ਅਮਰੀਕਾ ਦੇ ਮਿਨੇਸੋਟਾ ਰਾਜ ਵਿਚ ਮਾਂ ਨੇ 3 ਬੱਚਿਆਂ ਨੂੰ ਡਬੋਕੇ ਮਾਰਨ ਉਪਰੰਤ ਖੁਦ ਵੀ ਮਾਰੀ ਛਾਲ

ਅਮਰੀਕਾ ਦੇ ਮਿਨੇਸੋਟਾ ਰਾਜ ਵਿਚ ਮਾਂ ਨੇ 3 ਬੱਚਿਆਂ ਨੂੰ ਡਬੋਕੇ ਮਾਰਨ ਉਪਰੰਤ ਖੁਦ ਵੀ ਮਾਰੀ ਛਾਲ
ਕੈਪਸ਼ਨ: ਨਹਿਰ ਵਿਚੋਂ ਲਾਸ਼ਾਂ ਲੱਭਦੀ ਹੋਈ ਪੁਲਿਸ ਦੀ ਟੀਮ

* ਪਤੀ ਵੱਲੋਂ ਖੁਦਕੁੱਸ਼ੀ ਕਰਨ ਉਪਰੰਤ 23 ਸਾਲਾ ਮਾਂ ਨੇ ਚੁੱਕਿਆ ਸਿਰੇ ਦਾ ਆਤਮਘਾਤੀ ਕਦਮ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 9 ਜੁਲਾਈ (ਹੁਸਨ ਲੜੋਆ ਬੰਗਾ)  ਅਮਰੀਕਾ ਦੇ ਮਿਨੇਸੋਟਾ ਰਾਜ ਵਿਚ ਇਕ ਬਹੁਤ ਹੀ ਦਿਲ ਨੂੰ ਦਹਿਲਾ ਦੇਣ ਵਾਲੀ ਵਾਪਰੀ ਘਟਨਾ ਵਿਚ ਪਤੀ  ਵੱਲੋਂ ਖੁਦਕੁੱਸ਼ੀ ਕਰ ਲੈਣ ਉਪਰੰਤ ਉਸ ਦੀ ਪਤਨੀ ਆਪਣੇ ਆਪ ਨੂੰ ਸੰਭਾਲ ਨਾ ਸਕੀ ਤੇ ਪਹਿਲਾਂ ਉਸ ਨੇ ਆਪਣੇ ਤਿੰਨ ਬੱਚਿਆਂ ਨੂੰ ਮਿਨੇਸੋਟਾ ਦੀ ਵੈਡਨਾਇਸ ਨਹਿਰ ਵਿਚ ਡਬੋਕੇ ਮਾਰਨ ਉਪਰੰਤ ਖੁਦ ਵੀ ਨਹਿਰ ਵਿਚ ਛਾਲ ਮਾਰ ਕੇ ਖੁਦਕੁੱਸ਼ੀ ਕਰ ਲਈ। ਇਨਾਂ ਸਾਰਿਆਂ ਦੀਆਂ ਲਾਸ਼ਾਂ ਪੁਲਿਸ ਨੇ ਬਰਾਮਦ ਕਰ ਲਈਆਂ ਹਨ। 23 ਸਾਲਾ ਪਤਨੀ ਦੀ ਪਛਾਣ ਮੋਲੀ ਚੇਂਗ ਵਜੋਂ ਹੋਈ ਹੈ। ਰਾਮਸੇ ਕਾਊਂਟੀ ਦੇ ਸ਼ੈਰਿਫ ਦਫਤਰ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ 27 ਸਾਲਾ ਯੀ ਲੀ ਵੱਲੋਂ ਆਪਣੇ ਆਪ ਨੂੰ ਬੰਦੂਕ ਨਾਲ ਗੋਲੀ ਮਾਰਕੇ ਖੁਦਕੁੱਸ਼ੀ ਕਰ ਲੈਣ ਉਪਰੰਤ ਪੁਲਿਸ ਨੇ ਚੇਂਗ ਤੇ ਉਸ ਦੇ 3 ਬੱਚਿਆਂ ਦੀ ਸਹਾਇਤਾ ਲਈ ਸਮਾਜ ਸੇਵੀਆਂ ਦੀਆਂ ਸੇਵਾਵਾਂ ਲਈਆਂ ਸਨ। ਉਸੇ ਦਿਨ ਚੇਂਗ ਦੇ ਕਿਸੇ ਰਿਸ਼ਤੇਦਾਰ ਨੇ ਪੁਲਿਸ ਨੂੰ ਫੋਨ ਕੀਤਾ ਕਿ ਉਹ ਆਪਣੇ ਬੱਚਿਆਂ ਸਮੇਤ ਖੁਦਕੁੱਸ਼ੀ ਕਰਨ ਲਈ ਜਾ ਰਹੀ ਹੈ। ਮੈਪਲਵੁੱਡ ਪੁਲਿਸ ਨੂੰ ਚੇਂਗ ਦਾ ਸੈਲ ਫੋਨ  ਸੇਂਟ ਪਾਲ ਦੇ ਉਤਰ ਵਿਚ ਵੈਡਨਾਇਸ ਪਹਾੜੀ ਖੇਤਰ ਦੇ ਲੇਕ ਪਾਰਕ ਵਿਚੋਂ ਬਰਾਮਦ ਹੋਇਆ। ਉਸ ਦੀ ਕਾਰ ਪਾਰਕਿੰਗ ਖੇਤਰ ਵਿਚ ਖੜੀ ਮਿਲੀ। ਬੱਚਿਆਂ ਦੇ ਬੂਟ , ਕਾਰ ਦੀ ਚਾਬੀ ਤੇ ਹੋਰ ਸਮਾਨ ਨਹਿਰ ਦੇ ਕੰਢੇ 'ਤੇ ਖਿਲਰਿਆ ਪਿਆ ਸੀ। ਪੁਲਿਸ ਨੇ ਤੁਰੰਤ ਨਹਿਰ ਵਿਚੋਂ ਲਾਸ਼ਾਂ ਲੱਭਣ ਦਾ ਕੰਮ ਸ਼ੁਰੂ ਕੀਤਾ ਤੇ ਚੇਂਗ ਸਮੇਤ 3 ਬੱਚਿਆਂ ਦੀਆਂ ਲਾਸ਼ਾਂ ਨਹਿਰ ਵਿਚੋਂ ਕੱਢ ਲਈਆਂ। ਬੱਚਿਆਂ ਦੀ ਉਮਰ 3,4 ਤੇ 5ਸਾਲ ਦੀ ਸੀ। ਡਾਕਟਰੀ ਜਾਂਚ ਵਿਚ ਇਨਾਂ ਸਾਰਿਆਂ ਦੀ ਮੌਤ ਪਾਣੀ ਵਿਚ ਡੁੱਬਣ ਕਾਰਨ ਹੋਣ ਦੀ ਪੁਸ਼ਟੀ ਹੋਈ ਹੈ। ਇਸ ਘਟਨਾ ਕਾਰਨ ਸਬੰਧਤ ਖੇਤਰ ਵਿਚ ਲੋਕ ਸਦਮੇ ਵਿਚ ਹਨ। ਰਾਮਸੇ ਕਾਊਂਟੀ ਦੇ ਅੰਡਰਸ਼ੈਰਿਫ ਮਾਈ ਮਾਰਟਨ ਨੇ ਇਕ ਬਿਆਨ ਵਿਚ ਇਸ ਹਿਰਦੇਵੇਦਕ ਘਟਨਾ ਉਪਰ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਇਸ ਮੁਸੀਬਤ ਦੀ ਘੜੀ ਵਿਚ ਭਾਈਚਾਰੇ ਦੇ ਨਾਲ ਹਨ। ਉਨਾਂ ਕਿਹਾ ਹੈ ਕਿ ਸ਼ੈਰਿਫ ਦਫਤਰ ਘਟਨਾ ਤੇ ਪੈਦਾ ਹੋਏ ਹਾਲਾਤ ਦੀ ਜਾਂਚ ਲਈ ਪੀੜਤ ਪਰਿਵਾਰ ਦੇ ਬਾਕੀ ਜੀਆਂ ਦੇ ਸੰਪਰਕ ਵਿਚ ਹੈ ਤਾਂ ਜੋ ਸਮੁੱਚੀ ਘਟਨਾ ਦੀ ਪੂਰੀ ਸਚਾਈ ਸਾਹਮਣੇ ਆ ਸਕੇ।