ਕਾਬੁਲ ਵਿਚਲੇ ਅਮਰੀਕੀ ਸਫਾਰਤਖਾਨੇ ਨੂੰ ਸੰਵੇਦਣਸ਼ੀਲ ਦਸਤਾਵੇਜ ਨਸ਼ਟ ਕਰਨ ਦੇ ਆਦੇਸ਼ 

ਕਾਬੁਲ ਵਿਚਲੇ ਅਮਰੀਕੀ ਸਫਾਰਤਖਾਨੇ ਨੂੰ ਸੰਵੇਦਣਸ਼ੀਲ ਦਸਤਾਵੇਜ ਨਸ਼ਟ ਕਰਨ ਦੇ ਆਦੇਸ਼ 
ਕੈਪਸ਼ਨ : ਕਾਬੁਲ ਸਥਿੱਤ ਅਮਰੀਕੀ ਦੂਤ ਘਰ ਦੀ ਛੱਤ ਉਪਰ ਲਹਿਰਾ ਰਿਹਾ ਅਮਰੀਕੀ ਝੰਡਾ

 ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਾਬੁਲ ਵਿਚਲੇ ਅਮਰੀਕੀ ਦੂਤਘਰ ਨੂੰ ਸਾਰੇ ਸੰਵੇਦਣਸ਼ੀਲ ਦਸਤਾਵੇਜ ਤੇ ਹੋਰ ਅਜਿਹੀ ਸਮੱਗਰੀ ਨਸ਼ਟ ਕਰਨ ਦੇ ਆਦੇਸ਼ ਦਿੱਤੇ ਹਨ ਜਿਸ ਨੂੰ ਉਸ ਵਿਰੁੱਧ ਪ੍ਰਚਾਰ ਲਈ ਵਰਤਿਆ ਜਾ ਸਕਦਾ ਹੋਵੇ। ਇਹ ਨਿਰਦੇਸ਼ ਤਾਲਿਬਾਨ ਵੱਲੋਂ ਅਫਗਾਨਿਸਤਾਨ ਸਰਕਾਰ ਦਾ ਤਖਤਾ ਪਲਟ ਦੇਣ ਦੀ ਸੰਭਾਵਨਾ ਦਰਮਿਆਨ ਦਿੱਤੇ ਗਏ ਹਨ। ਇਸ ਤੋਂ ਇਕ ਦਿਨ ਪਹਿਲਾਂ ਪੈਂਟਾਗਨ ਨੇ ਅਮਰੀਕੀ ਦੂਤ ਘਰ ਵਿਚੋਂ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸੁਰੱਖਿਅਤ ਕੱਢ ਕੇ ਲਿਆਉਣ ਵਾਸਤੇ 3000 ਜਵਾਨ ਕਾਬੁਲ ਭੇਜਣ ਦਾ ਐਲਾਨ ਕੀਤਾ ਸੀ। ਅਮਰੀਕੀ ਵਿਦੇਸ਼ ਵਿਭਾਗ ਦੇ ਮੁੱਖ ਬੁਲਾਰੇ ਨੈਡ ਪਰਾਈਸ ਨੇ ਕਿਹਾ ਹੈ ਕਿ ''ਮੈ ਇਕ ਗੱਲ ਸਪੱਸ਼ਟ ਕਰ ਦੇਣੀ ਚਹੁੰਦਾ ਹਾਂ ਕਿ ਕਾਬੁਲ ਵਿਚ  ਸਾਡਾ ਦੂਤ ਘਰ ਖੁਲਾ ਰਹੇਗਾ ਤੇ ਸਾਡੀ ਯੋਜਨਾ ਅਫਗਾਨਿਸਤਾਨ ਵਿਚ ਕੂਟਨੀਤਿਕ ਕੰਮ ਜਾਰੀ ਰਖਣ ਦੀ ਹੈ।'' ਇਕ ਜਾਣਕਾਰੀ ਅਨੁਸਾਰ ਹੁਣ ਕਾਬੁਲ ਵਿਚ ਕੇਵਲ ਪ੍ਰਮੁੱਖ ਕੂਟਨੀਤਿਕ ਅਧਿਕਾਰੀ ਰਹਿ ਜਾਵੇਗਾ ਤੇ ਬਾਕੀ ਸਾਰਾ ਸਟਾਫ ਕੱਢ ਲਿਆ ਜਾਵੇਗਾ। ਵਿਦੇਸ਼ ਵਿਭਾਗ ਨੇ ਦਿੱਤੇ ਨਿਰਦੇਸ਼ਾਂ ਵਿਚ ਕਿਹਾ ਹੈ ਕਿ ਦੂਤ ਘਰ ਛੱਡਣ ਤੋਂ ਪਹਿਲਾਂ ਕੰਪਿਊਟਰ ਤੇ ਹੋਰ ਅਜਿਹੇ ਦਸਤਾਵੇਜਾਂ ਦੇ ਨਾਲ ਉਹ ਵਸਤਾਂ ਜਿਨਾਂ ਉਪਰ ਅਮਰੀਕੀ ਝੰਡਾ, ਦੂਤ ਘਰ ਦਾ ਲੋਗੋ ਜਾਂ ਹੋਰ ਸਮਾਨ ਜਿਸ ਦੀ ਗਲਤ ਵਰਤੋਂ ਹੋ ਸਕਦੀ ਹੋਵੇ, ਨੂੰ ਨਸ਼ਟ ਕਰ ਦਿੱਤਾ ਜਾਵੇ। ਇਕ ਅਧਿਕਾਰੀ ਨੇ ਕਿਹਾ ਹੈ ਕਿ ਇਹ ਆਦੇਸ਼ ਉਸ ਦੇ ਮਾਪਦੰਡ ਪ੍ਰਕ੍ਰਿਆ ਦਾ ਹਿੱਸਾ ਹੈ। ਇਸ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਉਪਰ ਦਸਿਆ ਕਿ ਵਿਸ਼ਵ ਭਰ ਵਿਚ ਇਹ ਮਾਪਦੰਡ ਪ੍ਰਕ੍ਰਿਆ ਹੀ ਅਪਣਾਈ ਜਾਂਦੀ ਹੈ। ਅਮਰੀਕੀ ਫੌਜ ਦਾ ਅਨੁਮਾਨ ਹੈ ਕਿ ਕਾਬੁਲ 30 ਦਿਨਾਂ ਵਿਚ ਤਾਲਿਬਾਨ ਦੇ ਕਬਜੇ ਵਿਚ ਆ ਸਕਦਾ ਹੈ ਤੇ ਬਾਕੀ ਦੇਸ਼ ਉਪਰ ਉਹ ਕੁਝ ਮਹੀਨਿਆਂ ਦੌਰਾਨ ਕਾਬਜ਼ ਹੋ ਸਕਦੇ ਹਨ। ਅਫਗਾਨਿਸਤਾਨ ਦੇ ਉੱਤਰ ਤੇ ਪੱਛਮੀ ਖੇਤਰ ਦੇ ਜਿਆਦਾਤਰ ਹਿੱਸੇ ਉਪਰ ਉਹ ਪਹਿਲਾਂ ਹੀ ਕਬਜ਼ਾ ਕਰ ਚੁੱਕੇ ਹਨ।