ਕੈਲੀਫੋਰਨੀਆ ਵਿਚ 100% ਬਿਜਲੀ ਦੀ ਮੰਗ ਨਵਿਆਉਣਯੋਗ ਊਰਜਾ ਖੇਤਰ ਨੇ ਕੀਤੀ ਪੂਰੀ , ਰੱਚਿਆ ਇਤਿਹਾਸ

ਕੈਲੀਫੋਰਨੀਆ ਵਿਚ 100% ਬਿਜਲੀ ਦੀ ਮੰਗ ਨਵਿਆਉਣਯੋਗ ਊਰਜਾ ਖੇਤਰ ਨੇ ਕੀਤੀ ਪੂਰੀ , ਰੱਚਿਆ ਇਤਿਹਾਸ
ਕੈਪਸ਼ਨ:  ਬਿਜਲੀ ਤਿਆਰ ਕਰਨ ਲਈ ਪਾਮਸਪਰਿੰਗਜ ਕੈਲੀਫੋਰਨੀਆ ਵਿਚ ਨਜਰ ਆ ਰਿਹਾ ਸੋਲਰ ਤੇ ਪਵਨ ਚੱਕੀ ਸਿਸਟਮ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 3 ਮਈ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਕੈਲੀਫੋਰਨੀਆ ਰਾਜ ਨੇ ਨਵਿਉਣਯੋਗ ਊਰਜਾ ਖੇਤਰ ਵਿਚ ਇਤਿਹਾਸ ਰੱਚਦਿਆਂ ਸੂਬੇ ਦੇ ਵਾਸੀਆਂ ਦੀ 100% ਬਿਜਲੀ ਦੀ ਮੰਗ ਪੂਰੀ ਕਰ ਦਿੱਤੀ ਹੈ। ਬੀਤੇ ਦਿਨ ਰਾਜ ਵਿਚ ਬਿਜਲੀ ਦੀ ਮੰਗ 18672 ਮੈਗਾਵਾਟਸ ਤੱਕ ਪੁੱਜ ਗਈ ਸੀ ਜਦ ਕਿ ਬਿਜਲੀ ਦੀ ਮੰਗ ਪੂਰੀ ਕਰਨ ਲਈ ਰਾਜ ਕੋਲ 37172 ਮੈਗਵਾਟਸ ਬਿਜਲੀ ਮੌਜੂਦ ਸੀ ਜੋ ਸਾਰੀ ਦੀ ਸਾਰੀ ਨਵਿਆਉਣਯੋਗ ਖੇਤਰ ਵਿਚ ਤਿਆਰ ਹੋ ਰਹੀ ਹੈ। ਇਹ ਜਾਣਕਾਰੀ ਕੈਲੀਫੋਰਨੀਆ ਦੇ ਸਿਸਟਮ ਆਪਰੇਟਰ 'ਕੈਸੋ' ਨੇ ਦਿੱਤੀ ਹੈ।  ਸੁਤੰਤਰ ਸਿਸਟਮ ਆਪਰੇਟਰ 'ਕੈਸੋ' ਰਾਜ ਦੇ ਥੋਕ ਬਿਜਲੀ ਪਾਵਰ ਸਿਸਟਮ ਤੇ ਟਰਾਂਸਮਿਸ਼ਨ ਲਾਈਨਾਂ ਦੀ ਦੇਖਭਾਲ ਕਰਦਾ ਹੈ। ਨਵਿਆਉਣਯੋਗ ਊਰਜਾ ਖੇਤਰ ਦੀ ਅਹਿਮ ਪ੍ਰਾਪਤੀ ਇਹ ਹੈ ਕਿ ਸੋਲਰ ਪਾਵਰ ਖੇਤਰ 12391 ਮੈਗਾਵਾਟ ਬਿਜਲੀ ਤਿਆਰ ਕਰ ਰਿਹਾ ਹੈ। ਕੈਸੋ ਦੇ ਬੁਲਾਰੇ ਐਨੀ ਗੋਂਜ਼ਲਜ ਨੇ ਕਿਹਾ ਹੈ ਕਿ ਇਸ ਵੇਲੇ ਜੋ ਸੰਕੇਤ ਮਿਲ ਰਹੇ ਹਨ ਉਹ ਨਵਿਆਉਣਯੋਗ ਊਰਜਾ ਖੇਤਰ ਵਿਚ ਇਕ ਨਵਾਂ ਕੀਰਤੀਮਾਨ ਸਥਾਪਿਤ ਹੋਣ ਵੱਲ ਇਸ਼ਾਰਾ ਕਰ ਰਹੇ ਪਰੰਤੂ ਅਸਲ ਸਥਿੱਤੀ ਦਾ ਪਤਾ ਲਾਉਣ ਲਈ ਸਮਾ ਲੱਗੇਗਾ। ਵਾਤਾਵਰਣ ਪ੍ਰੇਮੀ ਜੋ ਪਿਛਲੇ ਕਈ ਸਾਲਾਂ ਤੋਂ ਮੁਕੰਮਲ ਬਿਜਲੀ ਨਵਿਆਉਣਯੋਗ ਖੇਤਰ ਵਿਚ ਪੈਦਾ ਕਰਨ ਲਈ ਉਤਸ਼ਾਹਿਤ ਕਰਦੇ ਆ ਰਹੇ ਹਨ,100% ਟੀਚਾ ਪੂਰਾ ਹੋਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ।