ਅਮਰੀਕਾ ਦੇ ਮਿਸੀਸਿੱਪੀ ਰਾਜ ਦੀ ਰਾਜਧਾਨੀ ਜੈਕਸਨ ਵਾਸੀਆਂ ਨੇ ਪ੍ਰਸ਼ਾਸਨ, ਮੇਅਰ ਤੇ ਹੋਰਨਾਂ ਵਿਰੁੱਧ ਦਾਇਰ ਕੀਤੀ ਪਟੀਸ਼ਨ

ਅਮਰੀਕਾ ਦੇ ਮਿਸੀਸਿੱਪੀ ਰਾਜ ਦੀ ਰਾਜਧਾਨੀ ਜੈਕਸਨ ਵਾਸੀਆਂ ਨੇ ਪ੍ਰਸ਼ਾਸਨ, ਮੇਅਰ ਤੇ ਹੋਰਨਾਂ ਵਿਰੁੱਧ ਦਾਇਰ ਕੀਤੀ ਪਟੀਸ਼ਨ

ਸਾਫ ਪੀਣਾ ਵਾਲਾ ਪਾਣੀ ਨਾ ਮਿਲਣ ਦਾ ਮਾਮਲਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 24 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਮਿਸੀਸਿੱਪੀ ਰਾਜ ਦੀ ਰਾਜਧਾਨੀ ਜੈਕਸਨ ਵਾਸੀਆਂ ਨੇ ਸ਼ਹਿਰ ਵਿਚ ਸਾਫ ਪੀਣ ਵਾਲੇ ਪਾਣੀ ਦੇ ਮੁੱਦੇ 'ਤੇ ਪ੍ਰਸ਼ਾਸਨ , ਮੇਅਰ, ਸਾਬਕਾ ਮੇਅਰ ਤੇ ਅਨੇਕਾਂ ਹੋਰ ਅਧਿਕਾਰੀਆਂ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। 99 ਸਫਿਆਂ ਦੀ ਇਸ ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਸਾਫ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦਿੱਤਾ ਜਾਵੇ। ਸਮੁੱਚੇ ਵਾਸੀਆਂ ਦੀ ਤਰਫੋਂ 4 ਵਿਅਕਤੀਆਂ ਦੁਆਰਾ ਦਾਇਰ ਕੀਤੀ ਇਸ 'ਕਲਾਸ ਐਕਸ਼ਨ ਲਾਅਸੂਟ' ਵਿਚ ਮੰਗ ਕੀਤੀ ਗਈ ਹੈ ਕਿ ਪਾਣੀ ਦੇ ਬਿੱਲ ਰੱਦ ਕੀਤੇ ਜਾਣ ਜਾਂ ਨਾ ਲਏ ਜਾਣ, ਸ਼ਹਿਰ ਵਿਚ ਪਾਣੀ ਦੇ ਨਮੂਨਿਆਂ ਦੀ ਪਰਖ ਨਿਰੰਤਰ ਕੀਤੀ ਜਾਵੇ, ਕਮਿਊਨਿਟੀ ਹੈਲਥ ਸਿਸਟਮ ਬਣਾਇਆ ਜਾਵੇ ਤੇ ਅਸੁਰੱਖਿਅਤ ਪਾਣੀ ਪੀਣ ਕਾਰਨ ਮਨੁੱਖੀ ਸਰੀਰ ਵਿਚ ਪੈਦਾ ਹੋਏ ਰੋਗਾਂ ਦੀ ਜਾਂਚ ਲਈ ਮੈਡੀਕਲ ਟੈਸਟ ਵਿਵਸਥਾ ਕਾਇਮ ਕੀਤੀ ਜਾਵੇ। ਪਿਛਲੇ ਮਹੀਨੇ ਆਏ ਹੜ ਕਾਰਨ ਸ਼ਹਿਰ ਦਾ ਮੁੱਖ ਵਾਟਰ ਟਰੀਟਮੈਂਟ ਪਲਾਂਟ ਨੁਕਸਾਨਿਆ ਗਿਆ ਸੀ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਸਾਫ ਪੀਣ ਵਾਲਾ ਪਾਣੀ ਮਿਲਣਾ ਬੰਦ ਹੋ ਗਿਆ ਸੀ। ਖਾਣਾ ਪਕਾਉਣ ਤੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਪਾਣੀ ਲੈਣ ਲਈ ਲੋਕਾਂ ਨੂੰ ਕਈ ਘੰਟਿਆਂ ਤੱਕ ਕਤਾਰਾਂ ਵਿਚ ਲੱਗਣਾ ਪਿਆ। ਜੈਕਸਨ ਸ਼ਹਿਰ ਦੀ ਪਾਣੀ ਦੀ ਸਮੱਸਿਆ ਨਵੀਂ ਨਹੀਂ ਹੈ। 2020 ਦੇ ਸ਼ੁਰੂ ਵਿਚ ਇਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਸਿੱਟਾ ਕੱਢਿਆ ਸੀ ਕਿ ਪਾਣੀ ਵਿਚ ਖਤਰਨਾਕ ਕਿਟਾਣੂ ਜਾਂ ਪਰਜੀਵ ਹਨ। ਪਿਛਲੇ ਸਾਲ ਵੀ ਫਰਵਰੀ ਵਿਚ ਆਏ ਬਰਫੀਲੇ ਤੂਫਾਨ ਕਾਰਨ ਪਾਣੀ ਵਾਲੀਆਂ ਪਾਈਪਾਂ ਜੰਮ ਗਈਆਂ ਸਨ ਜਾਂ ਟੁੱਟ ਗਈਆਂ ਸਨ ਜਿਸ ਕਾਰਨ  ਇਕ ਮਹੀਨਾ ਸ਼ਹਿਰ ਵਾਸੀਆਂ ਨੂੰ ਸਾਫ ਪੀਣ ਵਾਲਾ ਪਾਣੀ ਨਹੀਂ ਮਿਲ ਸਕਿਆ ਸੀ ਤੇ ਲੋਕ ਉਬਾਲ ਕੇ   ਪਾਣੀ ਪੀਣ ਲਈ ਮਜਬੂਰ ਹੋਏ ਸਨ। ਦਾਇਰ ਪਟੀਸ਼ਨ ਵਿਚ ਹੋਰ ਕਿਹਾ ਗਿਆ ਹੈ ਕਿ ਜੈਕਸਨ ਸ਼ਹਿਰ ਨੂੰ ਦਹਾਕਿਆਂ ਤੋਂ ਅਖੋਂ ਪਰੋਖੇ ਕੀਤਾ ਗਿਆ ਹੈ। ਸ਼ਹਿਰ ਦੀ ਕੁਲ ਆਬਾਦੀ ਡੇਢ ਲੱਖ ਹੈ ਜਿਸ ਵਿਚ 82.5% ਲੋਕ ਕਾਲੇ ਹਨ ਤੇ 24% ਤੋਂ ਵਧ ਆਬਾਦੀ ਗਰੀਬੀ ਦਾ ਸੰਤਾਪ ਹੰਢਾ ਰਹੀ ਹੈ।