ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਨਫਰਤੀ ਅਪਰਾਧ ਦੇ ਮਾਮਲੇ ਵਿਚ ਪਹਿਲਾਂ ਹੀ ਉਮਰ ਕੈਦ ਕੱਟ ਰਹੇ ਪਿਓ-ਪੁਤਰ ਤੇ ਗੁਵਾਂਢੀ ਨੂੰ ਸੁਣਾਈ ਸਖਤ ਸਜ਼ਾ

ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਨਫਰਤੀ ਅਪਰਾਧ ਦੇ ਮਾਮਲੇ ਵਿਚ ਪਹਿਲਾਂ ਹੀ ਉਮਰ ਕੈਦ ਕੱਟ ਰਹੇ ਪਿਓ-ਪੁਤਰ ਤੇ ਗੁਵਾਂਢੀ ਨੂੰ ਸੁਣਾਈ ਸਖਤ ਸਜ਼ਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 9 ਅਗਸਤ (ਹੁਸਨ ਲੜੋਆ ਬੰਗਾ)- ਇਕ ਸੰਘੀ ਅਦਾਲਤ ਨੇ ਅਹਮੌਡ ਆਰਬਰੀ ਨਾਮੀ ਸਿਆਹਫਿਆਮ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕਟ ਰਹੇ ਪਿਓ-ਪੁਤਰ ਤੇ ਉਨਾਂ ਦੇ ਗਵਾਂਢੀ ਨੂੰ ਨਫਰਤੀ ਅਪਰਾਧ ਦੇ ਦੋਸ਼ਾਂ ਤਹਿਤ ਉਮਰ ਭਰ ਲਈ ਜੇਲ ਵਿਚ ਬੰਦ ਰਖਣ ਦਾ ਆਦੇਸ਼ ਦਿੱਤਾ  ਹੈ। ਟਰਾਵਿਸ ਮੈਕੀਸ਼ੈਲ ਜਿਸ ਨੇ ਆਰਬਰੀ ਦੇ ਗੋਲੀ ਮਾਰੀ ਸੀ, ਨੂੰ ਉਮਰ ਕੈਦ ਤੇ 10 ਸਾਲ ਦੀ ਸਜ਼ਾ, ਉਸ ਦੇ ਪਿਤਾ ਜਾਰਜੀ ਜਿਸ ਨੇ ਨਫਰਤੀ ਅਪਰਾਧ ਦੀ ਸ਼ੁਰੂਆਤ ਕੀਤੀ ਸੀ ,ਨੂੰ ਉਮਰ ਭਰ ਲਈ ਜੇਲ ਤੇ 7 ਸਾਲ ਹੋਰ ਸਜ਼ਾ ਸੁਣਾਈ ਹੈ। ਉਨਾਂ ਦੇ ਗਵਾਂਢੀ ਵਿਲੀਅਮ ਰੋਡੀ ਬਰਾਇਨ ਜਿਸ ਨੇ ਹੱਤਿਆ ਦੀ ਵੀਡੀਓ ਬਣਾਈ ਸੀ, ਨੂੰ 35 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਜੱਜ ਨੇ ਦੋਸ਼ੀਆਂ ਦੀ ਸੰਘੀ ਜੇਲ ਵਿਚ ਸਜ਼ਾ ਕੱਟਣ ਲਈ ਕੀਤੀ ਗਈ ਬੇਨਤੀ ਰੱਦ ਕਰ ਦਿੱਤੀ।

''ਹਾਲਾਂ ਕਿ ਦੋਸ਼ੀ ਪਹਿਲਾਂ ਹੀ ਉਮਰ ਕੈਦ ਕੱਟ ਰਹੇ ਹਨ ਪਰੰਤੂ ਸੰਘੀ ਅਦਾਲਤ ਦਾ ਨਿਰਨਾ ਨਿਆਂ ਵਿਭਾਗ ਦੇ ਮਨੁੱਖੀ ਹੱਕਾਂ ਬਾਰੇ ਵਿੰਗ ਤੇ ਸੰਘੀ ਨਿਆਂ ਪ੍ਰਣਾਲੀ ਲਈ ਬਹੁਤ ਅਹਿਮ ਹੈ। '' ਸੰਘੀ ਅਦਾਲਤ ਦੇ ਫੈਸਲੇ ਉਪਰ ਇਹ ਪ੍ਰਤੀਕਰਮ ਪ੍ਰਗਟ ਕਰਦਿਆਂ ਕੇਸ ਵੈਸਟਰਨ ਰਿਜਰਵ ਯੁਨੀਵਰਸਿਟੀ ਸਕੂਲ ਆਫ ਲਾਅ ਦੀ ਐਸੋਸੀਏਟ ਪ੍ਰੋਫੈਸਰ ਤੇ ਸਕੂਲ ਦੀ ਸਮਾਜਿਕ ਨਿਆਂ ਸੰਸਥਾ ਦੀ ਸਹਿ ਡਾਇਰੈਕਟਰ ਅਈਸ਼ਾ ਬੈਲ ਹਾਰਡਵੇਅਜ ਨੇ ਕਿਹਾ ਹੈ ਕਿ ' ਇਸ ਫੈਸਲੇ ਨੇ ਅਮਰੀਕਾ ਦੇ ਬਦਨਾਮ ਇਤਹਾਸ ਨੂੰ ਰੱਦ ਕਰ ਦਿੱਤਾ ਹੈ ਜਦੋਂ ਜਨਤਿਕ ਹੱਤਿਆਵਾਂ ਦੀ ਖੁਸ਼ੀ ਮਨਾਈ ਜਾਂਦੀ ਸੀ।'