ਰਾਸ਼ਟਰਪਤੀ ਬਾਈਡਨ ਵੱਲੋਂ ਐਲਾਨੀ ਯਜੋਨਾ ਤਹਿਤ ਵਿਦਿਆਰਥੀ ਦੀ ਕਰਜ਼ਾ ਮੁਆਫੀ ਦੀ ਪ੍ਰਕ੍ਰਿਆ ਸ਼ੁਰੂ

ਰਾਸ਼ਟਰਪਤੀ ਬਾਈਡਨ ਵੱਲੋਂ ਐਲਾਨੀ ਯਜੋਨਾ ਤਹਿਤ ਵਿਦਿਆਰਥੀ ਦੀ ਕਰਜ਼ਾ ਮੁਆਫੀ ਦੀ ਪ੍ਰਕ੍ਰਿਆ ਸ਼ੁਰੂ

 ਆਨ ਲਾਈਨ ਦੇ ਸਕਦੇ ਹਨ ਦਰਖਾਸਤ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 18 ਅਕਤੂਬਰ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਈਡਨ ਦੁਆਰਾ ਵਿਦਿਆਰਥੀਆਂ ਦੀ ਯਕਮੁੱਸ਼ਤ ਕਰਜਾ ਮੁਆਫੀ ਦੇ ਐਲਾਨੇ ਪ੍ਰੋਗਰਾਮ ਤਹਿਤ ਕਰਜ਼ਾ ਮੁਆਫੀ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ। ਵਿਦਿਆਰਥੀ ਇਸ ਯੋਜਨਾ ਦਾ ਲਾਹਾ ਲੈਣ ਲਈ ਆਨ ਲਾਈਨ ਫਾਰਮ ਭਰ ਸਕਦੇ ਹਨ। ਇਸ ਯੋਜਨਾ ਦੀ ਸ਼ੁਰੂਆਤ ਉਪਰੰਤ ਵਿਦਿਆਰਥੀਆਂ ਨੇ ਭਾਰੀ ਦਿਲਚਸਪੀ ਲਈ ਹੈ ਤੇ ਹੁਣ ਤੱਕ 80 ਲੱਖ ਦਰਖਾਸਤਾਂ ਆਨ ਲਾਈਨ ਭਰੀਆਂ ਜਾ ਚੁੱਕੀਆਂ ਹਨ। 7 ਕੰਜ਼ਰਵੇਟਿਵ ਰਾਜ ਸਰਕਾਰਾਂ ਸਮੇਤ ਅਨੇਕਾਂ ਹੋਰਨਾਂ ਧਿਰਾਂ ਵੱਲੋਂ ਦਰਪੇਸ਼ ਕਾਨੂੰਨੀ ਚੁਣੌਤੀਆਂ ਦੇ ਬਾਵਜੂਦ ਸੰਘੀ ਸਰਕਾਰ ਨੂੰ ਵਿਸ਼ਵਾਸ਼ ਹੈ ਕਿ ਉਹ ਵਿਦਿਆਰਥੀਆਂ  ਦੀ ਕਰਜ਼ਾ ਮੁਆਫੀ ਦਾ ਆਪਣਾ ਵਾਅਦਾ ਪੂਰਾ ਕਰੇਗੀ। ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ 80 ਲੱਖ ਦਰਖਾਸਤਾਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਪ੍ਰਾਪਤ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਸਾਡੀ ਯੋਜਨਾ 'ਆਰਥਕ ਜਿੰਮੇਵਾਰੀ' ਵਾਲੀ ਹੈ। ਇਸ ਯੋਜਨਾ ਤਹਿਤ ਵਿਦਿਆਰਥੀ 10000 ਡਾਲਰ ਜਾਂ 20000 ਡਾਲਰ ਤੱਕ ਦੀ ਕਰਜ਼ਾ ਰਾਹਤ ਲੈਣ ਦੇ ਯੋਗ ਹਨ। ਇਹ ਕਰਜ਼ਾ ਮੁਆਫੀ ਵਿਦਿਆਰਥੀਆਂ ਦੀ ਆਮਦਨ ਉਪਰ ਨਿਰਭਰ ਕਰੇਗੀ। ਕਾਲਜਾਂ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਗਈ ਰਾਹਤ ਵੱਖਰੀ ਹੈ। ਉਸ ਦਾ ਕਰਜ਼ਾ ਮੁਆਫੀ ਯੋਜਨਾ ਨਾਲ  ਕੋਈ ਸਰੋਕਾਰ ਨਹੀਂ ਹੈ। ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਜਿਨਾਂ ਵਿਦਿਆਰਥੀਆਂ ਨੇ ਇਸ ਮਹੀਨੇ ਦਰਖਾਸਤਾਂ ਦਿੱਤੀਆਂ ਹਨ ਜਾਂ ਦੇਣਗੇ , ਉਨਾਂ ਨੂੰ ਬਹੁਤ ਛੇਤੀ ਰਾਹਤ ਮਿਲੇਗੀ। ਨਵੰਬਰ ਮਹੀਨੇ ਵਿਚ ਉਨਾਂ ਨੂੰ ਕਰਜਾ ਮੁਕਤ ਕਰ ਦਿੱਤਾ ਜਾਵੇਗਾ। ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਉਹ 15 ਨਵੰਬਰ ਤੱਕ ਦਰਖਾਸਤਾਂ ਦੇ ਦੇਣ। ਦਰਖਾਸਤ ਦੇਣ ਲਈ ਵਿਦਿਆਰਥੀਆਂ ਨੂੰ ਆਪਣਾ ਸੋਸਲ ਸਕਿਉਰਿਟੀ ਨੰਬਰ ਤੇ ਜਨਮ ਤਰੀਕ ਦਸਣੀ ਪਵੇਗੀ। ਸਵੈ ਪੁਸ਼ਟੀ ਕਰਨੀ ਪਵੇਗੀ ਕਿ ਉਨਾਂ ਦੀ ਸਲਾਨਾ ਆਮਦਨੀ 1,25,000 ਡਾਲਰ ਤੇ ਜੇਕਰ ਜੋੜਾ ਹੋ ਤਾਂ 2,50,000 ਡਾਲਰ ਤੋਂ ਘੱਟ ਹੈ। ਦਰਖਾਸਤ ਕਰਤਾਵਾਂ ਨੂੰ ਆਪਣੀ ਆਮਦਨੀ ਦਾ ਸਬੂਤ ਦਸਣਾ ਪਵੇਗਾ। ਜੋ ਲੋਕ ਝੂਠੀ ਜਾਣਕਾਰੀ ਦੇਣਗੇ ਜਾਂ ਧੋਖਾ ਦੇ ਕੇ ਰਾਹਤ ਲੈਣ ਦੀ ਕੋਸ਼ਿਸ਼ ਕਰਨਗੇ, ਨੂੰ ਜੁਰਮਾਨਾ ਹੋ ਸਕਦਾ ਹੈ ਜਾਂ ਜੇਲ ਜਾਣਾ ਪੈ ਸਕਦਾ ਹੈ। ਦਰਖਾਸਤਾਂ ਅੰਗਰੇਜੀ ਤੇ ਸਪੈਨਿਸ਼ ਭਾਸ਼ਾ ਵਿਚ ਆਨ ਲਾਈਨ ਉਪਲਬੱਧ ਹਨ।