ਅਮਰੀਕਾ ਵਿਚ ਕੋਵਿਡ-19 ਮੌਤਾਂ ਦੀ ਗਿਣਤੀ 9 ਲੱਖ ਤੋਂ ਟੱਪੀ
* ਰੋਜ਼ਾਨਾ ਕੋਵਿਡ ਮਾਮਲਿਆਂ ਦੀ ਗਿਣਤੀ ਵਿਚ ਆਈ ਗਿਰਾਵਟ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 5 ਫਰਵਰੀ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਕੋਵਿਡ-19 ਮਹਾਮਾਰੀ ਦੌਰਾਨ ਮ੍ਰਿਤਕਾਂ ਦੀ ਗਿਣਤੀ 9 ਲੱਖ ਨੂੰ ਪਾਰ ਕਰ ਗਈ ਹੈ ਤੇ ਦੇਸ਼ ਦੇ ਜਿਆਦਾਤਰ ਹਿੱਸਿਆਂ ਵਿਚ ਮੌਤਾਂ ਦਾ ਅੰਕੜਾ ਵਧਿਆ ਹੈ ਪਰ ਇਸ ਦੇ ਨਾਲ ਹੀ ਮਹਾਮਾਰੀ ਨੂੰ ਲੈ ਕੇ ਹਾਂ ਪੱਖੀ ਖਬਰਾਂ ਵੀ ਆ ਰਹੀਆਂ ਹਨ। ਅਮਰੀਕਾ ਦੇ 50 ਰਾਜਾਂ ਵਿਚੋਂ 49 ਵਿਚ ਕੋਵਿਡ ਦੇ ਰੋਜ਼ਾਨਾ ਮਾਮਲੇ ਘਟ ਰਹੇ ਹਨ ਤੇ ਮੱਧ ਜਨਵਰੀ ਤੋਂ ਲੈ ਕੇ ਹੁਣ ਤੱਕ ਦੇਸ਼ ਵਿਚ ਤਕਰੀਬਨ 5 ਲੱਖ ਮਾਮਲੇ ਘਟੇ ਹਨ। ਹਾਲਾਂ ਕਿ ਕੁਝ ਮਾਹਿਰਾਂ ਨੇ ਆਸ ਪ੍ਰਗਟਾਈ ਹੈ ਕਿ ਮਹਾਮਾਰੀ ਦਾ ਬੁਰਾ ਦੌਰਾ ਖਤਮ ਹੋ ਗਿਆ ਹੈ ਪਰੰਤੂ ਕੁਝ ਦਾ ਕਹਿਣਾ ਹੈ ਕਿ ਇਹ ਰਾਹਤ ਥੋਹੜ ਚਿਰੀ ਹੋ ਸਕਦੀ ਹੈ ਕਿਉਂਕਿ ਘਟੋ ਘਟ 35 ਰਾਜਾਂ ਵਿਚ ਮੌਤਾਂ ਦੀ ਗਿਣਤੀ ਅਜੇ ਵੀ ਵਧ ਰਹੀ ਹੈ। ''ਯੁਨੀਵਰਸਿਟੀ ਆਫ ਸਾਊਥ ਕੈਰੋਲੀਨਾ ਅਰਨੌਲਡ ਸਕੂਲ ਆਫ ਪਬਲਿਕ ਹੈਲਥ'' ਵਿਖੇ ਐਪੀਡੇਮਿਆਲੋਜੀ ਤੇ ਬਾਇਓਸਟੈਟਿਸਟਿਕਸ ਵਜੋਂ ਕੰਮ ਕਰ ਰਹੇ ਅਸਿਸਟੈਂਟ ਪ੍ਰੋਫੈਸਰ ਮੇਲਿਸਾ ਨੋਲਨ ਨੇ ਕਿਹਾ ਹੈ ਕਿ ਇਕ ਹੋਰ ਕੋਵਿਡ ਲਹਿਰ ਆਉਣੀ ਤੈਅ ਹੈ। ਉਨਾਂ ਕਿਹਾ ਹੈ ਕਿ ਮੌਜੂਦਾ ਵੈਕਸੀਨ ਤੇ ਬੂਸਟਰ ਖੁਰਾਕਾਂ ਓਮੀਕਰੋਨ ਵਾਇਰਸ ਵਿਰੁੱਧ ਕੰਮ ਕਰ ਰਹੀਆਂ ਪਰੰਤੂ ਇਨਾਂ ਵੈਕਸੀਨਾਂ ਦੇ ਭਵਿੱਖ ਦੇ ਵਾਇਰਸ ਵਿਰੁੱਧ ਕਾਰਗਰ ਹੋਣ ਦੀ ਸੰਭਾਵਨਾ ਘਟ ਹੈ। ਇਸ ਦੌਰਾਨ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਹਰ ਹਾਲਤ ਵਿਚ ਵੈਕਸੀਨ ਲਗਵਾਉਣ ਉਪਰ ਜੋਰ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੈਕਸੀਨ ਹੀ ਗੰਭੀਰ ਬਿਮਾਰੀ ਤੋਂ ਬਚਣ ਦਾ ਇਕੋ ਇਕ ਤਰੀਕਾ ਹੈ। ਡਾਕਟਰ ਮੈਥੀਊ ਹੀਨਜ਼ ਟਸਕਨ, ਐਰੀਜ਼ੋਨਾ ਨੇ ਜੋਰ ਦੇ ਕੇ ਕਿਹਾ ਹੈ ਕਿ ਹਰ ਕੋਈ ਵੈਕਸੀਨ ਲਗਵਾਏ ਤੇ ਉਹ ਆਪਣੇ ਸਕੇ ਸਬੰਧੀਆਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਤ ਕਰੇ।
Comments (0)