ਕੈਲੀਫੋਰਨੀਆ ‘ਚ ਹੋਈਆਂ ਪ੍ਰਾਇਮਰੀ ਚੋਣਾਂ ‘ਚ ਡੈਮੋਕਰੇਟ ਪਾਰਟੀ ਦੀ ਜਿੱਤ

ਕੈਲੀਫੋਰਨੀਆ ‘ਚ ਹੋਈਆਂ ਪ੍ਰਾਇਮਰੀ ਚੋਣਾਂ ‘ਚ ਡੈਮੋਕਰੇਟ ਪਾਰਟੀ ਦੀ ਜਿੱਤ

ਕੈਲੀਫੋਰਨੀਆ ਸਟੇਟ ਦੇ ਮੌਜੂਦਾ ਗਵਰਨਰ ਗੈਵਿਨ ਨਿਊਸਮ ਦੋਬਾਰਾ ਚੋਣ ਜਿੱਤੇ।

ਮੌਜੂਦਾ ਗਵਰਨਰ ਗੈਵਿਨ ਨਿਊਸਮ ਭਾਰੀ ਬਹੁਮਤ ਨਾਲ ਚੋਣ ਜਿੱਤੇ

ਅੰਮ੍ਰਿਤਸਰ ਟਾਈਮਜ਼


ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ ਹੋਈਆਂ ਪ੍ਰਾਇਮਰੀ ਚੋਣਾਂ ਦੇ ਅਣਅਧਿਕਾਰਤ ਨਤੀਜੇ ਅੱਜ ਆ ਗਏ ਹਨ। ਕੈਲੀਫੋਰਨੀਆ ਸਟੇਟ ਦੇ ਮੌਜੂਦਾ ਗਵਰਨਰ ਗੈਵਿਨ ਨਿਊਸਮ ਇਕ ਵਾਰ ਫਿਰ ਚੋਣ ਜਿੱਤ ਗਏ ਹਨ। ਉਨ੍ਹਾਂ ਨੂੰ 17 ਲੱਖ 47 ਹਜ਼ਾਰ 490 ਵੋਟਾਂ ਹਾਸਲ ਹੋਈਆਂ। ਉਨ੍ਹਾਂ ਦੇ ਮੁਕਾਬਲੇ ਦੂਜੇ ਨੰਬਰ ਦਾ ਉਮੀਦਵਾਰ ਰਿਪਬਲੀਕਨ ਦਾ ਜੈਨੀ ਰੇਅ ਲੀ ਰੋਕਸ ਸਿਰਫ 1 ਲੱਖ, 3 ਹਜ਼ਾਰ 257 ਵੋਟਾਂ ਹੀ ਹਾਸਲ ਕਰ ਸਕਿਆ। ਗੈਵਿਨ ਨਿਊਸਮ ਨੂੰ ਕੁੱਲ ਵੋਟਾਂ ਚੋਂ 60 ਫੀਸਦੀ ਵੋਟਾਂ ਹਾਸਲ ਹੋਈਆਂ। ਜਦਕਿ ਉਸ ਦੇ ਵਿਰੋਧੀ ਰਿਪਬਲੀਕਨ ਉਮੀਦਵਾਰ ਨੂੰ ਕੁੱਲ ਵੋਟਾਂ ਚੋਂ 3.5 ਫੀਸਦੀ ਵੋਟਾਂ ਹੀ ਹਾਸਲ ਹੋਈਆਂ। ਲੈਫਟੀਨੈਂਟ ਗਵਰਨਰ ਐਲੇਨੀ ਕੋਨਾਲਾਕਿਸ ਵੀ ਕੁੱਲ ਵੋਟਾਂ ਵਿਚੋਂ 58 ਫੀਸਦੀ ਵੋਟਾਂ ਲੈ ਕੇ ਜੇਤੂ ਰਹੀ। ਜਦਕਿ ਉਸ ਦੇ ਵਿਰੋਧੀ ਰਿਪਬਲੀਕਨ ਪਾਰਟੀ ਦੇ ਐਂਜਿਲਾ ਜੈਕਬ ਨੂੰ ਸਿਰਫ 18 ਫੀਸਦੀ ਵੋਟਾਂ ਹੀ ਹਾਸਲ ਹੋਈਆਂ। ਸੈਕਟਰੀ ਆਫ ਸਟੇਟ ਦੇ ਡੈਮੋਕਰੇਟ ਪਾਰਟੀ ਦੇ ਡਾ. ਸ਼ੈਰੇਲੀ ਵੈਬਰ 63 ਫੀਸਦੀ ਵੋਟਾਂ ਹਾਸਲ ਕਰਕੇ ਜੇਤੂ ਰਹੀ, ਜਦਕਿ ਉਨ੍ਹਾਂ ਦੇ ਵਿਰੋਧੀ ਰਿਪਬਲੀਕਨ ਪਾਰਟੀ ਦੇ ਰੌਬ ਬਰਨੋਸਕੀ ਨੂੰ ਸਿਰਫ 18 ਫੀਸਦੀ ਵੋਟਾਂ ਹੀ ਹਾਸਲ ਕਰ ਸਕੇ।
ਅਟਾਰਨੀ ਜਨਰਲ ਦੀਆਂ ਚੋਣਾਂ ਵਿਚ ਵੀ ਡੈਮੋਕਰੇਟ ਪਾਰਟੀ ਦੇ ਰੌਬ ਬੌਂਟਾ ਭਾਰੀ ਬਹੁਮਤ ਨਾਲ ਜਿੱਤ ਗਏ। ਇਸੇ ਤਰ੍ਹਾਂ ਡੈਮੋਕਰੇਟ ਪਾਰਟੀ ਵੱਲੋਂ ਚੋਣ ਲੜ ਰਹੇ ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ ਵੀ ਭਾਰੀ ਬਹੁਮਤ ਨਾਲ ਅੱਗੇ ਰਹੇ। ਡੈਮੋਕਰੇਟ ਪਾਰਟੀ ਦੇ ਜਿਮ ਕੂਪਰ ਸੈਕਰਾਮੈਂਟੋ ਸ਼ੈਰਿਫ ਦੀਆਂ ਚੋਣਾਂ ਵਿਚ ਭਾਰੀ ਬਹੁਮਤ ਨਾਲ ਚੋਣ ਜਿੱਤ ਗਏ। ਸੈਕਰਾਮੈਂਟੋ ਅਸੈਂਬਲੀ ਹਲਕਾ ਡਿਸਟ੍ਰਿਕ-10 ਤੋਂ ਡੈਮੋਕਰੇਟ ਦੇ ਉਮੀਦਵਾਰ ਸਟੈਫਨੀ ਵਿਨ, ਡਿਸਟ੍ਰਿਕ-6 ਤੋਂ ਡੈਮੋਕਰੇਟ ਪਾਰਟੀ ਦੇ ਕੈਵਿਨ ਮਕਾਰਟੀ, ਡਿਸਟ੍ਰਿਕ-7 ਤੋਂ ਡੈਮੋਕਰੇਟ ਪਾਰਟੀ ਦੇ ਕੇਨ ਕੁਲੀ ਅਤੇ ਡਿਸਟ੍ਰਿਕ-11 ਤੋਂ ਡੈਮੋਕਰੇਟ ਪਾਰਟੀ ਦੇ ਲੌਰੀ ਵਿਲਸਨ ਭਾਰੀ ਬਹੁਮਤ ਨਾਲ ਚੋਣ ਜਿੱਤ ਗਏ। ਸੈਕਰਾਮੈਂਟੋ ਕਾਊਂਟੀ ਸੁਪਰਵਾਈਜ਼ਰ ਦੀ ਚੋਣ ਲੜ ਰਹੇ ਉਮੀਦਵਾਰ ਪੈਟ ਹਿਊਮ ਨੇ ਵੀ ਭਾਰੀ ਬਹੁਮਤ ਨਾਲ ਚੋਣਾਂ ਚ ਜਿੱਤ ਪ੍ਰਾਪਤ ਕੀਤੀ। ਡਿਸਟ੍ਰਿਕ ਅਟਾਰਨੀ ਲਈ ਤੀਨ ਹੋਅ ਭਾਰੀ ਬਹੁਮਤ ਨਾਲ ਚੋਣ ਜਿੱਤਣ ਵਿਚ ਕਾਮਯਾਬ ਹੋ ਗਏ ਹਨ। ਜ਼ਿਕਰਯੋਗ ਹੈ ਕਿ ਹਾਲੇ ਵੀ ਡਾਕ ਰਾਹੀਂ ਆਉਣ ਵਾਲੀਆਂ ਵੋਟਾਂ ਦੀ ਗਿਣਤੀ ਬਾਕੀ ਹੈ, ਜਿਸ ਦੇ ਲਈ ਕੁੱਝ ਸਮਾਂ ਲੱਗ ਸਕਦਾ ਹੈ। ਐਤਕਾਂ ਵੀ ਭਾਰਤੀ ਭਾਈਚਾਰੇ ਖਾਸਕਰ ਪੰਜਾਬੀ ਭਾਈਚਾਰੇ ਨੇ ਵੀ ਡੈਮੋਕਰੇਟ ਪਾਰਟੀ ਵਾਲੇ ਪਾਸੇ ਹੀ ਝੁਕਾਅ ਰੱਖਿਆ।