ਫੈਡਿਕਸ ਦੇ ਸਟੋਰ ਵਿਚ 4 ਸਿੱਖਾਂ ਸਮੇਤ 8 ਲੋਕਾਂ ਦੀ ਹੱਤਿਆ ਪਿੱਛੇ ਨਸਲੀ ਨਫਰਤ ਨਹੀਂ ਸੀ

ਫੈਡਿਕਸ ਦੇ ਸਟੋਰ ਵਿਚ 4 ਸਿੱਖਾਂ ਸਮੇਤ 8 ਲੋਕਾਂ ਦੀ ਹੱਤਿਆ ਪਿੱਛੇ ਨਸਲੀ ਨਫਰਤ ਨਹੀਂ ਸੀ
ਕੈਪਸ਼ਨ : ਇੰਡਿਆਨਾਪੋਲਿਸ ਵਿਚ ਸਿੱਖ ਭਾਈਚਾਰੇ ਦੇ ਮੈਂਬਰ ਫੈਡਿਕਸ ਗੋਲੀਬਾਰੀ ਵਿਚ ਮਾਰੇ ਗਏ ਵਿਅਕਤੀਆਂ ਦੀ ਯਾਦ ਵਿੱਚ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ। 

* ਪੁਲਿਸ ਵੱਲੋਂ ਇੰਕਸ਼ਾਫ * ਦੋਸ਼ੀ ਮਾਨਸਿਕ ਰੋਗੀ ਸੀ ਤੇ ਉਹ ਆਤਮ ਹੱਤਿਆ ਕਰਨਾ ਚਹੁੰਦਾ ਸੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਇਸ ਸਾਲ 18 ਅਪ੍ਰੈਲ ਨੂੰ ਇੰਡਿਆਨਾਪੋਲਿਸ ਵਿਚ ਫੈਡਿਕਸ ਸਟੋਰ ਵਿਚ ਕੰਪਨੀ ਦੇ ਇਕ ਸਾਬਕਾ ਮੁਲਾਜ਼ਮ ਵੱਲੋਂ ਗੋਲੀਆਂ ਚਲਾ ਕੇ 4 ਸਿੱਖਾਂ ਸਮੇਤ 8 ਵਿਅਕਤੀਆਂ ਦੀ ਹੱਤਿਆ ਕਰਨ ਪਿਛੇ ਨਸਲੀ ਨਫਰਤ ਵਾਲੀ ਕੋਈ ਗੱਲ ਨਹੀਂ ਸੀ। ਇਹ ਇੰਕਸ਼ਾਫ ਪੁਲਿਸ ਅਧਿਕਾਰੀਆਂ ਨੇ ਕੀਤਾ ਹੈ। ਇੰਡਿਆਨਾਪੋਲਿਸ ਪੁਲਿਸ ਤੇ ਸੰਘੀ ਅਧਿਕਾਰੀਆਂ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 19 ਸਾਲਾ ਬਰੈਂਡਨ ਸਕਾਟ ਹੋਲ ਇਕੱਲਾ ਹੀ ਹਮਲਾਵਰ ਸੀ ਤੇ ਉਸ ਨੇ ਇਹ ਗੋਲੀਬਾਰੀ 'ਖੁਦਕਸ਼ੀ-ਕਤਲ' ਮਾਨਸਿਕਤਾ ਨਾਲ ਕੀਤੀ। ਅਧਿਕਾਰੀਆਂ ਅਨੁਸਾਰ ਉਹ ਮਰਨਾ ਚਹੰਦਾ ਸੀ ਤੇ ਇਸ ਦੇ ਨਾਲ ਹੀ ਆਪਣੀ ਮਰਦਾਨਗੀ ਤੇ ਤਾਕਤ ਵਿਖਾਉਣਾ ਚਹੁੰਦਾ ਸੀ। ਉਸ ਨੇ ਆਪਣੀ ਅੰਤਿਮ ਇੱਛਾ ਦੀ ਪੂਰਤੀ ਲਈ ਲੋਕਾਂ ਨੂੰ ਮਾਰਿਆ। ਪੁਲਿਸ ਅਨੁਸਾਰ ਇਸ ਘਟਨਾ ਵਿਚ ਫੈਡਿਕਸ ਵਿਚ ਕੰਮ ਕਰਦੇ 8 ਮੁਲਾਜ਼ਮ ਮਾਰੇ ਗਏ ਸਨ ਤੇ 5 ਜ਼ਖਮੀ ਹੋਏ ਸਨ। ਐਫ ਬੀ ਆਈ ਦੇ ਇੰਡਿਆਨਾਪੋਲਿਸ ਫੀਲਡ ਦਫਤਰ ਵਿਚ ਇੰਚਾਰਜ ਵਜੋਂ ਤਾਇਨਾਤ  ਪੌਲ ਕੀਨਨ ਨੇ ਕਿਹਾ ਕਿ ਦੋਸ਼ੀ ਨੇ ਗੋਲੀਬਾਰੀ ਲਈ ਫੈਡਿਕਸ  ਇਮਾਰਤ ਨੂੰ ਇਸ ਵਾਸਤੇ ਚੁਣਿਆ ਕਿਉਂਕਿ ਉਹ ਇਸ ਇਮਾਰਤ ਤੋਂ ਵਾਕਿਫ ਸੀ ਤੇ ਉਸ ਦਾ ਵਿਸ਼ਵਾਸ਼ ਸੀ ਕਿ ਉਹ ਇਸ ਇਮਾਰਤ ਵਿਚ ਵਧ ਤੋਂ ਵਧ ਲੋਕਾਂ ਨੂੰ ਮਾਰ ਸਕਦਾ ਹੈ।  ਕੀਨਨ ਨੇ ਕਿਹਾ ਕਿ ਦੋਸ਼ੀ ਦੇ ਮੰਨ ਵਿਚ ਆਤਮ ਹੱਤਿਆ ਕਰਨ ਦਾ ਵਿਚਾਰ ਸੀ। ਉਹ ਮਾਨਸਿਕ ਤੌਰ 'ਤੇ ਬਿਮਾਰ ਸੀ ਤੇ ਉਸ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਕ ਤੋਂ ਵਧ ਵਾਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੀਨਨ ਅਨੁਸਾਰ  ਹੋਲ ਨੇ ਗੋਲੀਬਾਰੀ ਵਿਚ ਵਰਤੀਆਂ ਦੋ ਰਾਈਫਲਾਂ ਜਾਇਜ਼ ਢੰਗ ਤਰੀਕੇ ਨਾਲ ਖਰੀਦੀਆਂ ਸਨ ਤੇ ਉਸ ਦੀ ਮਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਉਸ ਦਾ ਪੁੱਤਰ ਕਿਸੇ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਇਥੇ ਜਿਕਰਯੋਗ ਹੈ ਕਿ ਸਿੱਖ ਭਾਈਚਾਰੇ ਵੱਲੋਂ ਲਾਅ ਇਨਫੋਰਸਮੈਂਟ ਏਜੰਸੀਆਂ ਉਪਰ ਨਿਰੰਤਰ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਹੱਤਿਆਵਾਂ ਪਿੱਛੇ ਹਮਲਾਵਰ ਦੇ ਮਕਸਦ ਨੂੰ ਸਪੱਸ਼ਟ ਕਰਨ।