲਾਨੰਗਲ ਦੀਆਂ ਮੌਤਾਂ ਦੇ ਮਾਮਲੇ ਵਿਚ ਸਜ਼ਾ ਸੁਣਾਈ ਗਈ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਓਹੀਓ ਰਾਜ ਦੇ ਕਲੈਵਲੈਂਡ ਸ਼ਹਿਰ ਵਿਚ 31 ਜੁਲਾਈ 2022 ਨੂੰ ਹੋਏ ਸੜਕ ਹਾਦਸੇ ਜਿਸ ਵਿਚ 2 ਲੋਕ ਮਾਰੇ ਗਏ ਸਨ, ਦੇ ਮਾਮਲੇ ਵਿਚ ਇਕ ਅਦਾਲਤ ਨੇ ਇਕ 19 ਸਾਲਾ ਕੁੜੀ ਨੂੰ 15 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਪਿਛਲੇ ਹਫਤੇ ਬੈਂਚ ਅੱਗੇ ਸੁਣਵਾਈ ਤੋਂ ਬਾਅਦ ਕੂਯਾਹੋਗਾ ਕਾਊਂਟੀ ਜੱਜ ਨੇ 19 ਸਾਲਾ ਮੈਕਨਜੀ ਸ਼ਿਰਿਲਾ ਨੂੰ ਦੋ ਹੱਤਿਆਵਾਂ ਸਮੇਤ ਹੋਰ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਸੀ। ਸ਼ਿਰਿਲਾ ਨੂੰ ਜਾਣਬੁਝਕੇ 100 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਾਰ ਇਕ ਇਮਾਰਤ ਵਿਚ ਮਾਰਨ ਲਈ ਦੋਸ਼ੀ ਕਰਾਰ ਦਿੱਤਾ ਗਿਆ ਜਿਸ ਹਾਦਸੇ ਵਿਚ ਸ਼ਿਰਿਲਾ ਦਾ ਦੋਸਤ ਲੜਕਾ ਡੋਮਿਨਿਕ ਰੂਸੋ (20) ਤੇ ਉਸ ਦਾ ਦੋਸਤ ਡੇਵੀਅਨ ਫਲਾਨੰਗਨ (19) ਮਾਰੇ ਗਏ ਸਨ। ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸ਼ਿਰਿਲਾ ਘੱਟੋ ਘੱਟ 15 ਸਾਲ ਜੇਲ ਵਿਚ ਰਹਿਣ ਉਪਰੰਤ ਹੀ ਪੈਰੋਲ ਲਈ ਦਰਖਾਸਤ ਦੇ ਸਕੇਗੀ। ਇਸੇ ਦੌਰਾਨ ਡੋਮਿਨਿਕ ਰੂਸੋ ਦੀ 34 ਸਾਲਾ ਭੈਣ ਕ੍ਰਿਸਟਾਈਨ ਰੂਸੋ ਵਾਸੀ ਕਲੈਵਲੈਂਡ ਨੇ ਇਤਰਾਜ ਪ੍ਰਗਟਾਇਆ ਹੈ ਕਿ ਸ਼ਿਰਿਲਾ ਨੂੰ ਸਜ਼ਾ ਘੱਟ ਦਿੱਤੀ ਗਈ ਹੈ। ਉਸ ਨੇ ਕਿਹਾ ਹੈ ਕਿ ਸ਼ਿਰਿਲਾ ਨੇ ਦੋ ਨਿਰਦੋਸ਼ ਵਿਅਕਤੀਆਂ ਦੀਆਂ ਜਾਨਾਂ ਲਈਆਂ ਹਨ ਉਹ ਉਮਰ ਭਰ ਲਈ ਜੇਲ ਵਿਚ ਹੀ ਰਹਿਣੀ ਚਾਹੀਦੀ ਸੀ।